ਤਹੱਵੁਰ ਰਾਣਾ ਨੂੰ ਦਿੱਲੀ ਲਿਆਂਦਾ; ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ

ਤਹੱਵੁਰ ਰਾਣਾ ਨੂੰ ਦਿੱਲੀ ਲਿਆਂਦਾ; ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ

ਨਵੀਂ ਦਿੱਲੀ, 10 ਅਪਰੈਲ : 26/11 ਮੁੰਬਈ ਹਮਲੇ ਦੇ ਸਾਜ਼ਿਸ਼ਘਾੜਿਆਂ ਵਿਚੋਂ ਇਕ ਤਹੱਵੁਰ ਰਾਣਾ ਦਿੱਲੀ ਪਹੁੰਚ ਗਿਆ ਹੈ। ਭਾਰਤ ਦੀਆਂ ਵੱਖ ਵੱਖ ਏਜੰਸੀਆਂ ਦੀ ਇਕ ਟੀਮ ਤਹੱਵੁਰ ਰਾਣਾ ਨੂੰ ਲੈ ਕੇ ਬੁੱਧਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਈਆਂ ਸਨ। ਇਹ ਵਿਸ਼ੇਸ਼ ਉਡਾਣ ਬਾਅਦ ਦੁਪਹਿਰ 2:39 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ’ਤੇ ਲੈਂਡ ਕੀਤੀ ਹੈ। ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਜੇਲ੍ਹ ਵਿਚਲੇ ਸੂਤਰਾਂ ਨੇ ਕੀਤਾ ਹੈ। ਸੂਤਰਾਂ ਮੁਤਾਬਕ ਜੇਲ੍ਹ ਵਿਚ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਣਾ ਖਿਲਾਫ਼ ਕੇਸ ਦੀ ਪੈਰਵੀ ਲਈ ਨਰੇਂਦਰ ਮਾਨ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਉਧਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਣਾ ਨੂੰ ਇਸ ਕੋਰਟ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕੋਰਟ ਦੇ ਬਾਹਰ ਨੀਮ ਫੌਜੀ ਬਲਾਂ ਤੇ ਦਿੱਲੀ ਪੁਲੀਸ ਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੋਰਟ ਵਿਚ ਆਉਣ ਵਾਲੇ ਲੋਕਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਜੱਜ ਵੱਲੋਂ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ।

You must be logged in to post a comment Login