ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਮੁਖ ਮੰਤਰੀ ਦੀ ਚੰਗੀ ਪਹਿਲ

ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਮੁਖ ਮੰਤਰੀ ਦੀ ਚੰਗੀ ਪਹਿਲ
ਪ੍ਰੋ. ਕੁਲਬੀਰ ਸਿੰਘ
Mob. : 9417153513

ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਸਬੰਧੀ ਮੈਨੂੰ ਅਕਸਰ ਲੋਕਾਂ ਦੇ ਫ਼ੋਨ ਆਉਂਦੇ ਰਹਿੰਦੇ ਹਨ। ਦੁਨੀਆਂਭਰ ਵਿਚ ਵਸੇ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਇਹ ਪ੍ਰਸਾਰਨ ਵੇਖਣ ਨੂੰ ਮਿਲੇ। ਇਕ ਹੀ ਚੈਨਲ ਕੋਲ ਪ੍ਰਸਾਰਨ ਅਧਿਕਾਰ ਹੋਣ ਕਾਰਨ ਸ਼ਰਧਾਲੂ ਦਰਸ਼ਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਕੋਲ ਚੈਨਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਪ੍ਰਸਾਰਨ ਸਬੰਧੀ ਹੋਏ ਸਮਝੌਤੇ ਦੀ ਕਾਪੀ ਮੌਜੂਦ ਹੈ। ਉਸ ਵਿਚ ਸਮੇਂ-ਸਮੇਂ ਅਦਲ-ਬਦਲ ਵੀ ਕੀਤਾ ਜਾਂਦਾ ਰਿਹਾ ਹੈ। ਉਸ ਸਮਝੌਤੇ ਨੂੰ ਆਧਾਰ ਬਣਾ ਕੇ ਮੈਂ ਇਸ ਕਾਲਮ ਤਹਿਤ ਪਹਿਲਾਂ ਵੀ ਕਈ ਵਾਰ ਸਿੱਧੇ ਪ੍ਰਸਾਰਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਸਬੰਧੀ ਲਿਖ ਚੁੱਕਾ ਹਾਂ।

ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਅਪੀਲ ਨਾਲ ਇਹ ਮੁੱਦਾ ਮੁੜ ਸੁਰਖੀਆਂ ਵਿਚ ਆ ਗਿਆ ਹੈ। ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਪ੍ਰਸਾਰਨ ਦੀ ਨਵੀਨਤਮ ਤਕਨੀਕ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸਰਬ ਸਾਂਝੀ ਗੁਰਬਾਣੀ ਦਾ ਸੰਦੇਸ਼ ਪੂਰੀ ਦੁਨੀਆਂ ਤੱਕ ਪਹੁੰਚਾਇਆ ਜਾ ਸਕੇਗਾ। ਪੰਜਾਬ ਸਰਕਾਰ ਇਸਤੇ ਆਉਣ ਵਾਲਾ ਸਾਰਾ ਖ਼ਰਚਾ ਕਰਨ ਲਈ ਤਿਆਰ ਹੈ। ਵੱਖ-ਵੱਖ ਤਕਨੀਕਾਂ ਵਰਤ ਕੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਤਕਨੀਕੀ ਸਹੂਲਤਾਂ ਮੁਹੱਈਆ ਕਰਨ ਲਈ ਵੀ ਪੰਜਾਬ ਸਰਕਾਰ ਤਿਆਰ ਹੈ। ਅਜਿਹਾ ਕਰਨਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਅਜਿਹੀ ਪੇਸ਼ਕਸ਼ ਕਰਕੇ ਇਕ ਚੰਗੀ ਪਹਿਲ ਕੀਤੀ ਗਈ ਹੈ। ਖ਼ਬਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ ਹੈ ਅਤੇ ਕਿਹਾ ਹੈ ਕਿ ਨਿੱਜੀ ਚੈਨਲ ਦੇ ਵਿਵਾਦਾਂ ਵਿਚ ਘਿਰਨ ਉਪਰੰਤ ਗੁਰਬਾਣੀ ਪ੍ਰਸਾਰਨ ਸਬੰਧੀ ਪਹਿਲਾਂ ਹੀ ਵਿਚਾਰ-ਵਿਟਾਂਦਰਾ ਚਲ ਰਿਹਾ ਹੈ ਅਤੇ ਇਕ 7 ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਮੀਦ ਹੈ ਆਉਣ ਵਾਲੇ ਦਿਨਾਂ ਦੌਰਾਨ ਕੋਈ ਫੈਸਲਾ ਸਾਹਮਣੇ ਆ ਸਕਦਾ ਹੈ।  ਵੱਖ-ਵੱਖ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਦੁਆਰਾ ਸ਼੍ਰੋਮਣੀ ਕਮੇਟੀ ʼਤੇ ਪਹਿਲਾਂ ਹੀ ਦਬਾਅ ਪਾਇਆ ਜਾ ਰਿਹਾ ਹੈ। ਹੁਣ ਮੁੱਖ ਮੰਤਰੀ ਦੀ ਉਪਰੋਕਤ ਪੇਸ਼ਕਸ਼ ਨਾਲ ਇਹ ਦਬਾਅ ਹੋਰ ਵੱਧ ਗਿਆ ਹੈ। ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਪਣਾ ਚੈਨਲ ਸ਼ੁਰੂ ਕਰਨ ਲਈ ਲੰਮੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਜਦ ਫੈਸਲਾ ਹੋ ਗਿਆ ਤਾਂ ਉਹ ਲੰਮੀ ਪ੍ਰਕਿਰਿਆ ਵੀ ਪੂਰੀ ਕਰ ਲਈ ਜਾਵੇਗੀ। 15 ਸਤੰਬਰ 2000 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਈ.ਟੀ.ਸੀ ਪੰਜਾਬੀ ਚੈਨਲ ਦੇ ਪ੍ਰਤੀਨਿਧ ਜਗਜੀਤ ਸਿੰਘ ਕੋਹਲੀ ਦਰਮਿਆਨ ਗੋਲਡਨ ਟੈਂਪਲ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਲਿਖਤੀ ਸਮਝੌਤਾ ਹੋਇਆ ਸੀ। ਸਮਾਂ ਪਾ ਕੇ ਚੈਨਲ ਈ.ਟੀ.ਸੀ. ਤੋਂ ਪੀ.ਟੀ.ਸੀ. ਬਣ ਗਿਆ ਅਤੇ ਸਮਝੌਤੇ ਨੂੰ ਵੀ ਨਵਆਇਆ ਗਿਆ। ਅੱਜ ਸਮੇਂ ਦੀ ਲੋੜ ਨੂੰ ਮੱਦੇ-ਨਜ਼ਰ ਰੱਖਦਿਆਂ ਚਾਹੀਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਸਿਗਨਲ ਮੁਹੱਈਆ ਕਰੇ ਅਤੇ ਜਿਹੜਾ ਚੈਨਲ ਵਿਖਾਉਣਾ ਚਾਹੁੰਦਾ ਹੈ ਵਿਖਾਵੇ। ਇੰਟਰਨੈਟ ਰਾਹੀਂ ਵੀ ਸਿੱਧਾ ਪ੍ਰਸਾਰਨ ਹੋਣਾ ਚਾਹੀਦਾ ਹੈ ਤਾਂ ਜੋ ਦੁਨੀਆਂਭਰ ਵਿਚ ਚਾਹਵਾਨ ਲੋਕ ਕੰਪਿਊਟਰ ʼਤੇ ਵੇਖ ਸਕਣ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਆਰੰਭ ਕਰਨਾ ਚਾਹੀਦਾ ਹੈ ਅਤੇ ਪੂਰੀ ਦੁਨੀਆਂ ਵਿਚ ਉਸਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਓਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਨਵਾਂ ਟੈਲੀਵਿਜ਼ਨ ਚੈਨਲ ਸਥਾਪਿਤ ਕਰਨ ਲਈ 200 ਕਰੋੜ ਰੁਪਏ ਦੀ ਲੋੜ ਹੁੰਦੀ ਹੈ। ਜੇਕਰ ਅਕਾਲ ਤਖ਼ਤ ਦਾ ਹੁਕਮ ਹੋਵੇਗਾ ਤਾਂ ਇਸ ਦਿਸ਼ਾ ਵਿਚ ਅੱਗੇ ਵਧਿਆ ਜਾਵੇਗਾ।

ਦਰਅਸਲ ਇਹ ਮੁੱਦਾ ˈਫ੍ਰੀ ਟੂ ਏਅਰˈ ਨਾਲ ਵੀ ਜੁੜਿਆ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿਚ ਇਕ ਵੱਡਾ ਵਰਗ ਅਜਿਹਾ ਹੈ ਜਿਨ੍ਹਾਂ ਨੇ ਮਹੀਨਾਵਾਰ ਫੀਸਾਂ ਵਾਲੇ ਡੀ ਟੀ ਐਚ ਨਹੀਂ ਲਗਵਾਏ। ਉਨ੍ਹਾਂ ਨੇ ਦੂਰਦਰਸ਼ਨ ਦੀਆਂ ˈਫ੍ਰੀ ਟੂ ਏਅਰˈ ਡੀ ਟੀ ਐਚ ਸੇਵਾਵਾਂ ਲਈਆਂ ਹੋਈਆਂ ਹਨ। ਇਹਦੇ ਲਈ ਇਕ ਵਾਰ ਡੀ ਟੀ ਐਚ ਐਨਟੀਨਾ ਖਰੀਦਣ ʼਤੇ ਹੀ ਖਰਚਾ ਕਰਨਾ ਪੈਂਦਾ ਹੈ। ਉਸਤੋਂ ਬਾਅਦ ਕਦੇ ਵੀ ਕੋਈ ਮਹੀਨਾਵਾਰ ਪੈਸਾ ਨਹੀਂ ਦੇਣਾ ਪੈਂਦਾ। ਅਜਿਹੇ ਦਰਸ਼ਕਾਂ ਦੀ ਮੰਗ ਰਹਿੰਦੀ ਹੈ ਕਿ ਉਨ੍ਹਾਂ ਨੂੰ ˈਫ੍ਰੀ ਟੂ ਏਅਰˈ ਡਿਸ਼ ਰਾਹੀਂ ਹੀ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਵੇਖਣ ਨੂੰ ਮਿਲੇ। ਅਜਿਹਾ ਤਦ ਹੀ ਸੰਭਵ ਹੈ ਜੇ ਸ਼੍ਰੋਮਣੀ ਕਮੇਟੀ ਸਿਗਨਲ ਮੁਹੱਈਆ ਕਰੇ ਅਤੇ ਡੀ.ਡੀ. ਪੰਜਾਬੀ ਉਸਦਾ ਪ੍ਰਸਾਰਨ ਕਰੇ। ਡੀ.ਡੀ. ਪੰਜਾਬੀ ਕਿਉਂਕਿ ਕੇਂਦਰ ਸਰਕਾਰ ਦੇ ਅਧੀਨ ਹੈ, ਇਸ ਲਈ ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਕੇਂਦਰ ਸਰਕਾਰ ਇਸਦੀ ਮਨਜ਼ੂਰੀ ਦੇਵੇ। ਤਾਜ਼ਾ ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਜਲਦੀ ਸਥਾਪਤ ਕਰਨ ਦੇ ਆਦੇਸ਼ ਦਿੱਤੇ ਹਨ। ਓਧਰ ਪੰਜਾਬ ਟੂਡੇ ਦੇ ਮਾਲਕ ਜੇ.ਕੇ. ਜੈਨ ਨੇ ਸਿੱਧਾ ਪ੍ਰਸਾਰਨ ਕਰਨ ਦੀ ਇੱਛਾ ਜਤਾਈ ਹੈ।

ਵਿੱਲ ਸਮਿੱਥ ਨੂੰ ਗੁੱਸਾ ਕਿਉਂ ਆਇਆ?

ਦੁਨੀਆਂ ਵਿਚ ਚਾਰੇ ਪਾਸੇ ਆਸਕਰ ਸਮਾਰੋਹ ਵਿਚ ਵੱਜੇ ਥੱਪੜ ਦੀ ਗੂੰਜ ਹੈ। ਥੱਪੜ ਵਾਲਾ ਘਟਨਾਕ੍ਰਮ ਸਹਿਜ ਭਾਅ ਵੀ ਹੋ ਸਕਦਾ ਹੈ ਅਤੇ ਯੋਜਨਾਬਧ ਵੀ। ਪਹਿਲਾ ਆਸਕਰ ਸਮਾਰੋਹ 16 ਮਈ 1929 ਨੂੰ ਹੋਇਆ। ਇਸਨੇ ਹੁਣ ਤੱਕ ਕਈ ਰੰਗ ਵੇਖੇ। ਦੁਨੀਆਂ ਦੇ ਕਰੋੜਾਂ ਲੋਕ ਇਸਨੂੰ ਟੈਲੀਵਿਜ਼ਨ ʼਤੇ ਵੇਖਦੇ ਹਨ ਪਰ ਕੁਝ ਸਾਲਾਂ ਤੋਂ ਇਸਦੀ ਸ਼ੁਹਰਤ, ਇਸਦੀ ਚਰਚਾ ਘੱਟ ਗਈ ਸੀ। ਥੱਪੜ ਨੇ ਇਸਦੀ ਸ਼ੁਹਰਤ, ਇਸਦੀ ਚਰਚਾ ਮੁੜ ਬੁਲੰਦੀਆਂ ʼਤੇ ਪਹੁੰਚਾ ਦਿੱਤੀ ਹੈ। ਸਮਾਰੋਹ ਵਿਚ ਮਿਲੇ ਪੁਰਸਕਾਰਾਂ ਦੀ ਗੱਲ ਘੱਟ ਹੋ ਰਹੀ ਹੈ, ਥੱਪੜ ਦੀ ਗੂੰਜ ਚਾਰੇ ਪਾਸੇ ਸੁਣਾਈ ਦੇ ਰਹੀ ਹੈ। ਹਰ ਕੋਈ ਸਮਾਰੋਹ ਦਾ ਉਹ ਹਿੱਸਾ ਵੇਖਣ ਲਈ ਉਤਾਵਲਾ ਹੈ।

2021 ਵਿਚ ਇਸਨੂੰ ਕੇਵਲ ਇਕ ਕਰੋੜ ਲੋਕਾਂ ਨੇ ਟੈਲੀਵਿਜ਼ਨ ʼਤੇ ਵੇਖਿਆ ਸੀ। ਹਾਲਾਂ ਕਿ ਕੋਵਿਡ ਦੌਰਾਨ ਲੋਕ ਘਰਾਂ ਵਿਚ ਰਹਿੰਦੇ ਰਹੇ, ਸੋ ਇਹ ਗਿਣਤੀ ਵਧਣੀ ਚਾਹੀਦੀ ਸੀ। ਕੋਵਿਡ ਤੋਂ ਪਹਿਲਾਂ ਦਰਸ਼ਕਾਂ ਦੀ ਗਿਣਤੀ ਪੰਜ ਕਰੋੜ ਪੰਜਾਹ ਲੱਖ ਤੱਕ ਪਹੁੰਚ ਗਈ ਸੀ।

ਦੁਨੀਆਂ ਦੇ ਬਿਹਤਰੀਨ ਅਦਾਕਾਰ ਵਿੱਲ ਸਮਿੱਥ ਨੂੰ ਗੁੱਸਾ ਕਿਉਂ ਆਇਆ? ਉਸਨੇ ਆਪਣੀ ਕੁਰਸੀ ਤੋਂ ਉੱਠ ਕੇ, ਸਟੇਜ ʼਤੇ ਪਹੁੰਚ ਕੇ, ਐਂਕਰ ਕ੍ਰਿਸ ਰਾਕ ਦੇ ਥੱਪੜ ਕਿਉਂ ਮਾਰਿਆ? ਹਰ ਕੋਈ ਇਹ ਜਾਨਣ ਲਈ ਉਤਸੁਕ ਹੈ। ਦਰਅਸਲ ਸੰਚਾਲਕ ਕ੍ਰਿਸ ਰਾਕ ਨੇ ਸਾਹਮਣੇ ਬੈਠੀ ਵਿੱਲ ਸਮਿੱਥ ਦੀ ਪਤਨੀ ਦੇ ਵਾਲਾਂ ʼਤੇ ਟਿੱਪਣੀ ਕਰਦਿਆਂ ਉਸਦਾ ਮਜ਼ਾਕ ਉਡਾਇਆ। ਬੱਸ ਇਹੀ ਉਸਨੂੰ ਮਹਿੰਗਾ ਪੈ ਗਿਆ। ਵਿੱਲ ਸਮਿੱਥ ਮਲਕੜੇ ਜਿਹੇ ਕੁਰਸੀ ਤੋਂ ਉਠਿਆ, ਸਟੇਜ ʼਤੇ ਪਹੁੰਚਿਆ ਤੇ ਖਿੱਚ ਕੇ ਥੱਪੜ ਜੜ ਦਿੱਤਾ।

You must be logged in to post a comment Login