ਦਿੱਲੀ: ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਪਾਣੀ ਭਰਨ ਨਾਲ 3 ਵਿਦਿਆਰਥੀਆਂ ਦੀ ਮੌਤ

ਦਿੱਲੀ: ਕੋਚਿੰਗ ਸੈਂਟਰ ਦੀ ਬੇਸਮੈਂਟ ’ਚ ਪਾਣੀ ਭਰਨ ਨਾਲ 3 ਵਿਦਿਆਰਥੀਆਂ ਦੀ ਮੌਤ

ਨਵੀਂ ਦਿੱਲੀ, 28 ਜੁਲਾਈ- ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਵਿਚ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚੋੋਂ ਦੋ ਮਹਿਲਾਵਾਂ ਸਣੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਸਿਵਲ ਸਰਵਸਿਜ਼ (ਯੂਪੀਐੱਸਸੀ) ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀਆਂ ਦੱਸੀਆਂ ਜਾਂਦੀਆਂ ਹਨ। ਉਧਰ ਸਾਥੀ ਵਿਦਿਆਰਥੀਆਂ ਦੀ ਮੌਤ ਦੇ ਰੋਸ ਵਜੋਂ ਕੋਚਿੰਗ ਸੈਂਟਰ ਦੇ ਬਾਹਰ ਇਕੱਤਰ ਹੋਏ ਵਿਦਿਆਰਥੀਆਂ ਨੇ ਨਾਕਸ ਪ੍ਰਬੰਧਾਂ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਉਧਰ ਇਸ ਘਟਨਾ ਮਗਰੋਂ ਦਿੱਲੀ ਦੀ ‘ਆਪ’ ਸਰਕਾਰ ਤੇ ਭਾਜਪਾ ਆਗੂਆਂ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ।ਦੱਸ ਦੇਈਏ ਕਿ ਸ਼ਨਿੱਚਰਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ਵਿਚ ਪਏ ਮੀਂਹ ਮਗਰੋਂ ਬੇਸਮੈਂਟ ਵਿਚ ਅਚਾਨਕ ਪਾਣੀ ਭਰ ਗਿਆ ਸੀ। ਇਹ ਤਿੰਨੋਂ ਵਿਦਿਆਰਥੀ ਬੇਸਮੈਂਟ ਵਿਚ ਫਸ ਗਏ ਸਨ। ਦਿੱਲੀ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਮੰਦਭਾਗੀ ਘਟਨਾ ਪੁਰਾਣੇ ਰਾਜਿੰਦਰ ਨਗਰ ਦੇ ਇਕ ਕੋਚਿੰਗ ਸੈਂਟਰ ਦੀ ਹੈ। ਤਲਾਸ਼ੀ ਤੇ ਰਾਹਤ ਕਾਰਜਾਂ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।’’ ਪੋਸਟ ਵਿਚ ਅੱਗੇ ਕਿਹਾ ਗਿਆ ਕਿ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਦਿੱਲੀ ਫਾਇਰ ਸਰਵਸਿਜ਼ ਨੂੰ ਸ਼ਨਿੱਚਰਵਾਰ ਰਾਤੀਂ 7 ਵਜੇ ਦੇ ਕਰੀਬ ਰਾਓ’ਜ਼ ਆਈਏਐੱਸ ਸਟੱਡੀ ਸੈਂਟਰ ਵਿਚ ਪਾਣੀ ਭਰਨ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਪੰਜ ਫਾਇਰ ਇੰਜਣਾਂ ਦੀ ਮਦਦ ਨਾਲ ਰਾਹਤ ਕਾਰਜ ਵਿੱਢੇ ਗਏ ਸਨ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਜੇ ਪਿਛਲੇ ਦਿਨੀਂ ਪੱਛਮੀ ਦਿੱਲੀ ਦੇ ਪਟੇਲ ਨਗਰ ਵਿਚ ਪਾਣੀ ਨਾਲ ਭਰੀ ਸੜਕ ਤੋਂ ਲੰਘਦਿਆਂ ਕਰੰਟ ਲੱਗਣ ਨਾਲ ਯੂਪੀਐੱਸਸੀ ਦੀ ਤਿਆਰੀ ਕਰ ਰਹੇ ਵਿਅਕਤੀ ਦੀ ਮੌਤ ਹੋ ਗਈ ਸੀ।

You must be logged in to post a comment Login