ਨਿਊ ਯਾਰਕ, 11 ਅਪਰੈਲ : ਨਿਊਯਾਰਕ ਵਿਚ ਸੈਰ-ਸਪਾਟੇ ਵਿਚ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਦੇ ਵੀਰਵਾਰ ਨੂੰ ਉਡਾਨ ਦੌਰਾਨ ਹਵਾ ਵਿਚ ਦੋ ਟੋਟੇ ਹੋ ਗਏ ਤੇ ਹਡਸਨ ਨਦੀ ਵਿਚ ਜਾ ਡਿੱਗਾ। ਹਾਦਸੇ ਵਿਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੇਨ ਦੇ ਪੰਜ ਸੈਲਾਨੀਆਂ ਦੀ ਮੌਤ ਹੋ ਗਈ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਮ੍ਰਿਤਕਾਂ ਵਿਚ ਪਾਇਲਟ ਤੋਂ ਇਲਾਵਾ ਉੱਘੀ ਕੰਪਨੀ ਸੀਮਨਸ ਦੇ ਕਾਰਜਕਾਰੀ ਅਧਿਕਾਰੀ ਅਸਗਸਟੀਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਮੋਂਟਾਲ ਤੇ ਤਿੰਨ ਬੱਚੇ ਸ਼ਾਮਲ ਹਨ।ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾਰੀ ਤਸਵੀਰਾਂ ਵਿਚ ਦੰਪਤੀ ਤੇ ਉਨ੍ਹਾਂ ਦੇ ਬੱਚੇ ਹੈਲੀਕਾਪਟਰ ਵਿਚ ਸਵਾਰ ਹੋਣ ਮੌਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਲਾਸ਼ਾਂ ਪਾਣੀ ਵਿਚੋਂ ਕੱਢਿ ਲਈਆਂ ਹਨ।
ਇਕ ਪ੍ਰਤੱਖਦਰਸ਼ੀ ਬਰੂਸ ਵਾਲ ਨੇ ਦੱਸਿਆ ਕਿ ਉਸ ਨੇ ਹੈਲੀਕਾਪਟਰ ਨੂੰ ਹਵਾ ਵਿਚ ਟੁੱਟ ਕੇ ਦੋਫਾੜ ਹੁੰਦਾ ਦੇਖਿਆ, ਜਿਸ ਵਿਚ ‘ਟੇਲ’ ਤੇ ‘ਪ੍ਰੋਪੈਲਰ’ ਵੱਖ ਹੋ ਗਏ। ਨਿਊ ਜਰਸੀ ਦੇ ਹੋਬੋਕੇਨ ਵਿਚ ਨਦੀ ਕੰਢੇ ਇਕ ਰੇਸਤਰਾਂ ਚਲਾਉਣ ਵਾਲੀ ਲੇਸਲੀ ਕੈਮਾਚੋ ਨੇ ਦੱਸਿਆ ਕਿ ਹੈਲੀਕਾਪਟਰ ਬੇਕਾਬੂ ਹੋ ਕੇ ਘੁੰਮ ਰਿਹਾ ਸੀ ਤੇ ਪਾਣੀ ਵਿਚ ਡਿੱਗਣ ਤੋਂ ਪਹਿਲਾਂ ਇਸ ਵਿਚੋਂ ਧੂੰਆਂ ਨਿਕਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਦਾ ਸੰਚਾਲਨ ‘ਨਿਊਯਾਰਕ ਹੈਲੀਕਾਪਟਰਜ਼’ ਕਰਦਾ ਹੈ। ਨਿਊਯਾਰਕ ਤੇ ਨਿਊ ਜਰਸੀ ਵਿਚ ਕੰਪਨੀ ਦੇ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਥੋਂ ਕੋਈ ਜਵਾਬ ਨਹੀਂ ਮਿਲਿਆ। ਕੰਪਨੀ ਦੇ ਮਾਲਿਕ ਮਾਈਕਲ ਰੋਥ ਨੇ ‘ਨਿਊਯਾਰਕ ਪੋਸਟ’ ਨੂੰ ਦੱਸਿਆ ਕਿ ਉਹ ਬੇਹੱਦ ਦੁਖੀ ਹਨ ਤੇ ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੈ ਕਿ ਹਾਦਸਾ ਕਿਉਂ ਹੋਇਆ। ਸੰਘੀ ਏਵੀਏਸ਼ਨ ਪ੍ਰਸ਼ਾਸਨ ਨੇ ਹੈਲੀਕਾਪਟਰ ਦੀ ਪਛਾਣ ‘ਬੈਲ 206’ ਵਜੋਂ ਕੀਤੀ ਹੈ। ਇਸ ਮਾਡਲ ਦਾ ਹੈਲੀਕਾਪਟਰ ਵਪਾਰਕ ਤੇ ਸਰਕਾਰੀ ਤੌਰ ’ਤੇ ਵਿਆਪਕ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੈਰ ਸਪਾਟਾ ਕੰਪਨੀਆਂ, ਟੀਵੀ ਚੈਨਲ ਤੇ ਪੁਲੀਸ ਬਲ ਵੀ ਇਸ ਮਾਡਲ ਦੇ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਹਨ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਕਿਹਾ ਕਿ ਉਹ ਇਸ ਹਾਦਸੇ ਦੀ ਜਾਂਚ ਕਰੇਗਾ।
You must be logged in to post a comment Login