ਨੂਪੁਰ ਸ਼ਰਮਾ ਪੂਰੇ ਦੇਸ਼ ਤੋਂ ਮੁਆਫ਼ੀ ਮੰਗੇ: ਸੁਪਰੀਮ ਕੋਰਟ

ਨੂਪੁਰ ਸ਼ਰਮਾ ਪੂਰੇ ਦੇਸ਼ ਤੋਂ ਮੁਆਫ਼ੀ ਮੰਗੇ: ਸੁਪਰੀਮ ਕੋਰਟ

ਨਵੀਂ ਦਿੱਲੀ, 2 ਜੁਲਾਈ- ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਮੁਅੱਤਲਸ਼ੁਦਾ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਝਾੜ-ਝੰਬ ਕਰਦਿਆਂ ਅੱਜ ਕਿਹਾ ਕਿ ਉਸ ਦੀ ‘ਬੇਲਗਾਮ ਜ਼ੁਬਾਨ’ ਨੇ ‘ਪੂਰੇ ਦੇਸ਼ ਨੂੰ ਅੱਗ ਵਿੱਚ ਧੱਕ ਦਿੱਤਾ ਹੈ।’ ਸੁਪਰੀਮ ਕੋਰਟ ਨੇ ਕਿਹਾ ਕਿ ‘ਦੇਸ਼ ਵਿੱਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ਼ ਤੇ ਸਿਰਫ਼ ਉਹੀ ਜ਼ਿੰਮੇਵਾਰ ਹੈ।’ ਸੁਪਰੀਮ ਕੋਰਟ ਨੇ ਇਨ੍ਹਾਂ ਵਿਵਾਦਿਤ ਟਿੱਪਣੀਆਂ ਲਈ ਉਸ ਖਿਲਾਫ਼ ਵੱਖ ਵੱਖ ਰਾਜਾਂ ਵਿੱਚ ਦਰਜ ਐੱਫਆਈਆਰ’ਜ਼ ਨੂੰ ਇਕੱਠਿਆਂ ਕਰਨ ਦੀ ਸ਼ਰਮਾ ਦੀ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਹਾਲਾਂਕਿ ਸ਼ਰਮਾ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਬੈਂਚ ਨੇ ਕਿਹਾ ਕਿ ਨੂਪੁਰ ਵੱਲੋਂ ਕੀਤੀਆਂ ਟਿੱਪਣੀਆਂ ਸਸਤੀ ਸ਼ੌਹਰਤ, ਸਿਆਸੀ ੲੇਜੰਡੇ ਜਾਂ ਫਿਰ ਨਾਪਾਕ ਸਰਗਰਮੀਆਂ ਲਈ ਕੀਤੀਆਂ ਹੋ ਸਕਦੀਆਂ ਹਨ। ਬੈਂਚ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੇ ਬੈਂਚ ਨੇ ਕਿਹਾ, ‘‘ਅਸਲ ਵਿੱਚ ਉਸ (ਨੂਪੁਰ ਸ਼ਰਮਾ) ਦੀ ਜ਼ੁਬਾਨ ਬੇਲਗਾਮ ਹੈ ਤੇ ਉਸ ਨੇ ਟੈਲੀਵਿਜ਼ਨ ’ਤੇ ਹਰ ਤਰ੍ਹਾਂ ਦੇ ਗੈਰਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ ਤੇ ਪੂਰੇ ਦੇਸ਼ ਨੂੰ ਅੱਗ ਵਿੱਚ ਝੋਕ ਦਿੱਤਾ ਹੈ। ਇਸ ਦੇ ਬਾਵਜੂਦ ਉਹ ਦਾਅਵਾ ਕਰਦੀ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਵਕੀਲ ਹੈ…ਉਸ ਨੂੰ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਫੌਰੀ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਸ਼ਰਮਾ ਵੱਲੋਂ ਇਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਕੇ ਨਾ ਸਿਰਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ ਬਲਕਿ ਕਈ ਖਾੜੀ ਮੁਲਕਾਂ ਨੇ ਵੀ ਇਨ੍ਹਾਂ ਟਿੱਪਣੀਆਂ ਲਈ ਭਾਰਤ ਦੀ ਤਿੱਖੀ ਨੁਕਤਾਚੀਨੀ ਕੀਤੀ। ਇਸ ਮਗਰੋਂ ਭਾਜਪਾ ਨੇ ਸ਼ਰਮਾ ਨੂੰ ਪਾਰਟੀ ’ਚੋਂ ਹੀ ਮੁਅੱਤਲ ਕਰ ਦਿੱਤਾ।

You must be logged in to post a comment Login