ਪਹਿਲਗਾਮ ਹਮਲੇ ਤੇ ਜੰਗ ਵਿਰੁੱਧ ਮੁਜ਼ਾਹਰਾ

ਪਹਿਲਗਾਮ ਹਮਲੇ ਤੇ ਜੰਗ ਵਿਰੁੱਧ ਮੁਜ਼ਾਹਰਾ

ਬਰਨਾਲਾ, 8 ਮਈ:ਪਹਿਲਗਾਮ ਘਟਨਾ ਦੀ ਕਥਿਤ ਫਿਰਕੂ ਸਿਆਸੀ ਮਨੋਰਥਾਂ ਲਈ ਵਰਤੋਂ ਖ਼ਿਲਾਫ਼ ਅਤੇ ਭਾਰਤ ਸਰਕਾਰ ਵੱਲੋਂ ਬਦਲੇ ਦੇ ਨਾਂ ਹੇਠ ਪਾਕਿਸਤਾਨ ਖ਼ਿਲਾਫ਼ ਵਿੱਢੀ ਜੰਗ ਦੇ ਵਿਰੋਧ ਵਿਚ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਰਨਾਲਾ ਵਿਖੇ ਭਰਵੀਂ ਇਕੱਤਰਤਾ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦੋਸ਼ ਲਾਇਆ ਕਿ ਇਸ ਘਟਨਾ ਖ਼ਿਲਾਫ਼ ਸਭਨਾਂ ਭਾਈਚਾਰਿਆਂ ਵੱਲੋਂ ਦਿਖਾਈ ਇੱਕਮੁੱਠਤਾ ਦੇ ਬਾਵਜੂਦ ਇਸ ਦੀ ਵਰਤੋਂ ਦੇਸ਼ ਭਰ ਅੰਦਰ ਫਿਰਕੂ ਧਰੁਵੀਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਨੂੰ ਪਹਿਲਾਂ ਹੀ ਵਿਤਕਰੇ ਦਾ ਸ਼ਿਕਾਰ ਘੱਟ ਗਿਣਤੀ ਮੁਸਲਿਮ ਅਤੇ ਕਸ਼ਮੀਰੀ ਭਾਈਚਾਰੇ ਖ਼ਿਲਾਫ਼ ਲਾਮਬੰਦੀ ਤੇ ਨਫ਼ਰਤ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਤੱਥਾਂ ਅਤੇ ਅੰਕੜਿਆਂ ਦੇ ਹਵਾਲੇ ਨਾਲ ਮੁਲਕ ਅੰਦਰ ਚੱਲ ਰਹੀ ਉਸ ‘ਸਾਮਰਾਜੀ ਲੁੱਟ’ ਦੀ ਚਰਚਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਨੂੰ ਜੰਗੀ ਜਨੂਨ ਅਤੇ ਅੰਨ੍ਹੀ ਦੇਸ਼ ਭਗਤੀ ਦੇ ਗੁਬਾਰ ਹੇਠ ਢਕਿਆ ਜਾ ਰਿਹਾ ਹੈ। ਉਹਨਾਂ ਇਸ ਜੰਗੀ ਜਨੂੰਨ ਨੂੰ ਰੱਦ ਕਰਨ ਅਤੇ ਸਾਮਰਾਜੀ ਲੁੱਟ ਖ਼ਿਲਾਫ਼ ਸਭਨਾਂ ਤਬਕਿਆਂ ਦੀ ਸਾਂਝ ਉਸਾਰਨ ਦਾ ਸੱਦਾ ਦਿੱਤਾ।

You must be logged in to post a comment Login