ਪੂਤਿਨ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ ’ਤੇ ਦਸਤਖ਼ਤ

ਪੂਤਿਨ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ ’ਤੇ ਦਸਤਖ਼ਤ

ਮਾਸਕੋ, 21 ਨਵੰਬਰ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਇੱਕ ਨਵੀਂ ਪ੍ਰਮਾਣੂ ਨੀਤੀ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਕਿਸੇ ਵੀ ਪ੍ਰਮਾਣੂ ਸ਼ਕਤੀ ਵੱਲੋਂ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਉਨ੍ਹਾਂ ਦੇ ਦੇਸ਼ ’ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਪੂਤਿਨ ਨੇ ਪ੍ਰਮਾਣੂ ਰੋਕੂ ਨਵੀਂ ਨੀਤੀ ਦੀ ਸ਼ੁਰੂਆਤ ਉਨ੍ਹਾਂ ਵੱਲੋਂ 24 ਫਰਵਰੀ 2022 ਨੂੰ ਯੂਕਰੇਨ ’ਚ ਸੈਨਿਕਾਂ ਨੂੰ ਭੇਜੇ ਜਾਣ ਦੇ 1000ਵੇਂ ਦਿਨ ਕੀਤੀ ਹੈ। ਇਹ ਕਦਮ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਉਸ ਫ਼ੈਸਲੇ ਤੋਂ ਬਾਅਦ ਸਾਹਮਣ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਯੂਕਰੇਨ ਨੂੰ ਅਮਰੀਕਾ ਤੋਂ ਸਪਲਾਈ ਕੀਤੀਆਂ ਗਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਰੂਸ ਦੇ ਅੰਦਰੂਨੀ ਇਲਾਕਿਆਂ ਤੱਕ ਹਮਲਾ ਕਰਨ ਦੀ ਆਗਿਆ ਦਿੱਤੀ ਸੀ। ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਇਸ ਸਵਾਲ ਕਿ ਕੀ ਨਵੀਂ ਨੀਤੀ ਅਮਰੀਕਾ ਵੱਲੋਂ ਮਿਜ਼ਾਈਲਾਂ ਦੀ ਵਰਤੋਂ ਸਬੰਧੀ ਯੂਕਰੇਨ ’ਤੇ ਪਾਬੰਦੀਆਂ ’ਚ ਢਿੱਲ ਦੇਣ ਦੇ ਫ਼ੈਸਲੇ ਬਾਅਦ ਜਾਣਬੁੱਝ ਕੇ ਜਾਰੀ ਕੀਤੀ ਗਈ ਹੈ? ਦੇ ਜਵਾਬ ’ਚ ਕਿਹਾ ਕਿ ਦਸਤਾਵੇਜ਼ ਨੂੰ ‘ਸਮਾਂਬੱਧ ਤਰੀਕੇ’ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਪੂਤਿਨ ਨੇ ਸਰਕਾਰ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਇਸ ਨੂੰ ਅਪਡੇਟ ਕਰਨ ਦਾ ਨਿਰਦੇਸ਼ ਦਿੱਤਾ ਸੀ ਤਾਂ ਕਿ ਇਹ ‘‘ਮੌਜੂਦਾ ਸਥਿਤੀ ਦੇ ਅਨੁਸਾਰ’’ ਹੋਵੇ। ਸੋਧੀ ਨੀਤੀ ਮੁਤਾਬਕ ਰੂਸ ਆਪਣੇ ਸਹਿਯੋਗੀ ਬੇਲਾਰੂਸ ਵਿਰੁੱਧ ਹਮਲੇ ਦੇ ਜਵਾਬ ’ਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।

You must be logged in to post a comment Login