ਪ੍ਰੈਸ ਦੀ ਆਜ਼ਾਦੀ: ਭਾਰਤ 180 ਦੇਸ਼ਾਂ ਵਿਚੋਂ 150ਵੇਂ ਸਥਾਨ ʼਤੇ ਕਿਉਂ?

ਪ੍ਰੈਸ ਦੀ ਆਜ਼ਾਦੀ: ਭਾਰਤ 180 ਦੇਸ਼ਾਂ ਵਿਚੋਂ 150ਵੇਂ ਸਥਾਨ ʼਤੇ ਕਿਉਂ?
ਪ੍ਰੋ. ਕੁਲਬੀਰ ਸਿੰਘ
Mob. : 9417153513

3 ਮਈ 2022 ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ʻਰਿਪੋਰਟਜ਼ ਵਿਦਾਊਟ ਬਾਰਡਰਜ਼ʼ ਨੇ ਵਿਸ਼ਵ ਪ੍ਰੈਸ ਆਜ਼ਾਦੀ ਸੂਚਕ ਅੰਕ ਦਾ ਵੀਹਵਾਂ ਅਡੀਸ਼ਨ ਪ੍ਰਕਾਸ਼ਿਤ ਕੀਤਾ। ਇਸ ਵਿਚ ਦੁਨੀਆਂ ਦੇ 180 ਦੇਸ਼ਾਂ ਵਿਚੋਂ ਭਾਰਤ 150ਵੇਂ ਸਥਾਨ ʼਤੇ ਰਿਹਾ। ਇਹ ਸੂਚੀ ਹਰੇਕ ਸਾਲ ʻਰਿਪੋਰਟਜ਼ ਵਿਦਾਊਟ ਬਾਰਡਰਜ਼ʼ ਨਾਂ ਦੇ ਇਕ ਆਜ਼ਾਦ ਗੈਰ-ਸਰਕਾਰੀ ਸੰਗਠਨ ਦੁਆਰਾ ਤਿਆਰ ਕੀਤੀ ਜਾਂਦੀ ਹੈ। ਕਿਸੇ ਦੇਸ਼ ਦੀ ਰੈਂਕਿੰਗ ਸਿਫ਼ਰ ਤੋਂ 100 ਨੰਬਰਾਂ ਦੇ ਸਕੋਰ ʼਤੇ ਆਧਾਰਿਤ ਹੁੰਦੀ ਹੈ। ਜਿੰਨੇ ਨੰਬਰ ਵੱਧ, ਪ੍ਰੈਸ ਦੀ ਆਜ਼ਾਦੀ ਦਾ ਮਿਆਰ ਓਨਾ ਉੱਚਾ ਅਤੇ ਜਿੰਨੇ ਨੰਬਰ ਘੱਟ ਓਨਾ ਨੀਵੇਂ ਮਿਆਰ ਨੂੰ ਦਰਸਾਉਂਦਾ ਹੈ। ਨੰਬਰਾਂ ਦਾ ਮੁਲਾਂਕਣ ਪੰਜ ਮਾਪਦੰਡਾਂ ਦੇ ਆਧਾਰ ʼਤੇ ਕੀਤਾ ਜਾਂਦਾ ਹੈ। ਰਾਜਨੀਤਕ ਸੰਦਰਭ, ਕਾਨੂੰਨੀ ਢਾਂਚਾ, ਆਰਥਿਕ ਸਥਿਤੀ, ਸਮਾਜਕ-ਸਭਿਆਚਾਰਕ ਸੰਦਰਭ ਅਤੇ ਸੁਰੱਖਿਆ ਪ੍ਰਸੰਗ ਸ਼ਾਮਲ ਹੈ।
ਇਨ੍ਹਾਂ ਪੱਖਾਂ ਤੋਂ ਮੁਲਾਂਕਣ ਕਰਨ ਉਪਰੰਤ ਜਦ ਮਈ 2022 ਦੇ ਆਰੰਭ ਵਿਚ ਸੂਚੀ ਤਿਆਰ ਕੀਤੀ ਗਈ ਤਾਂ ਪਹਿਲੇ ਪੰਜ ਸਥਾਨ ਨਾਰਵੇ, ਡੈਨਮਾਰਕ, ਸਵੀਡਨ, ਐਸਟੋਨੀਆ ਅਤੇ ਫਿਨਲੈਂਡ ਨੂੰ ਹਾਸਲ ਹੋਏ। ਉੱਤਰੀ ਕੋਰੀਆ 180 ਦੇਸ਼ਾਂ ਵਿਚੋਂ ਸਭ ਤੋਂ ਅਖੀਰ ਵਿਚ ਰਿਹਾ। ਭਾਰਤ ਦੇ ਗੁਆਂਢੀ ਮੁਲਕਾਂ ਵਿਚੋਂ ਨਿਪਾਲ 76ਵੇਂ ਸਥਾਨ ਨਾਲ ਕਾਫ਼ੀ ਬਿਹਤਰ ਸਥਿਤੀ ਵਿਚ ਹੈ। ਭੂਟਾਨ ਨੇ 33ਵਾਂ ਅਤੇ ਸ਼੍ਰੀਲੰਕਾ ਨੇ 146ਵਾਂ ਸਥਾਨ ਹਾਸਲ ਕੀਤੀ ਹੈ। ਭਾਰਤ 2021 ਵਿਚ 142ਵੇਂ ਸਥਾਨ ʼਤੇ ਸੀ ਜਿਹੜਾ 2022 ਵਿਚ ਖਿਸਕ ਕੇ 150ਵੇਂ ʼਤੇ ਪਹੁੰਚ ਗਿਆ ਹੈ।
ਭਾਰਤ ਦੀ ਰੈਂਕਿੰਗ ਵਿਚਿ ਲਗਾਤਾਰ ਹੋ ਰਹੀ ਗਿਰਾਵਟ ਦਾ ਮੁੱਖ ਕਾਰਨ ਸਰਕਾਰ ਦਾ ਦਬਾਅ ਮੰਨਿਆ ਜਾ ਰਿਹਾ ਹੈ। ਨੀਤੀਗਤ ਢਾਂਚਾ ਦੋਸ਼ ਭਰਿਆ ਹੈ। ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾ ਕੇ ਰਾਸ਼ਟਰ ਵਿਰੋਧੀ ਕਰਾਰ ਦਿੰਦਾ ਹੈ। ਰਿਪੋਰਟ ਅਨੁਸਾਰ ਭਾਰਤ ਮੀਡੀਆ ਕਰਮੀਆਂ ਲਈ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਹੈ। ਪੱਤਰਕਾਰਾਂ ਨੂੰ ਤਰ੍ਹਾਂ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਦੇ ਕਈ ਇਲਾਕਿਆਂ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਉਥੇ ਪੱਤਰਕਾਰਾਂ ਨੂੰ ਕਈ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਨੂੰ ਯਕੀਨੀ ਬਨਾਉਣ ਲਈ ਸੰਵਿਧਾਨ ਦੀ ਧਾਰਾ 19 ਤਹਿਤ ਭਾਸ਼ਨ ਅਤੇ ਅਭਿਵਿਅਕਤੀ ਦੀ ਸਵਤੰਤਰਤਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਵੀ ਇਕ ਤੋਂ ਵੱਧ ਵਾਰ ਕਿਹਾ ਹੈ ਕਿ ਪ੍ਰੈਸ ਦੀ ਆਜ਼ਾਦੀ ਲੋਕਤੰਤਰ ਦੀ ਨੀਂਹ ਹੈ। ਪਰ ਧਾਰਾ 19 (1) (ਏ) ਦੇ ਨਾਲ ਧਾਰਾ 19 (2) ਤਹਿਤ ਬੋਲਣ ਅਤੇ ਅਭਿਵਿਅਕਤੀ ਦੀ ਆਜ਼ਾਦੀ ਦੀਆਂ ਸੀਮਾਵਾਂ ਵੀ ਨਿਸ਼ਚਤ ਕੀਤੀਆਂ ਗਈਆਂ ਹਨ।
ਭਾਰਤ ਸਰਕਾਰ ਦਾ ਸੂਚਨਾ ਤੇ ਪ੍ਰਸਾਰਨ ਮਹਿਕਮਾ ਇਸ ਵਿਸ਼ਵ ਵਿਆਪੀ ਰਿਪੋਰਟ ਨੂੰ ਨਹੀਂ ਮੰਨਦਾ। ਉਸਦਾ ਕਹਿਣਾ ਹੈ ਕਿ ਭਾਰਤ ਵਿਚ ਪ੍ਰੈਸ ਦੀ ਆਜ਼ਾਦੀ ਦੀ ਗਲਤ ਤਸਵੀਰ ਪੇਸ਼ ਕੀਤੀ ਗਈ ਹੈ। ਪਰੰਤੂ ਦੂਸਰੇ ਪਾਸੇ ʻਰਿਪੋਰਟਸ ਵਿਦਾਊਟ ਬਾਰਡਰਜ਼ʼ ਪੈਰਿਸ ਦੀ ਇਕ ਅਜਿਹੀ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾ ਹੈ ਜਿਸਨੂੰ ਪੂਰੀ ਦੁਨੀਆਂ ਮਾਨਤਾ ਦਿੰਦੀ ਹੈ। ਸਾਲ 2022 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਭਾਰਤ ਵਿਚ 9 ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ। ਸੱਚ ਕਹਿਣਾ, ਸੱਚ ਵਿਖਾਉਣਾ ਚੁਣੌਤੀ ਭਰਿਆ ਹੋ ਗਿਆ ਹੈ। ਮੀਡੀਆ ਕਈ ਤਰ੍ਹਾਂ ਦਬਾਅ ਹੇਠ ਕੰਮ ਕਰ ਰਿਹਾ ਹੈ। ਇਕ ਪਾਸੇ ਹਕੂਮਤ ਅਤੇ ਤਾਕਤਵਰ ਲੋਕਾਂ ਦਾ ਡਰ ਹੈ। ਦੂਸਰੇ ਪਾਸੇ ਆਮ ਲੋਕਾਂ ਵਿਚ ਮੀਡੀਆ ਦਾ ਅਕਸ ਖਰਾਬ ਹੋ ਰਿਹਾ ਹੈ। ਅਜਿਹੇ ਮਾਹੌਲ ਵਿਚ ਪੱਤਰਕਾਰੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਭਾਰਤ ਵਿਚ ਮੀਡੀਆ-ਦ੍ਰਿਸ਼ ਇਕਦਮ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ। ਰਹਿੰਦੀ ਕਸਰ ਡਿਜ਼ੀਟਲ ਕ੍ਰਾਂਤੀ ਨੇ ਕੱਢ ਦਿੱਤੀ ਹੈ। ਗ਼ਰੀਬ ਦਾ ਦੁੱਖ-ਸੁੱਖ ਅਤੇ ਜ਼ਿੰਦਗੀ ਹਾਸ਼ੀਏ ʼਤੇ ਚਲੀ ਗਈ ਹੈ। ਸਿਆਸਤ ਅਤੇ ਕਾਰਪੋਰੇਟ ਸੈਕਟਰ ਮੀਡੀਆ ʼਤੇ ਹਾਵੀ ਹੋ ਗਏ ਹਨ।
ਹੈਰਾਨੀ ਦੀ ਗੱਲ ਹੈ ਕਿ ਸਾਡੇ ਗੁਆਂਢੀ ਛੋਟੇ-ਛੋਟੇ ਮੁਲਕ ਜਿਨ੍ਹਾਂ ਨੂੰ ਅਸੀਂ ਹਰੇਕ ਪੱਖੋਂ ਆਪਣੇ ਤੋਂ ਬਹੁਤ ਪਿੱਛੇ ਮੰਨਦੇ ਸਮਝਦੇ ਹਾਂ ਉਹ ਵੀ ਮੀਡੀਆ ਦੀ ਆਜ਼ਾਦੀ ਪੱਖੋਂ ਸਾਡੇ ਤੋਂ ਬਹੁਤ ਬਿਹਤਰ ਸਥਿਤੀ ਵਿਚ ਹਨ। ਸਾਡੇ ਤੋਂ ਪਿੱਛੇ ਰੂਸ, ਪਾਕਿਸਤਾਨ, ਬੰਗਲਾਦੇਸ਼, ਚੀਨ ਵਰਗੇ ਮੁਲਕ ਹਨ। ਚੀਨ 175ਵੇਂ ਸਥਾਨ ʼਤੇ ਹੈ। ਉਥੇ ਮੀਡੀਆ ਦਾ ਕੀ ਹਾਲ ਹੈ, ਸਾਰੀ ਦੁਨੀਆਂ ਜਾਣਦੀ ਹੈ। ਕੋਵਿਡ-19 ਦੌਰਾਨ ਦੇਸ਼ ਦੀ ਨਾਜ਼ੁਕ ਸਥਿਤੀ ਸੰਸਾਰ ਸਾਹਮਣੇ ਲਿਆਉਣ ਦੀ ਬਿਲਕੁਲ ਆਗਿਆ ਨਹੀਂ ਸੀ। ਜਿਹੜਾ ਡਾਕਟਰ, ਜਿਹੜਾ ਸਿਹਤ-ਵਿਗਿਆਨੀ, ਜਿਹੜਾ ਪੱਤਰਕਾਰ, ਜਿਹੜਾ ਵਿਅਕਤੀ ਅਜਿਹੀ ਕੋਸ਼ਿਸ਼ ਕਰਦਾ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ।
ਦੁਨੀਆਂ ਦੇ ਵੱਡੇ ਲੋਕਤੰਤਰਕ ਦੇਸ਼ਾਂ ਵਿਚ ਮੀਡੀਆ ਦੀ ਆਜ਼ਾਦੀ ਸੰਕਟ ਵਿਚ ਹੈ। ਭਾਰਤ ਵਿਚ ਇਹ ਨਵੀਆਂ ਨਿਵਾਣਾਂ ਵੱਲ ਜਾ ਰਹੀ ਹੈ। ਦੇਸ਼ ਵਿਚ ਮੀਡੀਆ ਉਦਯੋਗ ਦਾ 1990 ਉਪਰੰਤ ਤੇਜ਼ੀ ਨਾਲ ਵਿਸਥਾਰ ਤੇ ਪ੍ਰਚਾਰ ਪ੍ਰਸਾਰ ਹੋਇਆ ਹੈ। ਅੱਜ ਇੱਥੇ ਇਕ ਲੱਖ ਤੋਂ ਵੱਧ ਰਜਿਸਟਰਡ ਅਖਬਾਰਾਂ ਅਤੇ ਮੈਗ਼ਜ਼ੀਨ ਪ੍ਰਕਾਸ਼ਿਤ ਹੋ ਰਹੇ ਹਨ। ਪੰਜ ਸੌ ਦੇ ਕਰੀਬ ਨਿਊਜ਼ ਚੈਨਲ ਹਨ। ਇਨ੍ਹਾਂ ਵਿਚੋਂ ਵੱਡਾ ਹਿੱਸਾ ਸਿਆਸਤਦਾਨਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲਾ ਹੈ। ਅਜਿਹਾ ਮੀਡੀਆ ਸੱਚ ਬੋਲਣ ਵਾਲੇ ਨੂੰ ਦੇਸ਼-ਵਿਰੋਧੀ, ਭਾਰਤ-ਵਿਰੋਧੀ ਦਾ ਖਿਤਾਬ ਦੇਣ ਲੱਗਿਆਂ ਮਿੰਟ ਲਾਉਂਦਾ ਹੈ। ਬਹੁਤੇ ਚੈਨਲਾਂ ਨੇ ਖੁਦ ਨੂੰ ਸਰਕਾਰੀ ਬੁਲਾਰੇ ਵਜੋਂ ਸਥਾਪਿਤ ਤੇ ਸੀਮਤ ਕਰ ਲਿਆ ਹੈ। ਉਹ ਇਸੇ ਵਿਚ ਖੁਸ਼ ਹਨ ਅਤੇ ਸਮਝਦੇ ਹਨ ਕਿ ਪੱਤਰਕਾਰੀ ਦੀ ਸੇਵਾ ਕਰ ਰਹੇ ਹਨ। ਲੋਕਾਂ ਪ੍ਰਤੀ, ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਉਨ੍ਹਾਂ ਮੂਲੋਂ ਭੁਲਾ ਦਿੱਤਾ ਹੈ। ਭਾਰਤੀ ਮੀਡੀਆ ਨੂੰ ਆਪਣੀ ਪੁਰਾਣੀ ਮਾਣ ਮੱਤੀ ਸਾਖ਼ ਬਹਾਲ ਕਰਨ ਲਈ ਸਰਕਾਰ ਦੇ ਪ੍ਰਭਾਵ ਤੋਂ ਮੁਕਤ ਹੋਣਾ ਪਵੇਗਾ। ਲੋਕਾਂ ਨਾਲ ਖੜੇ ਹੋ ਕੇ ਹਕੂਮਤ ਅਤੇ ਕਾਰਪੋਰੇਟ ਸੈਕਟਰ ਦੇ ਗ਼ਲਤ ਫੈਸਲਿਆਂ ਨੂੰ ਗ਼ਲਤ ਕਹਿਣਾ ਪਵੇਗਾ। ਪੱਖਪਾਤੀ, ਸਨਸਨੀਖੇਜ਼ ਤੇ ਉਲਾਰ ਪੱਤਰਕਾਰੀ ਤੋਂ ਤੋਬਾ ਕਰਨੀ ਹੋਵੇਗੀ। ਜ਼ਮੀਰ ਦੀ ਆਵਾਜ਼ ʼਤੇ ਇਮਾਨਦਾਰ ਪੱਤਰਕਾਰੀ ਵੱਧ ਵਧਣਾ ਹੋਵੇਗਾ। ਫਰਜ਼ੀ ਤੇ ਭੜਕਾਊ ਕਹਾਣੀਆਂ ਚਲਾਉਣ ਤੋਂ ਬਚਦਿਆਂ ਸੱਚਾਈ ਤੇ ਜ਼ਿੰਮੇਵਾਰੀ ਦੀ ਝਲਕ ਪੈਦਾ ਕਰਨੀ ਹੋਵੇਗੀ।

You must be logged in to post a comment Login