ਨਵੀਂ ਦਿੱਲੀ, 31 ਅਗਸਤ- Sucha Soorma Trailer Released: ਸਭ ਤੋਂ ਵੱਧ ਉਡੀਕੀ ਜਾ ਰਹੀ ਵਾਲੀ ਪੰਜਾਬੀ ਫ਼ਿਲਮ ‘ਸੁੱਚਾ ਸੂਰਮਾ’ ਦਾ ਟ੍ਰੇਲਰ ਅੱਜ ਰੀਲੀਜ਼ ਹੋ ਗਿਆ ਹੈ। ਟ੍ਰੇਲਰ ਜਾਰੀ ਹੁੰਦਿਆਂ ਹੀ ਫ਼ਿਲਮ ਦੀ ਪਹਿਲੀ ਦਿੱਖ ਨੇ ਇੰਟਰਨੈੱਟ ਤੇ ਵੱਡਾ ਪ੍ਰਭਾਵ ਛੱਡਿਆ ਹੈ। ਪਹਿਲੀ ਨਜ਼ਰ ਵਿਚ ਟ੍ਰੇਲਰ ਵਿਚ ਦਿਖਾਈ ਦੇ ਰਿਹਾ ਹੈ ਕਿ ਫ਼ਿਲਮ ਵਿਚ ਪਿਆਰ, ਨਫ਼ਰਤ, ਬਹਾਦਰੀ, ਦੋਸਤੀ, ਅਤੇ ਰਵਾਇਤੀ ਖੇਡਾਂ ਬਾਰੇ ਭਰਭੂਰ ਚਿੱਤਰਣ ਹੈ। ਇਹ ਫ਼ਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਸ ਨਾਲ ਜੁੜੀਆਂ ਘਟਨਾਵਾਂ ‘ਤੇ ਰੌਸ਼ਨੀ ਪਾਵੇਗੀ ਜਿਸ ਕਾਰਨ ਉਹ ਸੁੱਚਾ ਸੂਰਮਾ ਬਣ ਕੇ ਉੱਭਰਿਆ ਸੀ। ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਸ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਫ਼ਿਲਮ ਵਿੱਚ ਮਸ਼ਹੂਹ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਵੱਲੋਂ ਮੁੱਖ ਭੂਮੀਕਾ ਅਦਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਮੀਕਸ਼ਾ ਓਸਵਾਲ, ਸੁਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਂਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। 20 ਸਤੰਬਰ ਨੂੰ ਰੀਲੀਜ਼ ਹੋਣ ਜਾ ਰਹੀ ਫ਼ਿਲਮ ‘ਸੁੱਚਾ ਸੂਰਮਾ’ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇੰਦਰਜੀਤ ਬੰਸਲ ਨੇ ਇਸ ਫਿਲਮ ‘ਤੇ ਡੀਓਪੀ ਵਜੋਂ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਤ ਹੈਂਡਲ ‘ਤੇ ਰਿਲੀਜ਼ ਕੀਤਾ ਜਾਵੇਗਾ।
ਕੌਣ ਸੀ ਸੂੱਚਾ ਸੂਰਮਾ ?
ਸੂੱਚੇ ਸੂਰਮੇ ਦੀ ਕਹਾਣੀ ਅੱਜ ਵੀ ਪੰਜਾਬ ਵਿੱਚ ਚਰਚਾ ’ਚ ਰਹਿੰਦੀ ਹੈ, ਪੰਜਾਬ ਦੇ ਮਸ਼ਹੂਰ ਗਾਇਕ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਸੁੱਚਾ ਸਿੰਘ ਜਵੰਧਾ ਉਰਫ਼ ਸੁੱਚਾ ਸੂਰਮਾ ਦੀਆਂ ਵਾਰਾਂ ਗਾਈਆਂ ਹਨ। ਪੰਜਾਬ ਵਿੱਚ ਲੋਕ ਨਾਇਕ ਵਜੋਂ ਜਾਣੇ ਜਾਂਦੇ ਸੁੱਚੇ ਸੂਰਮੇ ਨੇ ਅਣਖ਼ ਦੀ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ। ਸੁੱਚੇ ਸੂਰਮੇ ਦਾ ਜਨਮ ਪਿੰਡ ਸਮਾਓਂ (ਹੁਣ ਜ਼ਿਲ੍ਹਾ ਮਾਨਸਾ ਅਧੀਨ) ਦੀ ਮੁਪਾਲ ਪੱਤੀ ਵਿਚ ਸੁੰਦਰ ਸਿੰਘ ਜਵੰਧੇ ਦੇ ਘਰ ਹੋਇਆ ਸੀ। ਭਲਵਾਨੀ ਅਖਾੜੇ ਦੇ ਗੁੜ੍ਹੇ ਯਾਰ ਘੁੱਕਰ ਸਿੰਘ (ਘੁੁੱਕਰ ਮੱਲ) ਦੇ ਉਸਦੀ ਭਰਜਾਈ ਬਲਬੀਰ ਕੌਰ (ਬੀਰੋ) ਨਾਲ ਨਾਜਾਇਜ਼ ਸਬੰਧ ਹੋਣ ਕਾਰਨ ਦੋਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸੀ। ਇਨ੍ਹਾਂ ਕਤਲਾਂ ਤੋਂ ਬਾਅਦ ਸੁੱਚਾ ਹਰਿਆਣਾ ਦੇ ਪਿੰਡ ਬੁੱਗੜ ਵਿੱਚ ਸਾਧੂ ਦੇ ਭੇਸ ਵਿਚ ਲੁਕਿਆ ਰਿਹਾ ਸੀ ਜਿੱਥੇ ਉਸਨੇ ਸੱਤ ਬੁੱਚੜਾਂ ਨੂੰ ਮਾਰ ਕੇ ਗਊਆਂ ਛੁਡਵਾਈਆਂ ਸਨ ਇਸ ਤੋਂ ਬਾਅਦ ਹੀ ਸੁੱਚੇ ਦੇ ਨਾਮ ਨਾਲ ਸੂਰਮਾ ਜੁੜਿਆ ਸੀ। ਸੁੱਚੇ ਸੂਰਮੇ ਦੀ ਸਮਾਧ ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓਂ ਵਿਚ ਅੱਜ ਵੀ ਮੌਜੂਦ ਹੈ। ਸੁੱਚੇ ਸੂਰਮੇ ਦੇ ਜੀਵਨ ਨਾਲ ਜੁੜੀਆਂ ਹੋਰ ਮੁਕੰਮਲ ਕਹਾਣੀਆਂ ਤੁਹਾਨੂੰ ਇਸ ਫ਼ਿਲਮ ਵਿਚ ਵੇਖਣ ਨੂੰ ਮਿਲ ਸਕਦੀਆਂ ਹਨ।
You must be logged in to post a comment Login