ਕੋਲਕਾਤਾ, 3 ਸਤੰਬਰ- ਪੱਛਮੀ ਬੰਗਾਲ ਵਿਧਾਨ ਸਭਾ ਨੇ ਮੰਗਲਵਾਰ ਨੂੰ ਸੂਬੇ ਦਾ ਜਬਰ ਜਨਾਹ ਵਿਰੋਧੀ ਬਿਲ ਵਿਰੋਧੀ ਧਿਰ ਦੀ ਮੁਕੰਮਲ ਹਮਾਇਤ ਸਦਕਾ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਉਂਝ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਵੱਲੋਂ ਬਿਲ ਵਿਚ ਤਜਵੀਜ਼ ਕੀਤੀਆਂ ਗਈਆਂ ਸੋਧਾਂ ਨੂੰ ਸਦਨ ਨੇ ਮਨਜ਼ੂਰ ਨਹੀਂ ਕੀਤਾ। ਇਸ ਬਿਲ ਵਿਚ ਪ੍ਰਬੰਧ ਹੈ ਕਿ ਜਬਰ ਜਨਾਹ ਦੀ ਘਟਨਾ ਕਾਰਨ ਪੀੜਤਾ ਦੀ ਮੌਤ ਹੋ ਜਾਣ ਜਾਂ ਉਸ ਦੇ ਪੱਕੇ ਤੌਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਚਲੇ ਜਾਣ ਦੀ ਸੂਰਤ ਵਿਚ ਮੁਲਜ਼ਮ ਨੂੰ ਦੋਸ਼ੀ ਪਾਏ ਜਾਣ ਉਤੇ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ‘ਅਪਰਾਜਿਤਾ ਮਹਿਲਾ ਅਤੇ ਬਾਲ ਬਿਲ (ਪੱਛਮੀ ਬੰਗਾਲ ਫ਼ੌਜਦਾਰੀ ਕਾਨੂੰਨ ਅਤੇ ਸੋਧ) ਬਿਲ 2024’ (Aparajita Woman and Child Bill (West Bengal Criminal Laws and Amendment) Bill 2024) ਸਿਰਲੇਖ ਵਾਲੇ ਇਸ ਬਿਲ ਵਿਚ ਇਸ ਤੋਂ ਇਲਾਵਾ ਦੋਸ਼ੀਆਂ ਨੂੰ ਬਿਨਾਂ ਪੈਰੋਲ ਤੋਂ ਉਮਰ ਕੈਦ ਦਿੱਤੇ ਜਾਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਬੀਤੇ ਮਹੀਨੇ ਇਕ ਮਹਿਲਾ ਡਾਕਟਰ ਨਾਲ ਵਾਪਰੀ ਜਬਰ ਜਨਾਹ ਤੇ ਕਤਲ (Kolkata Rape Case) ਦੀ ਭਿਆਨਕ ਘਟਨਾ ਦੇ ਮੱਦੇਨਜ਼ਰ ਵਿਧਾਨ ਸਭਾ ਦਾ ਇਹ ਦੋ-ਰੋਜ਼ਾ ਵਿਸ਼ੇਸ਼ ਸੈਸ਼ਨ ਸੋਮਵਾਰ ਨੂੰ ਸੱਦਿਆ ਗਿਆ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login