ਕੇਪ ਕੇਨਵੇਰਲ, 26 ਅਗਸਤ- ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਨੇ ਆਖਿਆ ਕਿ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਸਣੇ ਦੋ ਪੁਲਾੜ ਯਾਤਰੀਆਂ ਨੂੰ ਬੋਇੰਗ ਦੇ ਨਵੇਂ ਕੈਪਸੂਲ ਰਾਹੀਂ ਧਰਤੀ ’ਤੇ ਵਾਪਸ ਲਿਆਉਣ ’ਚ ਵੱਡਾ ਜੋਖਮ ਹੋ ਸਕਦਾ ਹੈ ਅਤੇ ਸਪੇਸਐਕਸ ਰਾਹੀਂ ਵਾਪਸੀ ਲਈ ਉਨ੍ਹਾਂ ਨੂੰ ਅਗਲੇ ਵਰ੍ਹੇ ਤੱਕ ਉਡੀਕ ਕਰਨੀ ਪਵੇਗੀ। ਨਾਸਾ ਨੇ ਲੰਘੇ ਦਿਨ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਅਗਲੇ ਸਾਲ ‘ਸਪੇੇਸਐੇਕਸ’ ਦੇ ਪੁਲਾੜ ਵਾਹਨ ਰਾਹੀਂ ਵਾਪਸ ਲਿਆਂਦਾ ਜਾਵੇਗਾ। ਦੋ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਇਸ ਸਾਲ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਫਸੇ ਹੋਏ ਹਨ। ਪਰਖ ਉਡਾਣ ਤਹਿਤ ਇੱਕ ਹਫ਼ਤੇ ਲਈ ਪੁਲਾੜ ’ਚ ਗਏ ਸੁਨੀਤਾ ਤੇ ਵਿਲਮੋਰ ਨੂੰ ਹੁਣ ਅੱਠ ਮਹੀਨ ਤੋਂ ਵੱਧ ਸਮਾਂ ਉੱਥੇ ਰੁਕਣਾ ਹੋਵੇਗਾ। ਨਵੇਂ ਕੈਪਸੂਲ ’ਚ ‘ਥਰਸਟਰ’ ਦੇ ਕੰਮ ਨਾ ਕਰਨ ਅਤੇ ਹੀਲੀਅਮ ਲੀਕੇਜ ਕਾਰਨ ਪੁਲਾੜ ਸਟੇਸ਼ਨ ਤੱਕ ਉਨ੍ਹਾਂ ਦੇ ਸਫਰ ’ਚ ਅੜਿੱਕਾ ਪੈਦਾ ਹੋਇਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਵਾਪਸ ਲਿਆਉਣ ’ਚ ਮੁਸ਼ਕਲ ਆ ਰਹੀ ਹੈ। ਲਗਪਗ ਤਿੰਨ ਮਹੀਨਿਆਂ ਬਾਅਦ ਆਖ਼ਰ ਲੰਘੇ ਦਿਨ ਨਾਸਾ ਦੇ ਉੱਚ ਅਧਿਕਾਰੀਆਂ ਨੇ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਫਰਵਰੀ ਤੱਕ ਟਾਲਣ ਦਾ ਫ਼ੈਸਲਾ ਕੀਤਾ। ਪੁਲਾੜ ਏਜੰਸੀ ਨੇ ਕਿਹਾ ਕਿ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਫਰਵਰੀ ਮਹੀਨੇ ‘ਸਪੇਸਐਕਸ’ ਦੇ ਪੁਲਾੜ ਵਾਹਨ ਜ਼ਰੀਏ ਧਰਤੀ ’ਤੇ ਵਾਪਸ ਆਉਣਗੇ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login