ਨਵੀਂ ਦਿੱਲੀ, 12 ਮਾਰਚ- ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਦੁਬਈ ਵਿੱਚ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਚੁੱਪ-ਚਾਪ ਅਤੇ ਬਿਨਾਂ ਕਿਸੇ ਧੂਮਧਾਮ ਦੇ ਦੇਸ਼ ਪਰਤ ਆਈ ਹੈ। ਨੌਂ ਮਹੀਨਿਆਂ ਵਿੱਚ ਭਾਰਤ ਨੂੰ ਦੂਜੀ ਆਈਸੀਸੀ ਟਰਾਫੀ ਜਿਤਾਉਣ ਮਗਰੋਂ ਕਪਤਾਨ ਰੋਹਿਤ ਬੀਤੀ ਰਾਤ ਮੁੰਬਈ ਪਹੁੰਚਿਆ। ਭਾਰਤੀ ਟੀਮ ਦੇ ਖਿਡਾਰੀ 22 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਆਪਣੀਆਂ ਟੀਮਾਂ ਨਾਲ ਜੁੜਨ ਤੋਂ ਪਹਿਲਾਂ ਲਗਪਗ ਹਫ਼ਤਾ ਆਰਾਮ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸੂਤਰਾਂ ਨੇ ਦੱਸਿਆ, ‘ਬਹੁਤੇ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਦੁਬਈ ਤੋਂ ਚਲੇ ਗਏ ਹਨ। ਕੁਝ ਖਿਡਾਰੀ ਅਜਿਹੇ ਹਨ, ਜੋ ਹਾਲੇ ਵੀ ਇੱਥੇ ਹੀ ਠਹਿਰੇ ਹੋਏ ਹਨ।’ ਇਸ ਦੌਰਾਨ ਬੀਸੀਸੀਆਈ ਨੇ ਹਾਲੇ ਕਿਸੇ ਵੀ ਤਰ੍ਹਾਂ ਦੇ ਸਨਮਾਨ ਸਮਾਗਮ ਦੀ ਯੋਜਨਾ ਨਹੀਂ ਬਣਾਈ, ਜਿਵੇਂ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਘਰ ਪਰਤਣ ’ਤੇ ਬਣਾਈ ਗਈ ਸੀ। ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤੀ ਟੀਮ ਵਿਸ਼ੇਸ਼ ਉਡਾਣ ਰਾਹੀਂ ਵੈਸਟਇੰਡੀਜ਼ ਤੋਂ ਦੇਸ਼ ਪਰਤੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਵੀ ਬੀਤੀ ਰਾਤ ਦਿੱਲੀ ਪਹੁੰਚੇ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਐਤਵਾਰ ਦੇਰ ਰਾਤ ਦੁਬਈ ਇੰਟਰਨੈਸ਼ਨਲ ਸਟੇਡੀਅਮ ਤੋਂ ਪਰਤਣ ਮਗਰੋਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਟੀਮ ਹੋਟਲ ਤੋਂ ਚਲਾ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤੀ ਮੱਧਕ੍ਰਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਸ਼੍ਰੇਅਸ ਅਈਅਰ ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦੀ ਕਪਤਾਨੀ ਕਰੇਗਾ ਅਤੇ 16 ਮਾਰਚ ਨੂੰ ਟੀਮ ਨਾਲ ਜੁੜੇਗਾ। ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਅੱਠ ਟੀਮਾਂ ਦੇ ਟੂਰਨਾਮੈਂਟ ਵਿੱਚ ਭਾਰਤ ਨੇ ਕੋਈ ਮੈਚ ਨਹੀਂ ਹਾਰਿਆ। ਪਾਕਿਸਤਾਨ ਚੈਂਪੀਅਨਜ਼ ਟਰਾਫੀ ਦਾ ਮੇਜ਼ਬਾਨ ਸੀ ਪਰ ਭਾਰਤ ਨੇ ਆਪਣੇ ਸਾਰੇ ਮੈਚ ਹਾਈਬ੍ਰਿਡ ਮਾਡਲ ਤਹਿਤ ਦੁਬਈ ਵਿੱਚ ਖੇਡੇ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login