ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਕੁਆਰਟਰ ਫਾਈਨਲ ’ਚ ਹਾਰੀ

ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਕੁਆਰਟਰ ਫਾਈਨਲ ’ਚ ਹਾਰੀ

ਪੈਰਿਸ, 10 ਅਗਸਤ- ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਨੂੰ ਪੈਰਿਸ ਓਲੰਪਿਕ ਮਹਿਲਾ ਕੁਸ਼ਤੀ ਦੇ 76 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਕਿਰਗਿਜ਼ਸਤਾਨ ਦੀ ਆਇਪੈਰੀ ਮੈਡੇਤ ਖਿਲਾਫ ਬਰਾਬਰੀ ਤੋਂ ਬਾਅਦ ਆਖਰੀ ਅੰਕ ਗੁਆਉਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ ਪਹਿਲਾ ਓਲੰਪਿਕ ਖੇਡ ਰਹੀ 21 ਸਾਲਾਂ ਦੀ ਰੀਤਿਕਾ ਨੇ ਸਿਖਰਲਾ ਦਰਜਾ ਪ੍ਰਾਪਤ ਪਹਿਲਵਾਨ ਨੂੰ ਸਖਤ ਟੱਕਰ ਦਿੱਤੀ ਅਤੇ ਸ਼ੁਰੂਆਤੀ ਪੀਰੀਅਡ ਵਿੱਚ ਉਹ ਇਕ ਅੰਕ ਦੀ ਬੜ੍ਹਤ ਬਣਾਉਣ ਵਿੱਚ ਸਫਲ ਰਹੀ। ਦੂਜੇ ਪੀਰੀਅਡ ਵਿੱਚ ਰੀਤਿਕਾ ਨੇ ਸਖਤ ਟੱਕਰ ਦੇਣ ਦੇ ਬਾਵਜੂਦ ‘ਪੈਸੀਵਿਟੀ (ਅਤਿ ਰੱਖਿਆਤਮਕ ਰਵੱਈਆ)’ ਕਾਰਨ ਇਕ ਅੰਕ ਗੁਆਇਆ ਜੋ ਕਿ ਇਸ ਮੈਚ ਦਾ ਆਖਰੀ ਅੰਕ ਸਾਬਿਤ ਹੋਇਆ।ਨਿਯਮਾਂ ਮੁਤਾਬਕ ਮੁਕਾਬਲਾ ਬਰਾਬਰ ਰਹਿਣ ’ਤੇ ਆਖਰੀ ਅੰਕ ਬਣਾਉਣ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਗਿਆ ਹੈ। ਕਿਰਗਿਜ਼ਸਤਾਨ ਦੀ ਪਹਿਲਵਾਨ ਜੇ ਫਾਈਨਲ ਵਿੱਚ ਪਹੁੰਚਦੀ ਹੈ ਤਾਂ ਰੀਤਿਕਾ ਕੋਲ ਰੈਪਚੇਜ਼ ਨਾਲ ਕਾਂਸੀ ਤਗ਼ਮਾ ਹਾਸਲ ਕਰਨ ਦਾ ਮੌਕਾ ਹੋਵੇਗਾ। ਇਸ ਭਾਰ ਵਰਗ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਪਹਿਲਵਾਨ ਰੀਤਿਕਾ ਨੇ ਇਸ ਤੋਂ ਪਹਿਲਾਂ ਤਕਨੀਕੀ ਮੁਹਾਰਤ ਨਾਲ ਜਿੱਤ ਹਾਸਲ ਕਰ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹੰਗਰੀ ਦੀ ਬਰਨਾਡੇਟ ਨੇਗੀ ਨੂੰ 12-12 ਤੋਂ ਤਕਨੀਕੀ ਮੁਹਾਰਤ ਨਾਲ ਹਰਾਇਆ। ਰੀਤਿਕਾ ਪਹਿਲੇ ਪੀਰੀਅਡ ਵਿੱਚ 4-0 ਨਾਲ ਅੱਗੇ ਸੀ ਪਰ ਉਸ ਨੇ ਦੂਜੇ ਪੀਰੀਅਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਅੱਠਵਾਂ ਦਰਜਾ ਪ੍ਰਾਪਤ ਪਹਿਲਵਾਨ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ। ਰੀਤਿਕਾ ਨੇ ਰੱਖਿਆਤਮਕ ਖੇਡ ਨਾਲ ਸ਼ੁਰੂਆਤ ਕੀਤੀ ਅਤੇ ਹੰਗਰੀ ਦੀ ਪਹਿਲਵਾਨ ਦੇ ਹਮਲੇ ਨੂੰ ਸ਼ਾਨਦਾਰ ਢੰਗ ਨਾਲ ਰੋਕਣ ਵਿੱਚ ਸਫਲ ਰਹੀ। ਰੀਤਿਕਾ ਨੂੰ ਇਸ ਤੋਂ ਬਾਅਦ ਪੈਸੀਵਿਟੀ ਕਰ ਕੇ ਰੈਫਰੀ ਨੇ ਚਿਤਾਵਨੀ ਦਿੱਤੀ ਅਤੇ ਇਸ ਪਹਿਲਵਾਨ ਕੋਲ ਅੰਗੇ 30 ਸਕਿੰਟ ਵਿੱਚ ਅੰਕ ਬਣਾਉਣ ਦੀ ਚੁਣੌਤੀ ਸੀ।

You must be logged in to post a comment Login