ਭਾਰਤੀ ਫੌਜ ਦੀ ਕਾਰਵਾਈ ਤਸੱਲੀ ਦਿਵਾਉਣ ਵਾਲੀ, ਪਰ ਸ਼ੰਕੇ ਬਰਕਰਾਰ

ਭਾਰਤੀ ਫੌਜ ਦੀ ਕਾਰਵਾਈ ਤਸੱਲੀ ਦਿਵਾਉਣ ਵਾਲੀ, ਪਰ ਸ਼ੰਕੇ ਬਰਕਰਾਰ

-ਜਤਿੰਦਰ ਪਨੂੰ

ਜੰਮੂ-ਕਸ਼ਮੀਰ ਦੇ ਉੜੀ ਵਾਲੇ ਫੌਜੀ ਕੈਂਪ ਉੱਤੇ ਦਹਿਸ਼ਤਗਰਦ ਹਮਲੇ ਦੇ ਦਿਨ ਤੋਂ ਖਿਝੇ ਹੋਏ ਭਾਰਤੀ ਲੋਕਾਂ ਨੇ ਜਦੋਂ ਇਹ ਸੁਣਿਆ ਕਿ ਭਾਰਤੀ ਫੌਜ ਨੇ ‘ਸਰਜੀਕਲ ਅਪਰੇਸ਼ਨ’ ਕੀਤਾ ਹੈ ਤਾਂ ਉਨ੍ਹਾਂ ਵਿੱਚੋਂ ਬਹੁਤੇ ਲੋਕਾਂ ਦੀ ਖੁਸ਼ੀ ਸੰਭਾਲਣੀ ਔਖੀ ਹੋਈ ਜਾਪਦੀ ਸੀ। ਏਦਾਂ ਦੇ ਇੱਕ ਸੱਜਣ ਨੇ ਸਾਡਾ ਪ੍ਰਤੀਕਰਮ ਪੁੱਛਿਆ ਤਾਂ ਅਸੀਂ ਆਖਿਆ ਸੀ ਕਿ ਇਸ ਅਪਰੇਸ਼ਨ ਉੱਤੇ ਤਸੱਲੀ ਸਾਨੂੰ ਵੀ ਹੈ, ਪਰ ਖੁਸ਼ੀ ਕੋਈ ਨਹੀਂ। ਉਸ ਦੀ ਉਲਝਣ ਸਪੱਸ਼ਟ ਕਰਨ ਲਈ ਅਸੀਂ ਦੱਸਿਆ ਕਿ ਓਥੇ ਇਕੱਠੇ ਕੀਤੇ ਹੋਏ ਦਹਿਸ਼ਤਗਰਦਾਂ ਦੀ ਧਾੜ ਅਗਲਾ ਕਾਰਾ ਕਰਨ ਤੋਂ ਪਹਿਲਾਂ ਵਲ੍ਹੇਟੀ ਗਈ, ਇਸ ਦੀ ਤਸੱਲੀ ਹੈ, ਪਰ ਖੁਸ਼ੀ ਇਸ ਲਈ ਨਹੀਂ ਕਿ ਜੁੜਵੇਂ ਦੋ ਭਰਾਵਾਂ ਵਰਗੇ ਦੋ ਦੇਸ਼ਾਂ ਦਾ ਭੇੜ ਹੈ। ਭਾਰਤ-ਪਾਕਿ ਇੱਕੋ ਦੇਸ਼ ਨਹੀਂ ਸਨ ਰਹਿ ਸਕੇ ਤਾਂ ਨਾ ਸਹੀ, ਪਰ ਗਵਾਂਢ ਦੀ ਸੁੱਖ ਮੰਗਣ ਵਾਲੀ ਰੁੱਤ ਵੀ ਇਸ ਇਲਾਕੇ ਵਿੱਚ ਕਦੇ ਨਹੀਂ ਆਈ। ਇੱਕ ਦੂਸਰੇ ਦੇਸ਼ ਦੇ ਬੰਦੇ ਮਾਰ ਕੇ ਸਾਨੂੰ ਤਸੱਲੀ ਲੱਭਣੀ ਪੈਂਦੀ ਹੈ। ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ ਕਰਨ ਦਾ ਸ਼ੌਕੀਨ ਸਾਡਾ ਮੀਡੀਆ ਵੀ ਅਤੇ ਪਾਕਿਸਤਾਨ ਵਾਲਾ ਵੀ ਇਸ ਕਾਰਵਾਈ ਦੇ ਨਵੇਂ ਤੋਂ ਨਵੇਂ ਦ੍ਰਿਸ਼ ਪੇਸ਼ ਕਰ ਕੇ ਤੇ ਬਹਿਸਾਂ ਕਰਵਾ ਕੇ ਜਿਹੋ ਜਿਹੇ ਹਾਲਾਤ ਪੈਦਾ ਕਰੀ ਜਾ ਰਿਹਾ ਹੈ, ਉਹ ਦੋਵਾਂ ਦੇਸ਼ਾਂ ਲਈ ਚੰਗੇ ਨਹੀਂ।
ਪਾਕਿਸਤਾਨੀ ਮੀਡੀਏ ਦਾ ਇਹ ਕਹਿਣਾ ਮੂਲੋਂ-ਮੁੱਢੋਂ ਗਲਤ ਹੈ ਕਿ ਭਾਰਤ ਨੇ ਕਾਰਵਾਈ ਨਹੀਂ ਕੀਤੀ ਅਤੇ ਐਵੇਂ ਰੌਲਾ ਪਾਇਆ ਹੈ। ਉਹ ਭੁੱਲ ਜਾਂਦੇ ਹਨ ਕਿ ਜਦੋਂ ਇਸ ਕਾਰਵਾਈ ਦੀ ਖਬਰ ਅਜੇ ਲੋਕਾਂ ਤੱਕ ਨਹੀਂ ਸੀ ਪਹੁੰਚ ਸਕੀ, ਅਮਰੀਕਾ ਵਿੱਚ ਬੈਠੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਓਦੋਂ ਹੀ ਇਸ ਦੀ ਨਿੰਦਾ ਲਈ ਬਿਆਨ ਦਾਗ ਦਿੱਤਾ ਸੀ ਤੇ ਪਾਕਿਸਤਾਨ ਦੇ ਕੁਝ ਹੋਰ ਲੀਡਰਾਂ ਦੇ ਬਿਆਨ ਵੀ ਆ ਗਏ ਸਨ। ਫਿਰ ਫੌਜ ਦੇ ਇੱਕ ਜਰਨੈਲ ਨੇ ਬਿਆਨ ਜਾਰੀ ਕਰ ਕੇ ਇਸ ਸੱਚ ਨੂੰ ਰੱਦ ਕਰਨਾ ਚਾਹਿਆ ਤਾਂ ਉਸ ਨੇ ਭਾਰਤ ਦਾ ਕੀਤਾ ਸਰਜੀਕਲ ਸਟਰਾਈਕ ਦਾ ਦਾਅਵਾ ਹੀ ਰੱਦ ਨਹੀਂ ਸੀ ਕੀਤਾ, ਆਪਣੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਕੱਖੋਂ ਹੌਲੇ ਕਰ ਦਿੱਤਾ। ਮੁੱਕਰਨ ਦਾ ਕਾਰਨ ਇਹ ਸੀ ਕਿ ਜੇ ਉਹ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਮੰਨਦੇ ਤਾਂ ਪਾਕਿਸਤਾਨੀ ਕਬਜ਼ੇ ਵਾਲੇ ਖੇਤਰ ਵਿੱਚ ਦਹਿਸ਼ਤਗਰਦ ਕੈਂਪਾਂ ਦੀ ਹੋਂਦ ਵੀ ਮੰਨੀ ਜਾਣੀ ਸੀ ਤੇ ਇਹ ਵੀ ਮੰਨਣਾ ਪੈਣਾ ਸੀ ਕਿ ਭਾਰਤੀ ਫੌਜ ਏਨੀ ਤਾਕਤ ਵਾਲੀ ਹੈ ਕਿ ਪਾਕਿਸਤਾਨੀ ਜਰਨੈਲਾਂ ਦੇ ਜਾਗਣ ਤੋਂ ਪਹਿਲਾਂ ਸੱਟ ਮਾਰ ਕੇ ਮੁੜ ਸਕਦੀ ਹੈ। ਆਪਣੇ ਲੋਕਾਂ ਦੇ ਦਿਲਾਂ ਨੂੰ ਠੁੰਮ੍ਹਣਾ ਦੇਣ ਲਈ ਪਾਕਿਸਤਾਨੀ ਫੌਜ ਨੇ ਉਹ ਝੂਠ ਬੋਲਿਆ, ਜਿਹੜਾ ਟਿਕ ਨਹੀਂ ਸਕਿਆ। ਨਾ ਟਿਕਣ ਦਾ ਸਬੂਤ ਇਹ ਹੈ ਕਿ ਆਪਣੇ ਦੇਸ਼ ਮੁੜਦੇ ਸਾਰ ਆਪਣੀ ਕੈਬਨਿਟ ਦੀ ਮੀਟਿੰਗ ਕਰਨ ਪਿੱਛੋਂ ਨਵਾਜ਼ ਸ਼ਰੀਫ ਨੇ ਬਿਆਨ ਇਹ ਦਿੱਤਾ ਹੈ ਕਿ ‘ਏਦਾਂ ਦਾ ਸਰਜੀਕਲ ਅਪਰੇਸ਼ਨ ਤਾਂ ਪਾਕਿਸਤਾਨ ਵੀ ਕਰ ਸਕਦਾ ਹੈ’। ਜੇ ਭਾਰਤੀ ਫੌਜ ਨੇ ਸਰਜੀਕਲ ਅਪਰੇਸ਼ਨ ਕੀਤਾ ਹੀ ਨਹੀਂ ਤਾਂ ਨਵਾਜ਼ ਸ਼ਰੀਫ ਨੂੰ ਸ਼ੁੱਕਰਵਾਰ ਦੇ ਦਿਨ ‘ਏਦਾਂ ਦਾ ਸਰਜੀਕਲ ਅਪਰੇਸ਼ਨ’ ਵਾਲੇ ਲਫਜ਼ ਵਰਤਣ ਦੀ ਕੀ ਲੋੜ ਪਈ ਸੀ?  ਸੱਚ ਤਾਂ ਸੱਚ ਹੈ, ਸੌ ਪਰਦੇ ਪਾੜ ਕੇ ਬਾਹਰ ਆ ਜਾਂਦਾ ਹੈ। ਇਸ ਵਕਤ ਜਦੋਂ ਅਸੀਂ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨੀ ਮੀਡੀਏ ਜਾਂ ਫੌਜ ਦੇ ਬਿਆਨਾਂ ਦੀ ਚਰਚਾ ਕਰਦੇ ਹਾਂ ਤਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਭਾਰਤ ਵੱਲ ਸਭ ਕੁਝ ਠੀਕ ਹੁੰਦਾ ਹੈ। ਗਲਤੀਆਂ ਭਾਰਤੀ ਪਾਸੇ ਵੀ ਹੋਈਆਂ ਹਨ ਤੇ ਹੋ ਰਹੀਆਂ ਹਨ, ਪਰ ਇਸ ਤਰ੍ਹਾਂ ਦੀਆਂ ਸੁਖਾਵੀਆਂ ਗੱਲਾਂ ਹੋਣ ਨੂੰ ਵੀ ਨੋਟ ਕਰਨਾ ਪੈਂਦਾ ਹੈ, ਜਿਨ੍ਹਾਂ ਦਾ ਵਾਪਰਨਾ ਭਾਰਤ ਦੇ ਲੋਕਾਂ ਨੂੰ ਆਪਣੀ ਹਸਤੀ ਉੱਤੇ ਯਕੀਨ ਦਿਵਾਉਣ ਵਾਲਾ ਹੈ।
ਪਹਿਲੀ ਗੱਲ ਤਾਂ ਇਹੋ ਹੈ ਕਿ ਇਸ ਕਾਰਵਾਈ ਮੌਕੇ ਭਾਰਤ ਦੀ ਰਾਜਨੀਤੀ ਦੀਆਂ ਸਾਰੀਆਂ ਧਿਰਾਂ ਨੇ ਆਪਣੇ ਸਾਰੇ ਮੱਤਭੇਦ ਲਾਂਭੇ ਰੱਖ ਕੇ ਦੇਸ਼ ਦੀ ਸਰਕਾਰ ਦਾ ਸਾਥ ਦਿੱਤਾ ਹੈ। ਪਿਛਲੀ ਵਾਰੀ ਕਾਰਗਿਲ ਦੀ ਜੰਗ ਦੌਰਾਨ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ, ਓਦੋਂ ਵੀ ਏਸੇ ਤਰ੍ਹਾਂ ਸਾਥ ਦਿੱਤਾ ਸੀ। ਬੰਗਲਾ ਦੇਸ਼ ਬਣਨ ਵੇਲੇ ਜਦੋਂ ਭਾਰਤ ਨੂੰ ਜੰਗ ਲੜਨੀ ਪਈ, ਓਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੇ ਸਭ ਰਾਜਸੀ ਮੱਤਭੇਦ ਲਾਂਭੇ ਰੱਖ ਕੇ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਦਾ ਸਾਥ ਦੇਣ ਦੀ ਪਹਿਲ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀ 1965 ਵਾਲੀ ਜੰਗ ਲੱਗਣ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਨੇ ਪੰਜਾਬੀ ਸੂਬੇ ਲਈ ਮਰਨ-ਵਰਤ ਰੱਖਣ ਵਾਸਤੇ ਐਲਾਨ ਕੀਤਾ ਹੋਇਆ ਸੀ, ਪਰ ਜੰਗ ਦੇ ਬੱਦਲ ਵੇਖ ਕੇ ਓਦੋਂ ਸੰਤ ਨੇ ਵਰਤ ਛੱਡ ਦਿੱਤਾ ਸੀ। ਚੀਨ ਦੀ ਜੰਗ ਤੋਂ ਪਹਿਲਾਂ ਤਾਮਿਲ ਨਾਡੂ ਦਾ ਅੰਨਾ ਦੁਰਾਈ ਵੀ ਭਾਰਤ ਤੋਂ ਵੱਖ ਹੋਣ ਦੀ ਮੁਹਿੰਮ ਚਲਾਉਂਦਾ ਦੱਸਿਆ ਜਾਂਦਾ ਸੀ, ਪੰਡਿਤ ਜਵਾਹਰ ਲਾਲ ਨਹਿਰੂ ਨਾਲ ਉਸ ਦੀ ਕਦੇ ਨਹੀਂ ਸੀ ਬਣਦੀ, ਪਰ ਜੰਗ ਹੋਣ ਵਾਲੇ ਹਾਲਾਤ ਵੇਖ ਕੇ ਉਸ ਨੇ ਪਾਰਲੀਮੈਂਟ ਵਿੱਚ ਉੱਠ ਕੇ ਕਿਹਾ ਸੀ ਕਿ ਆਪਣੇ ਮਸਲੇ ਅਸੀਂ ਬਾਅਦ ਵਿੱਚ ਨਜਿੱਠਦੇ ਰਹਾਂਗੇ, ਭਾਰਤ ਦੇ ਹਿੱਤਾਂ ਲਈ ਅਸੀਂ ਦੇਸ਼ ਦੀ ਸਰਕਾਰ ਦੇ ਨਾਲ ਹਾਂ। ਇਹ ਭਾਰਤ ਦੀ ਪ੍ਰਾਚੀਨ ਰਿਵਾਇਤ ਹੈ। ਮਹਾਂਭਾਰਤ ਦੇ ਸਮੇਂ ਸੌ ਕੌਰਵਾਂ ਨੇ ਜਦੋਂ ਆਪਣੇ ਚਚੇਰੇ ਭਰਾ ਪੰਜ ਪਾਂਡਵਾਂ ਨੂੰ ਮਹਿਲਾਂ ਤੋਂ ਕੱਢਿਆ ਸੀ ਉਦੋਂ ਦੁਸ਼ਮਣੀ ਦੀ ਸਿਖਰ ਚੱਲ ਰਹੀ ਸੀ, ਪਰ ਜਦੋਂ ਬਾਹਰੀ ਤਾਕਤ ਨੇ ਹਮਲਾ ਕੀਤਾ ਤਾਂ ਪੰਜਾਂ ਪਾਂਡਵਾਂ ਨੇ ਆਪ ਸੁਨੇਹਾ ਭੇਜਿਆ ਸੀ ਕਿ ਆਪਸ ਵਿੱਚ ਲੜਨ ਲਈ ਤੁਸੀਂ ਸੌ ਅਤੇ ਅਸੀਂ ਪੰਜ ਜਣੇ ਹੋਵਾਂਗੇ, ਭਾਰਤ ਦੀ ਲੋੜ ਮੌਕੇ ਸੌ ਅਤੇ ਪੰਜ ਨਹੀਂ, ਅਸੀਂ ਇੱਕ ਸੌ ਪੰਜ ਇਕੱਠੇ ਹਾਂ। ਮਹਾਂਭਾਰਤ ਵੇਲੇ ਤੋਂ ਤੁਰੀ ਆਈ ਇਹ ਨੇਕ ਰਿਵਾਇਤ ਅੱਜ ਵੀ ਭਾਰਤ ਨੇ ਛੱਡੀ ਨਹੀਂ ਤੇ ਏਸੇ ਰਿਵਾਇਤ ਦੇ ਕਾਰਨ ਭਾਰਤ ਦੀ ਮਜ਼ਬੂਤੀ ਉੱਤੇ ਇਸ ਦੇ ਲੋਕਾਂ ਦਾ ਵਿਸ਼ਵਾਸ ਕਾਇਮ ਹੈ, ਅਤੇ ਕਾਇਮ ਵੀ ਰਹੇਗਾ। ਮਾੜੀ ਗੱਲ ਇਸ ਮੌਕੇ ਵੀ ਇਹ ਹੋ ਰਹੀ ਹੈ ਕਿ ਫਿਰਕਾ ਪ੍ਰਸਤੀ ਦੇ ਡੰਗੇ ਹੋਏ ਕੁਝ ਲੋਕ ਇਹ ਮੁੱਦਾ ਉਛਾਲੀ ਜਾਂਦੇ ਹਨ ਕਿ ਕਸ਼ਮੀਰ ਦਾ ਰੇੜਕਾ ਨਹੀਂ ਸੀ ਪੈਣਾ, ਪੰਡਿਤ ਨਹਿਰੂ ਦੀ ਕਮਜ਼ੋਰੀ ਨੇ ਸਾਡੇ ਦੇਸ਼ ਲਈ ਕੰਡੇ ਖਿਲਾਰ ਦਿੱਤੇ ਸਨ। ਇਹ ਗੱਲ ਹਕੀਕਤਾਂ ਤੋਂ ਪਾਸਾ ਵੱਟ ਕੇ ਕਹੀ ਜਾਂਦੀ ਹੈ, ਸਚਾਈ ਕੁਝ ਹੋਰ ਹੈ। ਭਾਰਤ ਨੂੰ ਆਜ਼ਾਦੀ ਦੇਣ ਵੇਲੇ ਬ੍ਰਿਟੇਨ ਵਾਲੇ ਏਥੋਂ ਪੱਕੇ ਤੌਰ ਉੱਤੇ ਜਾਣ ਦੀ ਥਾਂ ਮੁੜ ਵਾਪਸੀ ਲਈ ਰਾਹ ਰੱਖਣ ਵਾਲੀਆਂ ਕਈ ਗੁੰਝਲਾਂ ਪਾ ਕੇ ਗਏ ਸਨ। ਸਾਡੇ ਦੇਸ਼ ਨੂੰ ਆਜ਼ਾਦੀ ਦੇਣ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਕਇਮ ਹੋਣ ਦੀ ਰਸਮ ਭੁਗਤਾਈ ਤੇ ਓਥੋਂ ਦੀ ਸਰਕਾਰ ਦਾ ਸੰਵਿਧਾਨਕ ਮੁਖੀ, ਗਵਰਨਰ ਜਨਰਲ ਮੁਹੰਮਦ ਅਲੀ ਜਿਨਾਹ ਨੂੰ ਮੰਨ ਲਿਆ ਸੀ, ਪਰ ਅਗਲੇ ਦਿਨ ਭਾਰਤ ਨੂੰ ਆਜ਼ਾਦੀ ਦੇਣ ਪਿੱਛੋਂ ਇੱਕੀ ਜੂਨ 1948 ਤੱਕ ਦੇ ਸਵਾ ਦਸ ਮਹੀਨੇ ਇਸ ਦੀ ਨਕੇਲ ਬ੍ਰਿਟੇਨ ਦੇ ਥਾਪੇ ਹੋਏ ਲਾਰਡ ਮਾਊਂਟਬੈਟਨ ਨੇ ਆਪਣੇ ਹੱਥ ਰੱਖੀ ਸੀ। ਉਸ ਦੀ ਮਨਜ਼ੂਰੀ ਦੇ ਬਿਨਾਂ ਪੰਡਿਤ ਨਹਿਰੂ ਕੁਝ ਕਰ ਹੀ ਨਹੀਂ ਸੀ ਸਕਦਾ। ਇੱਕ ਗੱਲ ਹੋਰ ਸਾਡੇ ਲੋਕਾਂ ਨੂੰ ਪਤਾ ਨਹੀਂ। ਆਜ਼ਾਦ ਦੇਸ਼ ਦੀ ਫੌਜੀ ਕਮਾਨ ਵੀ ਓਦੋਂ ਕਿਸੇ ਭਾਰਤੀ ਕੋਲ ਨਹੀਂ, ਇਕੱਤੀ ਦਸੰਬਰ 1948 ਤੱਕ ਜਨਰਲ ਮੈਕਗਰੇਗਰ ਮੈਕਡਾਨਲਡ ਦੇ ਕੋਲ ਤੇ ਉਸ ਦੇ ਪਿੱਛੋਂ ਪੰਦਰਾਂ ਜਨਵਰੀ 1949 ਤੱਕ ਅੰਗਰੇਜ਼ ਜਨਰਲ ਫਰਾਂਸਿਸ ਰਾਬਰਟ ਰਾਏ ਬੁੱਚਰ ਕੋਲ ਹੁੰਦੀ ਸੀ। ਇਹ ਦੋਵੇਂ ਅੰਗਰੇਜ਼ ਜਨਰਲ ਹਰ ਗੱਲ ਨਹਿਰੂ ਦੀ ਬਜਾਏ ਮਾਊਂਟਬੈਟਨ ਤੋਂ ਪੁੱਛ ਕੇ ਕਰਦੇ ਹਨ। ਦੂਸਰੇ ਪਾਸੇ ਪਾਕਿਸਤਾਨ ਵਿੱਚ ਫੌਜ ਦਾ ਕਮਾਂਡਰ ਬ੍ਰਿਟਿਸ਼ ਜਰਨੈਲ ਮੈਸਰਵੀ ਪੂਰੀ ਤਰ੍ਹਾਂ ਮੁਹੰਮਦ ਅਲੀ ਜਿਨਾਹ ਅਤੇ ਲਿਆਕਤ ਅਲੀ ਖਾਨ ਦੇ ਕਹਿਣ ਮੁਤਾਬਕ ਕੰਮ ਕਰਦਾ ਸੀ। ਗਿਲਗਿਤ ਅੱਜ-ਕੱਲ੍ਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰੀ ਖੇਤਰ ਵਿੱਚ ਹੈ। ਆਜ਼ਾਦੀ ਦੇ ਵਕਤ ਜਦੋਂ ਜੰਮੂ-ਕਸ਼ਮੀਰ ਦਾ ਰਾਜਾ ਆਪਣੀ ਆਜ਼ਾਦ ਰਿਆਸਤ ਦੀ ਜ਼ਿਦ ਉੱਤੇ ਸੀ, ਉਸ ਦੀ ਫੌਜ ਦੇ ਗਿਲਗਿਤ ਸਕਾਊਟਸ ਦਾ ਮੁਖੀ ਬ੍ਰਿਟਿਸ਼ ਨਾਗਰਿਕ ਮੇਜਰ ਵਿਲੀਅਮ ਬਰਾਊਨ ਸੀ ਤੇ ਉਸ ਨੇ ਜਿਨਾਹ ਦਾ ਸੁਨੇਹਾ ਮਿਲਦੇ ਸਾਰ ਗਿਲਗਿਤ ਦੇ ਭਾਰਤ ਪੱਖੀ ਗਵਰਨਰ ਘਨਸਾਰਾ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਸੀ। ਘਨਸਾਰਾ ਸਿੰਘ ਫੌਜ ਦਾ ਬ੍ਰਿਗੇਡੀਅਰ ਸੀ, ਪਰ ਪਾਕਿਸਤਾਨ ਨਾਲ ਮਿਲ ਕੇ ਉਸ ਬ੍ਰਿਗੇਡੀਅਰ ਨੂੰ ਇੱਕ ਅੰਗਰੇਜ਼ ਮੇਜਰ ਨੇ ਜਦੋਂ ਲਾਹਿਆ ਸੀ ਤਾਂ ਇਹ ਸਿਰਫ ਮੇਜਰ ਦੀ ਹਿੰਮਤ ਨਹੀਂ, ਲੰਡਨ ਦੀ ਕੂਟਨੀਤਕ ਸ਼ਰਾਰਤ ਸੀ, ਜਿਨ੍ਹਾਂ ਦੇ ਪਾਏ ਪੁਆੜੇ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਦਾ ਮੌਸਮ ਨਹੀਂ ਆਉਣ ਦੇ ਰਹੇ, ਦੋਸ਼ ਪੰਡਿਤ ਜਵਾਹਰ ਲਾਲ ਨਹਿਰੂ ਦਾ ਕੱਢਿਆ ਜਾਂਦਾ ਹੈ।
ਅਜੇ ਵੀ ਗੱਲ ਸਾਫ ਨਹੀਂ ਹੋਈ ਤਾਂ ਲੰਡਨ ਵਿੱਚ ਸੈਕਟਰੀ ਆਫ ਸਟੇਟ ਲਾਰਡ ਪੈਥਿਕ ਲਾਰੈਂਸ ਵੱਲੋਂ ਕੀਤੀ ਗਈ ਚਾਰ ਦਸੰਬਰ 1946 ਦੀ ਮੀਟਿੰਗ ਦੀ ਕਾਰਵਾਈ ਤੋਂ ਸਾਫ ਹੋ ਜਾਂਦੀ ਹੈ। ਭਾਰਤ ਦੀ ਆਰਜ਼ੀ ਸਰਕਾਰ ਬਣਨ ਪਿੱਛੋਂ ਦੇ ਹਾਲਾਤ ਵਿਚਾਰਨ ਵਾਲੀ ਇਸ ਮੀਟਿੰਗ ਵਿੱਚ ਭਾਰਤ ਦੇ ਵਾਏਸਰਾਏ ਵਿਸਕਾਊਂਟ ਵੇਵਲ ਨੇ ਪੰਡਿਤ ਨਹਿਰੂ ਦੀ ਹਾਜ਼ਰੀ ਵਿੱਚ ਇਹ ਗੱਲ ਆਪ ਦੱਸੀ ਕਿ ਕਾਂਗਰਸ ਤੇ ਮੁਸਲਿਮ ਲੀਗ ਸਮੇਤ ਸਾਰੀਆਂ ਧਿਰਾਂ ਦੀ ਸਾਂਝੀ ਸਰਕਾਰ ਵਿੱਚ ਜਿਨਾਹ ਦੇ ਪ੍ਰਤੀਨਿਧਾਂ ਦਾ ਵਿਹਾਰ ਨਹਿਰੂ ਵੱਲ ਬਹੁਤ ਮਾੜਾ ਹੈ। ਇਹ ਗੱਲ ਵੀ ਮੀਟਿੰਗ ਵਿੱਚ ਨੋਟ ਕੀਤੀ ਗਈ ਕਿ ਜਿਸ ਦਿਨ ਨਹਿਰੂ ਦੀ ਅਗਵਾਈ ਹੇਠ ਸਾਂਝੀ ਸਰਕਾਰ ਬਣ ਰਹੀ ਸੀ, ਓਦੋਂ ਵਾਏਸਰਾਏ ਹਾਊਸ ਦੇ ਅੱਗੇ ਪੰਡਿਤ ਨਹਿਰੂ ਦੀ ਬੇਇੱਜ਼ਤੀ ਕੀਤੀ ਗਈ, ਸਗੋਂ ਉਸ ਉੱਤੇ ਸਿੱਧਾ ਹਮਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਇਹ ਗੱਲ ਖਾਸ ਤੌਰ ਉੱਤੇ ਚਰਚਾ ਦਾ ਮੁੱਦਾ ਬਣੀ ਕਿ ਪਾਕਿਸਤਾਨ ਬਣਾਉਣ ਲਈ ਜ਼ੋਰ ਲਾ ਰਹੀ ਮੁਸਲਿਮ ਲੀਗ ਦੇ ਦੋ ਆਗੂ ਸਾਂਝੀ ਸਰਕਾਰ ਬਣਾਏ ਜਾਣ ਤੋਂ ਛੇਤੀ ਮਗਰੋਂ ਬ੍ਰਿਟਿਸ਼ ਗੌਰਮਿੰਟ ਦੇ ਇੰਡੀਆ ਆਫਿਸ ਦੀ ਮਦਦ ਨਾਲ ਅਮਰੀਕਾ ਗਏ ਤੇ ਓਥੇ ਨਿਊ ਯਾਰਕ ਹੈਰਾਲਡ ਫੋਰਮ ਵਿੱਚ ਭਾਰਤ ਦੇ ਵਿਰੋਧ ਦੀ ਲਾਮਬੰਦੀ ਹੁੰਦੀ ਰਹੀ ਸੀ। ਲੰਡਨ ਦੀ ਇਹ ਮੀਟਿੰਗ ਇਸ ਗੱਲ ਲਈ ਸੱਦੀ ਗਈ ਸੀ ਕਿ ਭਾਰਤ ਨੂੰ ਆਜ਼ਾਦੀ ਦੇਣ ਅਤੇ ਪਾਕਿਸਤਾਨ ਦੀ ਕਾਇਮੀ ਤੋਂ ਪਹਿਲਾਂ ਦੋਵਾਂ ਧਿਰਾਂ ਦੀ ਸਾਂਝੀ ਸਰਕਾਰ ਨੂੰ ਸੁਖਾਵੇਂ ਮਾਹੌਲ ਵਿੱਚ ਕਿਵੇਂ ਚਲਾਉਣਾ ਹੈ, ਪਰ ਸਭ ਗੱਲਾਂ ਸੁਣ ਕੇ ਸਾਫ ਕੁਝ ਕਹੇ ਬਿਨਾਂ ਉਹ ਨੀਤੀ ਅਪਣਾਈ ਗਈ, ਜਿਸ ਨੇ ਕੰਡੇ ਬੀਜਣੇ ਸਨ। ਬ੍ਰਿਟੇਨ ਦੀ ਸਰਕਾਰ ਦੀਆਂ ਉਸ ਵੇਲੇ ਦੀਆਂ ਪਾਈਆਂ ਗੁੰਝਲਾਂ ਅੱਜ ਤੱਕ ਖੋਲ੍ਹੀਆਂ ਨਹੀਂ ਗਈਆਂ। ਕੁਝ ਲੋਕ ਕਹਿੰਦੇ ਹਨ ਕਿ ਇਸ ਹਾਲਤ ਵਿੱਚ ਸੰਸਾਰ ਦੀ ਸੱਥ ਕੋਈ ਸੁਖਾਵਾਂ ਦਖਲ ਦੇ ਸਕਦੀ ਹੈ। ਇਸ ਦੀ ਵੀ ਆਸ ਨਹੀਂ। ਵਿਧਵਾ ਬੀਬੀ ਨੂੰ ਕਿਸੇ ਨੇ ਪੁੱਛਿਆ ਸੀ: ‘ਅਹੁ ਸਾਹਮਣੇ ਜਾਂਦੇ ਵਹਿੜਕੇ ਨੂੰ ਪਛਾਣਦੀ ਹੈਂ?’ ਉਸ ਨੇ ਹਓੁਕਾ ਭਰ ਕੇ ਕਿਹਾ ਸੀ: ‘ਰੰਡੀ ਕਿਸ ਨੇ ਕੀਤੀ ਸਾਂ, ਏਸੇ ਵਹਿੜਕੇ ਨੇ ਮੇਰਾ ਪਤੀ ਮਾਰਿਆ ਸੀ।’ ਦੋਵਾਂ ਦੇਸ਼ਾਂ ਦੀ ਝੋਲੀ ਦੁੱਖ ਪਾਉਣ ਵਾਲਿਆਂ ਤੋਂ ਸੁੱਖ ਦਾ ਪ੍ਰਸ਼ਾਦ ਨਹੀਂ ਮਿਲਣਾ। ਜੇ ਕਦੀ ਕੋਈ ਪੱਕਾ ਹੱਲ ਨਿਕਲਿਆ ਤਾਂ ਦੋਵਾਂ ਦੇਸ਼ਾਂ ਨੂੰ ਆਪ ਹੀ ਕੱਢਣਾ ਪਵੇਗਾ।

-ਜਤਿੰਦਰ ਪਨੂੰ

You must be logged in to post a comment Login