ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

ਨਵੀਂ ਦਿੱਲੀ, 25 ਜਨਵਰੀ- ਕਾਂਗਰਸ ਨੇ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ‘ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ ਨੂੰ ਛੁਪਾ ਸਕਦੀ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕਿ ਕੰਮ ਕਰ ਰਿਹਾ ਹੈ, ਇਹ ਨਾ ਸਿਰਫ਼ ਸੰਵਿਧਾਨ ਦਾ ‘ਮਜ਼ਾਕ’ ਬਣਾ ਰਿਹਾ ਹੈ, ਸਗੋਂ ਇਹ ਵੋਟਰਾਂ ਦਾ ਅਪਮਾਨ ਵੀ ਕਰ ਰਿਹਾ ਹੈ। ਵਿਰੋਧੀ ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ੇਵਰਾਨਾ ਪਹੁੰਚ ਅਤੇ ਆਜ਼ਾਦੀ ਨਾਲ ‘ਬਹੁਤ ਸਮਝੌਤਾ’ ਕੀਤਾ ਗਿਆ ਹੈ। ਇਹ ਗੱਲ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਸਣੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸ਼ਨਿੱਚਰਵਾਰ ਨੂੰ ਕੌਮੀ ਵੋਟਰ ਦਿਵਸ (National Voters’ Day) ਮੌਕੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) ਉਤੇ ਜਾਰੀ ਵੱਖ-ਵੱਖ ਪੋਸਟਾਂ ਵਿਚ ਕਹੀ ਹੈ। ਸ੍ਰੀ ਖੜਗੇ ਨੇ ਇਕ ਟਵੀਟ ਵਿਚ ਕਿਹਾ, “ਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਤਾਂ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸੰਸਥਾਗਤ ਅਖੰਡਤਾ ਨੂੰ ਲਗਾਤਾਰ ਲੱਗਾ ਖੋਰਾ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ।” ਉਨ੍ਹਾਂ ਕਿਹਾ, “ਸਾਡਾ ਭਾਰਤੀ ਚੋਣ ਕਮਿਸ਼ਨ ਅਤੇ ਸਾਡਾ ਸੰਸਦੀ ਲੋਕਤੰਤਰ, ਦਹਾਕਿਆਂ ਤੋਂ ਵਿਆਪਕ ਸ਼ੰਕਿਆਂ ਦੇ ਬਾਵਜੂਦ, ਨਿਰਪੱਖ, ਆਜ਼ਾਦ ਅਤੇ ਵਿਸ਼ਵ ਪੱਧਰ ‘ਤੇ ਮਿਸਾਲੀ ਆਦਰਸ਼ ਸਾਬਤ ਹੋਇਆ।”

You must be logged in to post a comment Login