ਨਵੀਂ ਦਿੱਲੀ, 1 ਫਰਵਰੀ- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚ ਕੇ ਯਮੁਨਾ ਦੇ ਪਾਣੀ ’ਚ ‘ਜ਼ਹਿਰ ਘੋਲਣ’ ਸਬੰਧੀ ਆਪਣੇ ਬਿਆਨ ਕਾਰਨ ਜਾਰੀ ਨੋਟਿਸ ਦਾ ਜਵਾਬ ਦਾਖ਼ਲ ਕੀਤਾ। ਕੇਜਰੀਵਾਲ ਨਾਲ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਤੇ ਪੰਜਾਬ ਤੋਂ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਵੀ ਸਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਿਲਣ ਦੀ ਇਜਾਜ਼ਤ ਲਏ ਬਿਨਾਂ ਕਮਿਸ਼ਨ ਦੇ ਦਫ਼ਤਰ ਪੁੱਜੇ। ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ’ਚ ਚੋਣ ਪ੍ਰਚਾਰ ਸਿਖ਼ਰ ’ਤੇ ਹੋਣ ਕਾਰਨ ਇਸ ਮੁਲਾਕਾਤ ਨੂੰ ‘ਵਿਸ਼ੇਸ਼ ਮਾਮਲੇ’ ਵਜੋਂ ਸਵੀਕਾਰ ਕੀਤਾ ਹੈ। ਸੂਤਰ ਨੇ ਦੱਸਿਆ, ‘ਕਮਿਸ਼ਨ ਨੇ ਯਮੁਨਾ ਨਦੀ ’ਚ ਜ਼ਹਿਰ ਘੋਲਣ ਤੇ ਸਮੂਹਿਕ ਕਤਲੇਆਮ ਸਬੰਧੀ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਦੀ ਪੁਸ਼ਟੀ ਲਈ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ।’ ਕਮਿਸ਼ਨ ਨਾਲ ਕੇਜਰੀਵਾਲ ਦੀ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ‘ਆਪ’ ਮੁਖੀ ਨੇ ਕਮਿਸ਼ਨ ਨੂੰ ਆਪਣਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਦੱਸਿਆ, ‘ਕੇਜਰੀਵਾਲ ਨੇ ਉਨ੍ਹਾਂ ਨੂੰ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਭਾਜਪਾ ਨੇ ਦਿੱਲੀ ’ਚ ਜ਼ਹਿਰੀਲਾ ਪਾਣੀ ਭੇਜਣ ਦੀ ਸਾਜ਼ਿਸ਼ ਰਚੀ। ਕਮਿਸ਼ਨ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਨਗੇ।’
ਕਮਿਸ਼ਨ ਦੇ ਦਫ਼ਤਰ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੂਜੇ ਨੋਟਿਸ ’ਚ ਵਰਤੀ ਗਈ ਭਾਸ਼ਾ ਤੋਂ ਸੰਕੇਤ ਮਿਲਦਾ ਹੈ ਕਿ ਕਮਿਸ਼ਨ ਪਹਿਲਾਂ ਹੀ ਆਪਣੀ ਕਾਰਵਾਈ ਤੈਅ ਕਰ ਚੁੱਕਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੂੰ ਬਦਨਾਮ ਕਰਨ ਦੀ ਸਿਆਸੀ ਸਾਜ਼ਿਸ਼ ਹੈ ਤਾਂ ਜੋ ਜ਼ਿਆਦਾ ਅਮੋਨੀਆ ਵਾਲੇ ‘ਜ਼ਹਿਰੀਲੇ’ ਪਾਣੀ ਕਾਰਨ ਅੱਧੀ ਦਿੱਲੀ ਨੂੰ ਪਿਆਸਾ ਰੱਖਿਆ ਜਾ ਸਕੇ।
You must be logged in to post a comment Login