ਲਖੀਮਪੁਰ ’ਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ

ਲਖੀਮਪੁਰ ’ਚ ਜੋਗਿੰਦਰ ਉਗਰਾਹਾਂ ਦੀ ਮੋਦੀ ਸਰਕਾਰ ਨੂੰ ਵੰਗਾਰ

ਲਖੀਮਪੁਰ ਖੀਰੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ 3 ਅਕਤੂਬਰ ਨੂੰ ਹੋਈ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ ਅੱਜ ‘ਅੰਤਿਮ ਅਰਦਾਸ’ ਦਾ ਆਯੋਜਨ ਕੀਤਾ ਗਿਆ। ਜਿਸ ਥਾਂ ’ਤੇ ਹਿੰਸਾ ਹੋਈ ਸੀ, ਉਸ ਦੇ ਨੇੜੇ ਹੀ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਹੈ। ਅਰਦਾਸ ਸਭਾ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਆਲੇ-ਦੁਆਲੇ ਦੇ ਕਿਸਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ। ਇਸ ਸਮਾਗਮ ਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ , ਰਾਕੇਸ਼ ਟਿਕੈਤ, ਜਗਜੀਤ ਡੱਲੇਵਾਲ, ਜੋਗਿੰਦਰ ਉਗਰਾਹਾਂ, ਦਰਸ਼ਨ ਪਾਲ, ਮਨਜੀਤ ਰਾਏ, ਕ੍ਰਿਸ਼ਨ ਪ੍ਰਸਾਦ, ਬਲਦੇਵ ਸਿੰਘ, ਬਲਦੇਵ ਸਿਰਸਾ ਆਦਿ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ, ਰਾਜ ਸਭਾ ਮੈਂਬਰ ਦਪਿੰਦਰ ਹੁੱਡਾ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ,ਮਨਜਿੰਦਰ ਸਿੰਘ ਸਿਰਸਾ ਆਦਿ ਸਿਆਸੀ ਆਗੂ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।
ਇਸ ਮੌਕੇ ਮੰਚ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੋਦੀ ਸਰਕਾਰ ’ਤੇ ਸ਼ਬਦੀ ਹਮਲਾ ਬੋਲਿਆ। ਉਗਰਾਹਾਂ ਨੇ ਕਿਹਾ ਕਿ ਲਖੀਮਪੁਰ ਹਿੰਸਾ ਦੇ ਦੋਸ਼ੀ ਨੂੰ ਜੇਲ੍ਹ ’ਚ ਬੰਦ ਕੀਤਾ ਜਾਵੇ। ਇਸੇ ਕਰ ਕੇ ਅਸੀਂ ਕਹਿੰਦੇ ਹਾਂ ਕਿ ਇਹ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਹੈ, ਇਹ ਸਰਕਾਰ ਸਾਡੀ ਕਦੇ ਨਹੀਂ ਬਣ ਸਕਦੀ। ਲਖੀਮਪੁਰ ਹਿੰਸਾ ਬਾਰੇ ਉਗਰਾਹਾਂ ਨੇ ਕਿਹਾ ਕਿ ਅਸੀਂ ਸ਼ਾਂਤੀਮਈ ਰਹੇ ਹਾਂ। ਸਾਡੇ ਕਿਸਾਨ ਮੁੰਡੇ ਕਾਲੀ ਝੰਡੀ ਨਾਲ ਸ਼ਾਂਤੀਮਈ ਵਿਰੋਧ ਕਰਦੇ ਨਜ਼ਰ ਆ ਰਹੇ ਹਨ, ਭਾਵੇਂ ਵੀਡੀਓ ਵੇਖ ਲਓ। ਉਗਰਾਹਾਂ ਨੇ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਮੋਦੀ ਸਾਬ੍ਹ ਆਵਾਂਗੇ ਤੇਰੇ ਇਲਾਕੇ ’ਚ ਵੀ, ਤੈਨੂੰ ਵੀ ਵੇਖ ਲਵਾਂਗੇ। ਅਸੀਂ ਸਬਰ ਨਾਲ ਮੁਕਾਬਲਾ ਕਰਦੇ ਰਹਾਂਗੇ ਅਤੇ ਆਖ਼ੀਰ ਨੂੰ ਜਿੱਤ ਕੇ ਹੀ ਜਾਵਾਂਗੇ।
ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਕਿਸਾਨ ਆਗੂ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਯੁਗੇਂਦਰ ਯਾਦਵ ਸਮੇਤ ਕਈ ਕਿਸਾਨ ਆਗੂ ਪੁੱਜੇ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖ਼ਾਸ ਗੱਲ ਇਹ ਹੈ ਕਿ ਮੋਰਚੇ ਵਲੋਂ ਕਿਸੇ ਵੀ ਸਿਆਸੀ ਆਗੂ ਨੂੰ ਅੰਤਿਮ ਅਰਦਾਸ ਵਿਚ ਮੰਚ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਸਿਰਫ਼ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮੌਜੂਦ ਰਹੇ ਅਤੇ ਉਨ੍ਹਾਂ ਨੇ ਹੀ ਮੰਚ ਤੋਂ ਮੋਦੀ ਸਰਕਾਰ ਨੂੰ ਘੇਰਿਆ।

You must be logged in to post a comment Login