ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ

ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ

ਨਵੀਂ ਦਿੱਲੀ, 3 ਫਰਵਰੀ- ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਮਚੀ ਭਗਦੜ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਵੱਲੋਂ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿਚ ਵੀ ਹੰਗਾਮਾ ਦੇਖਣ ਨੂੰ ਮਿਲਿਆ। ਰੌਲੇ-ਰੱਪੇ ਦਰਮਿਆਨ ਹੀ ਸਦਨ ਨੇ 18 ਸਵਾਲ ਲਏ ਜਿਨ੍ਹਾਂ ਦੇ ਮੰਤਰੀਆਂ ਵੱਲੋਂ ਸੰਖੇਪ ਵਿਚ ਜਵਾਬ ਦਿੱਤੇ ਗਏ। ਆਮ ਕਰਕੇ ਪ੍ਰਸ਼ਨ ਕਾਲ ਦੌਰਾਨ 20 ਸਵਾਲ ਸੂਚੀਬੱਧ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਮੰਤਰੀਆਂ ਵੱਲੋਂ ਜ਼ੁੁਬਾਨੀ ਕਲਾਮੀ ਜਵਾਬ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਵੱਲੋਂ ਦੋਵਾਂ ਸਦਨਾਂ ਦੇ ਸਾਂਝੇ ਸੰਬੋਧਨ ਤੇ ਕੇਂਦਰੀ ਬਜਟ ਦੀ ਪੇਸ਼ਕਾਰੀ ਮਗਰੋਂ ਲੋਕ ਸਭਾ ਅੱਜ ਪਹਿਲੀ ਵਾਰ ਜੁੜੀ ਤਾਂ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮਹਾਂਕੁੰਭ ਦੁਖਾਂਤ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਵਿਚਾਲੇ ਆ ਗਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਤੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਅਗਵਾਈ ਵਿਚ ਵਿਰੋਧੀ ਧਿਰਾਂ ਨੇ ਪ੍ਰਸ਼ਨ ਕਾਲ ਦੀ ਕਾਰਵਾਈ ਮੁਅੱਤਲ ਕਰਕੇ ਮਹਾਂਕੁੰਭ ਭਗਦੜ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਨੇ ‘ਸਨਾਤਨ ਵਿਰੋਧੀ ਸਰਕਾਰ ਅਸਤੀਫ਼ਾ ਦੋ’ ਦੇ ਨਾਅਰੇ ਲਾਏ।

You must be logged in to post a comment Login