- ਸ਼ਹੀਦਾਂ ਨੂੰ ਪੈਦਾ ਕਰਨ ਵਾਲੀ ਪੰਥ ਦੀ ਮਾਣਮੱਤੀ ਜਥੇਬੰਦੀ ਦਮਦਮੀ ਟਕਸਾਲ ਦੇ ਸੁਹਿਰਦ ਟਕਸਾਲੀ ਆਗੂਆਂ ਨੂੰ ਅਪੀਲ, ਕਿਸੇ ਯੋਗ ਸਖਸ਼ੀਅਤ ਨੂੰ ਦਿੱਤੀ ਜਾਵੇ ਮੁਖੀ ਦੀ ਜ਼ੁੰਮੇਵਾਰੀ
ਨਿਊਯਾਰਕ, 30 ਅਗਸਤ : ਅੱਜ ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਪੰਥ ਪ੍ਰਸਤਾਂ ਦੀ ਹੰਗਾਮੀ ਤੌਰ ਤੇ ਇੱਕ ਟੈਲੀਕਾਨਫਰੰਸ ਸੱਦੀ ਗਈ, ਜਿਸ ਵਿੱਚ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨੇ ਬਹੁਤ ਵੱਡੀ ਤਾਦਾਦ ਵਿੱਚ ਹਿੱਸਾ ਲਿਆ। ਦਮਦਮੀ ਟਕਸਾਲ ਜਿਸਨੂੰ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਹੈ, ਪੰਥ ਦੀ ਇੱਕ ਸਤਿਕਾਰਤ ਜਥੇਬੰਦੀ ਹੈ, ਜਿਸ ਉੱਪਰ ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋਏ ਬੈਠੇ ਭਾਈ ਹਰਨਾਮ ਸਿੰਘ ਧੁੰਮਾ ਜੋ ਕਿ ਆਪਣੇ ਆਪ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ, ਪਰੰਤੂ ਕਿਰਦਾਰ ਪੱਖੋਂ ਸਰਕਾਰਾਂ ਤੇ ਪ੍ਰਧਾਨ ਮੰਤਰੀਆਂ ਅੱਗੇ ਖਲੋਣ ਵਾਲੇ ਟਕਸਾਲ ਦੇ ਪੁਰਾਣੇ ਮੁਖੀਆਂ ਸਾਹਮਣੇ ਬਿਲਕੁਲ ਬੌਣੇ ਕਿਰਦਾਰ ਦੇ ਨਜ਼ਰ ਆਉਂਦੇ ਹਰਨਾਮ ਸਿੰਘ ਧੁੰਮਾਂ, ਆਪਣੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਜਦੋਂ ਹਰ ਸਿੱਖ ਦਾ ਕਲੇਜਾ ਪਾਟ ਗਿਆ ਸੀ ਉਸ ਮੌਕੇ ਵੀ ਚੁੱਪ ਰਹਿ ਕੇ ਸਰਕਾਰ ਤੇ ਬਾਦਲਾਂ ਨਾਲ ਵਫਾਦਾਰੀ ਨਿਭਾਉਣ ਵਾਲੇ ਹਰਨਾਮ ਸਿੰਘ ਧੁੰਮਾ ਟਕਸਾਲ ਦੇ ਆਗੂ ਕਹਾਉਣ ਦੇ ਬਿਲਕੁਲ ਵੀ ਯੋਗ ਨਹੀਂ ਹਨ। ਸਿੱਖ ਕੌਮ ਦੇ ਪਾਤਸ਼ਾਹੀ ਦਾਅਵੇ ਨੂੰ ਮੁੜ ਸੁਰਜੀਤ ਕਰਕੇ ਮੌਜੂਦਾ ਸੰਘਰਸ਼ ਨੂੰ ਰੁਸ਼ਨਾਉਣ ਵਾਲੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਰਸਤੇ ਤੋਂ ਉਲਟ ਚੱਲ ਕੇ ਹਰਨਾਮ ਸਿੰਘ ਧੁੰਮਾ ਨੇ ਦਮਦਮੀ ਟਕਸਾਲ ਅਤੇ ਸਿੱਖ ਕੌਮ ਦੋਵਾਂ ਨੂੰ ਵੱਡੀ ਢਾਹ ਲਾਈ ਹੈ। ਸ਼ੁਰੂ ਤੋਂ ਹੀ ਸਵਾਲਾਂ ਵਿਚ ਘਿਰੇ ਰਹੇ ਹਰਨਾਮ ਸਿੰਘ ਧੁੰਮਾ ਨੂੰ ਬੜੇ ਹੀ ਸ਼ੱਕੀ ਤਰੀਕੇ ਨਾਲ ਅਮਰੀਕਾ ਤੋਂ ਲਿਜਾ ਕੇ ਏਜੰਸੀਆਂ ਦੀ ਮਦਦ ਨਾਲ ਕੇ ਪੀ ਗਿੱਲ ਨੇ ਦਮਦਮੀ ਟਕਸਾਲ ਮਹਿਤਾ ਉੱਪਰ ਕਬਜ਼ਾ ਕਰਵਾਉਣ ਵਿੱਚ ਮਦਦ ਕੀਤੀ। ਇੱਕ ਸਮੇਂ ਸਿੱਖ ਸੰਘਰਸ਼ ਦਾ ਧੁਰਾ ਰਹੀ ਟਕਸਾਲ ਨੂੰ ਕਾਬੂ ਕਰਨਾ ਸਰਕਾਰੀ ਏਜੰਡੇ ਵਿੱਚ ਨੰਬਰ ਇੱਕ ਉੱਤੇ ਸੀ, ਜਿਸ ਕੰਮ ਨੂੰ ਹਰਨਾਮ ਸਿੰਘ ਧੁੰਮਾ ਦੇ ਕਾਬਜ਼ ਹੋਣ ਨਾਲ ਸੌਖਿਆਂ ਹੀ ਅੰਜਾਮ ਤੱਕ ਪਹੁੰਚਾਉਣ ਵਿੱਚ ਮਦਦ ਮਿਲੀ। ਹਰਨਾਮ ਸਿੰਘ ਧੁੰਮਾ ਦੀ ਮਦਦ ਨਾਲ ਏਜੰਸੀਆਂ ਨੇ ਧਾਰਮਿਕ ਅਤੇ ਸਿਆਸੀ ਤੌਰ ਤੋਂ ਸਿੱਖ ਕੌਮ ਦਾ ਨੁਕਸਾਨ ਕੀਤਾ। ਇੰਨਾਂ ਸਰਕਾਰੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦਾ ਜ਼ਿਕਰ IB ਦੇ ਡਾਇਰੈਕਟਰ ਰਹੇ ਮਲੋਆ ਕ੍ਰਿਸ਼ਨ ਧਰ ਨੇ ਆਪਣੀ ਕਿਤਾਬ ਖੁੱਲੇ ਭੇਦ (OPEN SECRETS) ਵਿੱਚ ਵੀ ਵਿਸਤਾਰ ਨਾਲ ਕੀਤਾ ਹੈ। ਸਿੱਖ ਕੌਮ ਦੀ ਇੱਕੋ ਇੱਕ ਰਾਜਸੀ ਜਥੇਬੰਦੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰਨ ਵਾਲੇ ਬਾਦਲਾਂ ਨਾਲ ਹਰਨਾਮ ਸਿੰਘ ਧੁੰਮਾ ਦੀ ਹਮੇਸ਼ਾਂ ਹੀ ਬੇਹੱਦ ਨੇੜਤਾ ਰਹੀ। ਬਾਦਲਾਂ ਦੇ ਹਰ ਕੌਮ ਘਾਤੀ ਕਾਰੇ ਵਿਚ ਧੁੰਮਾ ਜੀ ਬਰਾਬਰ ਦੇ ਭਾਈਵਾਲ਼ ਰਹੇ। ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਬੈਠਣ ਤੋਂ ਲੈ ਕੇ, ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਸੁਮੇਧ ਸੈਣੀ , ਇਜ਼ਹਾਰ ਆਲਮ ਅਤੇ ਘੋਟਣੇ ਨਾਲ ਹਰਨਾਮ ਸਿੰਘ ਧੁੰਮਾ ਦੀ ਸਾਂਝ ਦੀਆਂ ਫੋਟੋਆਂ ਕਿਸਨੇ ਨਹੀ ਵੇਖੀਆਂ । ਅਤੇ ਆਰ ਐਸ਼ ਐਸ ਨਾਲ ਹਰਨਾਮ ਸਿੰਘ ਧੁੰਮਾ ਦੀ ਨੇੜਤਾ ਬਾਰੇ ਵੀ ਜੱਗ ਜਾਣਦਾ ਹੈ।
2015 ਵਿੱਚ ਜਦੋਂ ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀ ਦੀਆਂ ਘਟਨਾਵਾ ਵੇਲੇ ਜਦੋਂ ਹਰ ਸਿੱਖ ਖੂਨ ਦੇ ਹੰਝੂ ਰੋ ਰਿਹਾ ਸੀ ਤੇ ਪੂਰਾ ਸਿੱਖ ਜਗਤ ਸੜਕਾਂ ਤੇ ਉੱਤਰ ਆਇਆ ਸੀ। ਉਸ ਸਮੇਂ ਵੀ ਆਪਣੇ ਸਿਆਸੀ ਮਾਲਕਾਂ ਦੇ ਹਿੱਤਾਂ ਦੀ ਪੂਰਤੀ ਕਰਦਿਆਂ ਹਰਨਾਮ ਸਿੰਘ ਧੁੰਮਾ ਨੇ ਬਿਲਕੁਲ ਚੁੱਪ ਰਹਿ ਕੇ ਕੌਮ ਨਾਲ ਵੱਡਾ ਧ੍ਰੋਹ ਕਮਾਇਆ। ਸਗੋਂ ਉਲਟਾ ਕੌਮ ਘਾਤੀ ਆਪਣੇ ਸਿਆਸੀ ਆਕਾ ਬਾਦਲਾਂ ਦੀ ਚੜਦੀ ਕਲਾ ਦੀ ਅਰਦਾਸ ਕਰਨ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਰਹੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਹਾਉਣ ਵਾਲੇ ਤੇ ਉੱਨਾਂ ਨੂੰ ਅੱਤਵਾਦੀ ਕਹਿਣ ਵਾਲੇ ਮਨੋਹਰ ਲਾਲ ਖੱਟੜ ਨੂੰ ਸਿਰੋਪਾ ਦੇ ਕੇ ਧੁੰਮਾ ਜੀ ਨੇ ਬਹੁਤ ਲਾਹਣਤਾਂ ਖੱਟੀਆਂ। ਉਸ ਤੋਂ ਬਾਦ ਭਾਰਤੀ ਅੰਬੈਸਡਰ ਤਰਨਜੀਤ ਸੰਧੂ ਜਿਸਦੇ ਸੇਵਾਕਾਲ ਮੌਕੇ ਖਾਲਸਤਾਨੀਆਂ ਸਿੱਖ ਆਗੂਆਂ ਤੇ ਹਮਲੇ ਦੀਆਂ ਸਾਜ਼ਸ਼ਾਂ ਤੇ ਸ਼ਹਾਦਤਾਂ ਵੀ ਹੋਈਆਂ, ਉਸੇ ਸੰਧੂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਧੁੰਮਾ ਜੀ ਨੇ ਸਿਰੋਪਾ ਦੇ ਕੇ ਉਸਦੀ ਅੰਮ੍ਰਿਤਸਰ ਸਾਹਿਬ ਤੋਂ ਵੋਟਾਂ ਵਿਚ ਮਦਦ ਕਰਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਪਾਇਆ। ਹਰ ਸਮੇਂ ਸਰਕਾਰੀ ਤੰਤਰ ਦਾ ਸਾਥ ਦੇਣ ਬਦਲੇ, ਸਿੱਖ ਕੌਮ ਵਿੱਚ ਹਰਨਾਮ ਸਿੰਘ ਧੁੰਮਾ ਦੀ ਛਵੀ ਬਣਾਈ ਰੱਖਣ ਲਈ ਸ਼ਹੀਦੀ ਯਾਦਗਾਰ ਬਣਾਉਣ ਦੀ ਉਸਨੂੰ ਖੁੱਲ ਦਿੱਤੀ ਗਈ ਤਾਂ ਕਿ ਸਮਾਂ ਆਉਣ ਤੇ ਇਸ ਕੰਮ ਨੂੰ ਢਾਲ ਵਜੋਂ ਵਰਤਿਆ ਜਾ ਸਕੇ। ਪਰ ਸਰਕਾਰੀ ਤੰਤਰ ਇਹ ਗੱਲ ਭੁੱਲ ਗਿਆ ਕੇ ਜੇ ਅਕਾਲ ਤਖ਼ਤ ਸਾਹਿਬ ਨੂੰ ਆਪ ਹੀ ਢਾਹ ਕੇ ਦੁਬਾਰਾ ਬਨਵਾਉਣ ਨਾਲ ਸਿੱਖ ਸਰਕਾਰੀ ਛਲਾਵੇ ਵਿਚ ਨਹੀ ਆਏ, ਦੂਜਾ ਬਾਦਲਾਂ ਵੱਲੋਂ ਆਪਣੇ ਕੌਮ ਘਾਤੀ ਕੁਕਰਮਾਂ ਤੇ ਪਰਦਾ ਪਾਉਣ ਲਈ ਬਣਾਏ ਵਿਰਾਸਤ ਏ ਖਾਲਸਾ, ਚੱਪੜਚਿੜੀ ਦੀ ਯਾਦਗਾਰ, ਦਰਬਾਰ ਸਾਹਿਬ ਗਲਿਆਰਾ ਤੇ ਹੋਰ ਕੰਮਾਂ ਤੋ ਸਿੱਖ ਕੌਮ ਕਿਸੇ ਭੁਲੇਖੇ ਵਿਚ ਨਹੀ ਪਈ, ਤਾਂ ਬਾਦਲਾਂ ਦੀ ਸਹਿਮਤੀ ਨਾਲ ਹੋਏ ਘੱਲੂਘਾਰੇ ਅਤੇ ਕੇਪੀ ਐਸ ਗਿੱਲ, ਸੈਣੀ, ਆਲਮ ਤੇ ਘੋਟਣੇ ਵਰਗੇ ਬੁੱਚੜਾਂ ਦੁਆਰਾ ਸ਼ਹੀਦ ਕੀਤੇ ਸਿੰਘਾਂ ਦੀ ਸ਼ਹੀਦੀ ਯਾਦਗਾਰ ਦੀ ਕਾਰ ਸੇਵਾ ਵੀ ਹਰਨਾਮ ਸਿੰਘ ਧੁੰਮਾ ਕੋਲੋਂ ਕਰਵਾ ਕੇ ਸਿੱਖਾਂ ਵਿਚ ਉਸਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਉਤਰਾਧਿਕਾਰੀ ਹੋਣ ਦਾ ਭੁਲੇਖਾ ਪਾਉਣ ਵਿੱਚ ਵੀ ਕਾਮਯਾਬੀ ਨਹੀਂ ਹੋ ਸਕਦੀ। ਇਸ 4 ਘੰਟੇ ਦੇ ਕਰੀਬ ਚੱਲੀ ਕਾਨਫਰੰਸ ਵਿੱਚ ਸਾਰੇ ਬੁਲਾਰਿਆਂ ਨੇ ਇਕਮੱਤ ਹੋ ਕੇ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਦੂਜੇ ਨਾਲ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਬਣਾਈ ਰੱਖਣ। ਸਿੱਖ ਐਕਟੀਵਿਸਟਾਂ ਤੇ ਪੰਥਕ ਜਥੇਬੰਦੀਆਂ ਨੂੰ ਸਰਕਾਰੀ ਤੰਤਰ ਦੀਆਂ ਚਾਲਾਂ, ਜਿੰਨਾਂ ਨਾਲ ਬਾਹਰਲੇ ਸਿੱਖਾਂ ਨੂੰ ਭਾਰਤ ਦੀ ਅਧੀਨਗੀ ਅਤੇ ਮਿਲਵਰਤਣ ਕਰਕੇ ਨਾਲ ਚੱਲਣ ਲਈ ਸਹਿਮਤ ਕਰਨ , ਅਤੇ ਆਪਸ ਵਿੱਚ ਪਾਟੋਧਾੜ ਕਰਨ ਦੀਆਂ ਜੋ ਸਾਜਿਸ਼ਾਂ ਹੋ ਰਹੀਆਂ ਹਨ ਉਸਤੋਂ ਵੀ ਸੁਚੇਤ ਰਹਿਣ ਲਈ ਕਿਹਾ ਗਿਆ। ਅੱਜ ਟੈਲੀਕਾਨਫਰੰਸ ਵਿੱਚ ਸ਼ਾਮਲ ਸਮੂਹ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਨੂੰ ਪੰਥ ਦੀ ਬਹੁਤ ਸਤਿਕਾਰਤ ਜਥੇਬੰਦੀ ਐਲਾਨਦਿਆਂ ਪਿਛਲੇ ਸਮੇਂ ਵਿੱਚ ਕੌਮੀ ਅਗਵਾਈ ਕਰਨ ਲਈ ਬੇਹੱਦ ਸ਼ਲਾਘਾ ਕੀਤੀ, ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਆਖ਼ਰੀ ਸਾਹਾਂ ਤੱਕ ਪਹਿਰਾ ਦੇਣ ਦੀ ਵਚਨਬੱਧਤਾ ਦੁਹਰਾਈ । ਨਾਲ ਹੀ ਸਾਰਿਆਂ ਨੇ ਇੱਕ ਅਵਾਜ਼ ਵਿੱਚ ਦਮਦਮੀ ਟਕਸਾਲ ਦੇ ਸੁਹਿਰਦ ਟਕਸਾਲੀ ਸਿੰਘਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਇਕਜੁੱਟ ਹੋ ਕੇ ਇਸ ਮਾਣਮੱਤੀ ਜਥੇਬੰਦੀ ਨੂੰ ਸਰਕਾਰੀ ਪ੍ਰਭਾਵ ਤੋਂ ਮੁਕਤ ਕਰਾਉਣ ਲਈ ਤੱਤਪਰ ਹੋਣ ਤਾਂ ਕਿ ਗੁਰੂ ਸਾਹਿਬ ਦੀ ਅਗੰਮੀ ਬਖ਼ਸ਼ਿਸ਼ ਦੇ ਪਾਤਰ ਉੱਚੇ ਜੀਵਨ ਵਾਲੇ ਕਿਸੇ ਯੋਗ ਜਰਨੈਲ ਨੂੰ ਦਮਦਮੀ ਟਕਸਾਲ ਦੀ ਅਗਵਾਈ ਦਿੱਤੀ ਜਾਵੇ ।ਇਸ ਤਰਾਂ ਸਿੱਖ ਕੌਮ ਪਿਛਲੇ ਸਮੇਂ ਵਾਂਗ ਉਸ ਅਗਵਾਈ ਵਿਚ ਆਪਣੇ ਅਗਲੇਰੇ ਸੰਘਰਸ਼ ਲਈ ਕਮਰਕੱਸੇ ਕਰਕੇ ਆਪਣੀ ਮੰਜਲ ਤੱਕ ਪਹੁੰਚਣ ਵਿਚ ਕਾਮਯਾਬ ਹੋ ਸਕੇ।
ਸ. ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ SCCEC , ਸ. ਹਿੰਮਤ ਸਿੰਘ, ਕੋਆਰਡੀਨੇਟਰ WSP, ਡਾ. ਪ੍ਰਿਤਪਾਲ ਸਿੰਘ ਸਿੱਖ ਕਾਕਸ ਕਮੇਟੀ, ਸ. ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਬਖਸ਼ੀਸ਼ ਸਿੰਘ ਸੰਧੂ ਕਾਂਊਸਿਲ ਆਫ ਖਾਲਿਸਤਾਨ, ਸ. ਪ੍ਰਿਤਪਾਲ ਸਿੰਘ ਕੋਆਰਡੀਨੇਟਰ ਦਲ ਖਾਲਸਾ, ਸ. ਟਹਿਲ ਸਿੰਘ ਸਾਬਕਾ ਪ੍ਰਧਾਨ ਸਿੱਖ ਕਲਚਰਲ ਸੋਸਾਇਟੀ, ਸ. ਸੁਰਜੀਤ ਸਿੰਘ ਕੁਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ. ਰਜਿੰਦਰ ਸਿੰਘ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੁਸਾਇਟੀ, ਸ. ਜੋਗਾ ਸਿੰਘ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ, ਸ. ਕਿਰਪਾਲ ਸਿੰਘ ਬਲਿੰਗ ਨਿਊਯਾਰਕ, ਡਾ ਹਰਦਮ ਸਿੰਘ ਅਜ਼ਾਦ ਸਿੱਖ ਨੈਸ਼ਨਲ ਸੈਂਟਰ ਟੈਕਸਸ, ਸ. ਗੁਰਮੇਲ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਸ. ਬਲਵਿੰਦਰ ਸਿੰਘ ਚੱਠਾ ਵਰਜੀਨੀਆਂ, ਸ. ਨਰਿੰਦਰ ਸਿੰਘ ਵਰਜੀਨੀਆਂ, ਸ. ਹਰਮਿੰਦਰ ਸਿੰਘ ਆਹਲੂਵਾਲੀਆ, ਸ. ਸੰਤੋਖ ਸਿੰਘ , ਮੱਖਣ ਸਿੰਘ ਕਲੇਰ ਸ਼ਿਕਾਗੋ, ਹਰਪਾਲ ਸਿੰਘ ਸਿਆਟਲ, ਸਾਹਿਬ ਸਿੰਘ ਸਿਆਟਲ, ਸੁਖਵਿੰਦਰ ਸਿੰਘ ਠਾਣਾ ਕੈਲੇਫੋਰਨੀਆਂ, ਭਰਪੂਰ ਸਿੰਘ ਇੰਡਿਆਨਾ, ਗੁਰਮੇਲ ਸਿੰਘ ਢੇਸੀ ਟੈਕਸਾਸ ਇਤਿਆਦਕ
You must be logged in to post a comment Login