ਸਿਡਨੀ, 4 ਜਨਵਰੀ- ਨਿਊ ਸਾਊਥ ਵੇਲਸ ਦੀ ਟਰਾਂਸਪੋਰਟ ਮੰਤਰੀ ਨੂੰ ਸਰਕਾਰੀ ਡਰਾਈਵਰ ਦੀ ਦੁਰਵਰਤੋਂ ਦੇ ਦੋਸ਼ ਕਰਕੇ ਅਹੁਦਾ ਛੱਡਣਾ ਪੈ ਗਿਆ ਹੈ। ਮੰਤਰੀ ਜੋਅ ਹੈਲੇਨ (Jo Haylen ) ਨੇ 25 ਜਨਵਰੀ ਨੂੰ ਹੰਟਰ ਵੈਲੀ ਵਿੱਚ ਬ੍ਰੋਕਨਵੁੱਡ ਵਾਈਨਰੀ ਵਿੱਚ ਨਿੱਜੀ ਪ੍ਰੋਗਰਾਮ (ਦੁਪਹਿਰ ਦੇ ਖਾਣੇ) ਲਈ ਸਰਕਾਰੀ ਕਾਰ ਡਰਾਈਵਰ ਦੀਆਂ ਸੇਵਾਵਾਂ ਲਈਆਂ। ਹੈਲੇਨ ਨੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਿਡਨੀ ਤੋਂ ਆਪਣੇ ਫਾਰਮ ਹਾਊਸ ’ਤੇ ਜਾਣ-ਆਉਣ ਲਈ ਕਰੀਬ 446 ਕਿਲੋਮੀਟਰ ਸਰਕਾਰੀ ਸੇਵਾ ਦਾ ਲਾਭ ਲਿਆ। ਡਰਾਈਵਰ ਨੇ ਉਨ੍ਹਾਂ ਦਾ ਖਾਣਾ ਖਤਮ ਹੋਣ ਤੱਕ ਤਿੰਨ ਘੰਟੇ ਇੰਤਜ਼ਾਰ ਕੀਤਾ, ਫਿਰ ਉਨ੍ਹਾਂ ਨੂੰ ਕੇਵਜ਼ ਬੀਚ ’ਤੇ ਵਾਪਸ ਛੱਡਣ ਗਿਆ ਅਤੇ 13 ਘੰਟਿਆਂ ਮਗਰੋਂ ਸਿਡਨੀ ਪਰਤਿਆ। ਇਸ ਸੇਵਾ ਦੇ ਬਦਲੇ ਡਰਾਈਵਰ ਨੂੰ ਸਰਕਾਰੀ ਖਜ਼ਾਨੇ ’ਚੋਂ 750 ਡਾਲਰ ਦਾ ਭੁਗਤਾਨ ਕੀਤਾ ਗਿਆ। ਘਟਨਾ ਜਨਤਕ ਹੋਣ ਮਗਰੋਂ ਮੰਤਰੀ ਦੀ ਆਲੋਚਨਾ ਹੋਣੀ ਸ਼ੁਰੂ ਹੋਈ ਤਾਂ ਹੈਲਨ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਤੇ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇ ਦਿੱਤਾ। ਹੈਲਨ ਨੇ ਕਿਹਾ ਕਿ ਲੋਕਾਂ ਨੇ ਉਸ ਨੂੰ ਸਰਕਾਰ ਦੇ ਜ਼ਿੰਮੇਵਾਰ ਮੰਤਰੀ ਵਜੋਂ ਚੁਣਿਆ ਸੀ ਪਰ ਉਸ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ ਅਤੇ ਹੁਣ ਸ਼ਰਮਸਾਰ ਹੈ। ਹੈਲਨ ਦੇ ਅਸਤੀਫੇ ਦੇ ਐਲਾਨ ਤੋ ਬਾਅਦ ਲੋਕ ਉਸ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ।

You must be logged in to post a comment Login