ਨਵੀਂ ਦਿੱਲੀ, 30 ਜੁਲਾਈ- ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ’ਚ ਦਾਅਵਾ ਕੀਤਾ ਕਿ ਡਰ ਦਾ ਮਾਹੌਲ ਬਣਾ ਕੇ ਛੇ ਜਣਿਆਂ ਦੇ ਧੜੇ ਨੇ ਅਭਿਮੰਨਿਊ ਵਾਂਗ ਪੂਰੇ ਹਿੰਦੁਸਤਾਨ ਨੂੰ ਚੱਕਰਵਿਊ ’ਚ ਫਸਾਇਆ ਹੋਇਆ ਹੈ ਜਿਸ ਨੂੰ ‘ਇੰਡੀਆ’ ਗੱਠਜੋੜ ਤੋੜ ਦੇਵੇਗਾ। ਬਜਟ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਰਾਹੁਲ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਸਦਨ ’ਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਜਾਤੀਗਤ ਜਨਗਣਨਾ ਪਾਸ ਕਰਾਉਣਾ ਯਕੀਨੀ ਬਣਾਏਗਾ। ਰਾਹੁਲ ਦੇ ਭਾਸ਼ਣ ’ਚ ਮਹਾਭਾਰਤ ਦਾ ਜ਼ਿਕਰ ਆਉਣ ’ਤੇ ਲੋਕ ਸਭਾ ’ਚ ਹੰਗਾਮਾ ਹੋਇਆ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਲਗਾਤਾਰ ਦਖ਼ਲ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਬਜਟ ਦਾ ਇਕੋ ਇਕ ਉਦੇਸ਼ ਵੱਡੇ ਕਾਰੋਬਾਰੀਆਂ ਨੂੰ ਮਜ਼ਬੂਤ ਬਣਾਉਣਾ ਅਤੇ ਜਮਹੂਰੀ ਢਾਂਚੇ ਨੂੰ ਨਸ਼ਟ ਕਰਨ ਵਾਲੇ ਸਿਆਸੀ ਗ਼ਲਬੇ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ਜਦਕਿ ਨੌਜਵਾਨਾਂ, ਕਿਸਾਨਾਂ ਅਤੇ ਮੱਧ ਵਰਗ ਨੂੰ ਅਣਗੌਲਿਆ ਕੀਤਾ ਗਿਆ ਹੈ। ਕਾਂਗਰਸ ਆਗੂ ਨੇ ਕਿਹਾ, ‘‘ਦੇਸ਼ ’ਚ ਡਰ ਦਾ ਮਾਹੌਲ ਹੈ ਅਤੇ ਇਹ ਹਰ ਪੱਖ ’ਚ ਨਜ਼ਰ ਆਉਂਦਾ ਹੈ। ਭਾਜਪਾ ’ਚ ਸਿਰਫ਼ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਲੈਣ ਦੀ ਇਜਾਜ਼ਤ ਹੈ। ਜੇ ਰੱਖਿਆ 4ਮੰਤਰੀ, ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਇਹ ਵੱਡੀ ਸਮੱਸਿਆ ਹੈ ਅਤੇ ਡਰ ਹੈ। ਇਹ ਡਰ ਪੂਰੇ ਦੇਸ਼ ’ਚ ਫੈਲਾਇਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਹਰਿਆਣਾ ਦੇ ਕੁਰੂਕਸ਼ੇਤਰ ’ਚ ਛੇ ਵਿਅਕਤੀਆਂ ਨੇ ਨੌਜਵਾਨ ਅਭਿਮੰਨਿਊ ਨੂੰ ਚੱਕਰਵਿਊ ’ਚ ਫਸਾ ਕੇ ਮਾਰਿਆ ਸੀ। ‘ਚੱਕਰਵਿਊ ਦਾ ਦੂਜਾ ਨਾਮ ‘ਪਦਮਵਿਊ’ ਹੈ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ। ਇਸ ਦੇ ਅੰਦਰ ਡਰ ਅਤੇ ਹਿੰਸਾ ਹੁੰਦੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ ਚੱਕਰਵਿਊ ਤਿਆਰ ਕਰਨ ਵਾਲੇ ਛੇ ਵਿਅਕਤੀ ਹਨ। ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰਾਂ ਦੇ ਨਾਮ ਲਏ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉਹ ਸਦਨ ਦੇ ਮੈਂਬਰ ਨਹੀਂ ਹਨ। ਇਸ ਮਗਰੋਂ ਰਾਹੁਲ ਗਾਂਧੀ ਨੇ ਦੇਸ਼ ਦੇ ਵੱਡੇ ਕਾਰੋਬਾਰੀਆਂ ਨੂੰ ਏ-1 ਅਤੇ ਏ-2 ਆਖ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਚੱਕਰਵਿਊ ਨਹੀਂ ਸਗੋਂ ‘ਸ਼ਿਵਜੀ ਦੀ ਬਰਾਤ’ ਪਸੰਦ ਕਰਦਾ ਹੈ ਜਿਸ ’ਚ ਹਰ ਵਰਗ ਦੇ ਲੋਕ ਸ਼ਾਮਲ ਹੋ ਸਕਦੇ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login