ਸੰਯੁਕਤ ਰਾਸ਼ਟਰ 2 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ-ਉਪਰੰਤ ਸਨਮਾਨਿਤ ਕਰੇਗਾ

ਸੰਯੁਕਤ ਰਾਸ਼ਟਰ 2 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ-ਉਪਰੰਤ ਸਨਮਾਨਿਤ ਕਰੇਗਾ

ਨਵੀਂ ਦਿੱਲੀ, 29 ਮਈ : ਸੰਯੁਕਤ ਰਾਸ਼ਟਰ (UN) ਦੋ ਭਾਰਤੀ ਸ਼ਾਂਤੀ ਸੈਨਿਕਾਂ ਬ੍ਰਿਗੇਡੀਅਰ ਅਮਿਤਾਭ ਝਾਅ ਅਤੇ ਹਵਲਦਾਰ ਸੰਜੇ ਸਿੰਘ (Brigadier Amitabh Jha and Havildar Sanjay Singh) ਨੂੰ ਵਿਸ਼ਵ ਸ਼ਾਂਤੀ ਦੀ ਸੇਵਾ ਵਿੱਚ ਉਨ੍ਹਾਂ ਦੇ ਸਰਬਉੱਚ ਬਲੀਦਾਨ ਦੇ ਸਨਮਾਨ ਵਿੱਚ ਮਰਨ-ਉਪਰੰਤ ਵੱਕਾਰੀ “ਡੈਗ ਹੈਮਰਸਕਜੋਲਡ ਮੈਡਲ” (Dag Hammarskjöld Medal) ਪ੍ਰਦਾਨ ਕਰੇਗਾ। ਬ੍ਰਿਗੇਡੀਅਰ ਅਮਿਤਾਭ ਝਾਅ ਸੰਯੁਕਤ ਰਾਸ਼ਟਰ ਡਿਸਇੰਗੇਜਮੈਂਟ ਆਬਜ਼ਰਵਰ ਫੋਰਸ (UNDOF) ਨਾਲ ਜੁੜੇ ਹੋਏ ਸਨ, ਜੋ ਮੱਧ ਪੂਰਬ ਵਿਚ ਇਜ਼ਰਾਈਲ ਤੇ ਅਰਬ ਮੁਲਕਾਂ ਦਰਮਿਆਨ ਝਗੜੇ ਵਾਲੀਆਂ ਗੋਲਾਨ ਪਹਾੜੀਆਂ (Golan Heights) ਵਿੱਚ ਨਾਜ਼ੁਕ ਜੰਗਬੰਦੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ। ਦੂਜੇ ਪਾਸੇ ਹਵਲਦਾਰ ਸੰਜੇ ਸਿੰਘ ਅਫ਼ਰੀਕੀ ਮੁਲਕ ਕਾਂਗੋ ਡੈਮੋਕ੍ਰੇਟਿਕ ਰਿਪਬਲਿਕ (MONUSCO) ਵਿੱਚ ਸੰਯੁਕਤ ਰਾਸ਼ਟਰ ਸਥਿਰਤਾ ਮਿਸ਼ਨ ਵਿੱਚ ਤਾਇਨਾਤ ਸਨ, ਜਿੱਥੇ ਉਨ੍ਹਾਂ ਨੇ ਸੰਘਰਸ਼ ਮਾਰੇ ਖੇਤਰਾਂ ਨੂੰ ਸਥਿਰ ਕਰਨ ਲਈ ਕੰਮ ਕੀਤਾ। ਇਹ ਮੈਡਲ ਅੱਜ (29 ਮਈ) ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਇੱਕ ਸਮਾਰੋਹ ਦੌਰਾਨ ਮਰਨ-ਉਪਰੰਤ ਪੇਸ਼ ਕੀਤੇ ਜਾਣਗੇ। ਇਹ ਸਾਮਰੋਹ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਕੀਤਾ ਜਾ ਰਿਹਾ ਹੈ। ਗ਼ੌਰਤਲਬ ਹੈ ਕਿ ਇਹ ਮੌਕਾ 4,300 ਤੋਂ ਵੱਧ ਸ਼ਾਂਤੀ ਸੈਨਿਕਾਂ ਦੇ ਸਨਮਾਨ ਲਈ ਸਮਰਪਿਤ ਹੈ, ਜਿਨ੍ਹਾਂ ਨੇ 1948 ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਸੇਵਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ।

You must be logged in to post a comment Login