ਵੈਨਕੂਵਰ, 15 ਅਪਰੈਲ : ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆਉਣ ਲੱਗਾ ਹੈ, ਤਿਵੇਂ ਤਿਵੇਂ ਵੋਟਰ ਮਨ ਖੋਲ੍ਹਣ ਲੱਗੇ ਹਨ, ਜਿਸ ਨਾਲ ਤਸਵੀਰ ਕੁਝ ਸਾਫ ਹੋਣ ਲੱਗੀ ਹੈ ਕਿ ਚੋਣਾਂ ਤੋਂ ਬਾਅਦ ਦੇਸ਼ ਦੀ ਵਾਗਡੋਰ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੱਥ ਰਹੇਗੀ ਜਾਂ ਉਸ ਕੁਰਸੀ ’ਤੇ ਕੰਜ਼ਰਵੇਟਿਵ ਆਗੂ ਪੀਅਰ ਪੋਲਿਵਰ ਬਿਰਾਜਮਾਨ ਹੋਣਗੇ। ਭਰੋਸੇਮੰਦ ਮੰਨੇ ਜਾਂਦੇ ਕੁਝ ਸਰਵੇਖਣ ਅਦਾਰਿਆਂ ਵੱਲੋਂ ਜਾਰੀ ਰਿਪੋਰਟਾਂ ਮੁਤਾਬਕ ਟੱਕਰ ਦਿਨ ਬਦਿਨ ਫਸਵੀਂ ਬਣਦੀ ਜਾ ਰਹੀ ਹੈ। ਸਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਕੁਝ ਨੀਤੀਆਂ ਕਾਰਨ ਪਾਰਟੀ ਨਾਲ ਨਾਰਾਜ਼ ਹੋਏ ਵੋਟਰਾਂ ਨੇ ਤਿੰਨ ਮਹੀਨੇ ਪਹਿਲਾਂ ਲਿਬਰਲ ਪਾਰਟੀ ਨੂੰ ਲੋਕਪ੍ਰਿਅਤਾ ਪੱਖੋਂ 25 ਫੀਸਦ ਤੱਕ ਹੇਠਾਂ ਸੁੱਟ ਦਿੱਤਾ ਸੀ, ਪਰ ਮਾਰਕ ਕਾਰਨੀ ਵਲੋਂ ਪ੍ਰਧਾਨ ਮੰਤਰੀ ਬਣ ਕੇ ਚੋਣਾਂ ਦਾ ਐਲਾਨ ਕਰਨ ਅਤੇ ਅਮਰੀਕਨ ਰਾਸ਼ਟਰਪਤੀ ਦੀਆਂ ਟੈਰਿਫ ਧਮਕੀਆਂ ਨਾਲ ਸਿੱਝਣ ਵਾਲੇ ਬਾਦਲੀਲ ਬਿਆਨਾਂ ਨੇ ਪਾਰਟੀ ਵਿੱਚ ਨਵੀਂ ਰੂਹ ਫੂਕੀ ਤੇ ਅਪਰੈਲ ਦੇ ਪਹਿਲੇ ਹਫਤੇ ਪਾਰਟੀ ਨੂੰ 44 ਫੀਸਦ ਲੋਕਪ੍ਰਿਅਤਾ ’ਤੇ ਲਿਜਾ ਖੜਾਇਆ, ਜਦ ਕਿ ਕੰਜ਼ਰਵੇਟਿਵ 37 ਫੀਸਦ ’ਤੇ ਜਾ ਅਟਕੇ।
ਦੋ ਦਿਨ ਪਹਿਲਾਂ ਉਨ੍ਹਾਂ ਸਰਵੇਖਣ ਏਜੰਸੀਆਂ ਦੇ ਤਾਜ਼ੇ ਸਰਵੇਖਣਾਂ ਵਿੱਚ ਲਿਬਰਲਾਂ ਤੇ ਟੋਰੀਆਂ ਦਾ ਫਰਕ ਸਿਰਫ 3 ਫੀਸਦ ਰਹਿ ਗਿਆ ਹੈ ਤੇ ਵੋਟ ਲਈ ਮਨ ਬਣਾ ਚੁੱਕੇ ਵੋਟਰਾਂ ਦੀ ਫੀਸਦ ਵਧਣ ਲੱਗੀ ਹੈ। ਬੇਸ਼ੱਕ ਕਿਊਬਕ ਸੂਬੇ ਤੱਕ ਹੀ ਸੀਮਤ ਬਲਾਕ ਕਿਊਬਕਵਾ ਦਾ ਗਰਾਫ 6 ਫੀਸਦ ’ਤੇ ਟਿਕਿਆ ਹੈ, ਪਰ ਤਾਜ਼ੇ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਕੈਨੇਡਾ ਭਰ ’ਚ ਆਪਣੇ ਉਮੀਦਵਾਰ ਖੜਾਉਣ ਵਾਲੀ ਨਿਊ ਡੈਮੋਕਰੈਟਿਕ ਪਾਰਟੀ ਦੇ ਚਹੇਤੇ ਇੱਕ ਫੀਸਦ ਘਟ ਗਏ ਹਨ। ਇਸ ਦੇ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਕੇਂਦਰੀ ਹਲਕੇ ਤੋਂ ਆਪਣੀ ਸੀਟ ਬਚਾਉਣੀ ਔਖੀ ਹੋਈ ਪਈ ਹੈ। ਗਰੀਨ ਪਾਰਟੀ ਪਹਿਲਾਂ ਵਾਂਗ ਦੋ ਢਾਈ ਫੀਸਦ ’ਤੇ ਸਿਮਟੀ ਹੋਈ ਹੈ।
You must be logged in to post a comment Login