ਅਮਰੀਕਾ ਦੇ ਸਕੂਲ ’ਚ ਗੋਲੀਬਾਰੀ ਕਾਰਨ 19 ਬੱਚਿਆਂ ਸਣੇ 21 ਮੌਤਾਂ

ਅਮਰੀਕਾ ਦੇ ਸਕੂਲ ’ਚ ਗੋਲੀਬਾਰੀ ਕਾਰਨ 19 ਬੱਚਿਆਂ ਸਣੇ 21 ਮੌਤਾਂ

ਹਿਊਸਟਨ (ਅਮਰੀਕਾ), 25 ਮਈ- ਅਮਰੀਕਾ ਦੇ ਟੈਕਸਾਸ ਸੂਬੇ ਦੇ ਐਲੀਮੈਂਟਰੀ ਸਕੂਲ ਵਿਚ 18 ਸਾਲਾ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 19 ਬੱਚਿਆਂ ਸਮੇਤ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੁਲੀਸ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ। ਮੰਗਲਵਾਰ ਸਵੇਰੇ ਕਰੀਬ 11:30 ਵਜੇ ਸਾਂ ਐਂਟੋਨੀਓ ਤੋਂ 134 ਕਿਲੋਮੀਟਰ ਦੂਰ ਟੈਕਸਾਸ ਦੇ ਉਵਾਲਡੇ ਵਿੱਚ ਰੌਬ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਸਕੂਲ ਦੇ ਨੇੜੇ ਇਲਾਕੇ ਦੇ ਰਹਿਣ ਵਾਲੇ ਸਾਲਵਾਡੋਰ ਰਾਮੋਸ ਵਜੋਂ ਹੋਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਉਂ ਕੀਤਾ ਗਿਆ। ਐਬੋਟ ਨੇ ਮੰਗਲਵਾਰ ਸ਼ਾਮ ਨੂੰ ਕਿਹਾ, ‘ਉਸ ਨੇ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਵਿੱਚ 14 ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ’ ਬਾਅਦ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਅਤੇ ਗੋਲੀਬਾਰੀ ਵਿੱਚ 19 ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਾਮੋਸ ਕੋਲ ਹੈਂਡਗਨ ਅਤੇ ਏਆਰ-15 ਸੈਮੀ-ਆਟੋਮੈਟਿਕ ਰਾਈਫਲ ਸੀ। ਉਸ ਕੋਲ ਵੱਡਾ ਮੈਗਜ਼ੀਨ ਵੀ ਸੀ। ਅਜੇ ਤੱਕ ਮ੍ਰਿਤਕਾਂ ਦੇ ਨਾਂ ਅਤੇ ਹੋਰ ਵੇਰਵੇ ਉਪਲਬਧ ਨਹੀਂ ਹੋਏ ਹਨ। ਸਕੂਲ ਦੀ ਵੈੱਬਸਾਈਟ ਅਨੁਸਾਰ ਇਸ ਦੇ ਵਿਦਿਆਰਥੀਆਂ ਦੀ ਉਮਰ ਪੰਜ ਤੋਂ 11 ਸਾਲ ਤੱਕ ਹੈ।

You must be logged in to post a comment Login