ਏਅਰ ਇੰਡੀਆ ਖ਼ਰੀਦਣ ਲਈ ਟਾਟਾ ਸੰਨਜ਼ ਦੀ ਸਭ ਤੋਂ ਜ਼ਿਆਦਾ ਬੋਲੀ!

ਏਅਰ ਇੰਡੀਆ ਖ਼ਰੀਦਣ ਲਈ ਟਾਟਾ ਸੰਨਜ਼ ਦੀ ਸਭ ਤੋਂ ਜ਼ਿਆਦਾ ਬੋਲੀ!

ਨਵੀਂ ਦਿੱਲੀ: ਕਰਜ਼ੇ ’ਚ ਡੁੱਬੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਖ਼ਰੀਦਣ ਲਈ ਟਾਟਾ ਸੰਨਜ਼ ਨੇ ਸਭ ਤੋਂ ਵੱਧ ਬੋਲੀ ਲਗਾਈ ਹੈ ਪਰ ਸੂਤਰਾਂ ਨੇ ਦੱਸਿਆ ਕਿ ਬੋਲੀ ਨੂੰ ਅਜੇ ਤੱਕ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੇ ਮੰਤਰੀਆਂ ਦੇ ਗੁੱਟ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਟਾਟਾ ਸੰਨਜ਼ ਅਤੇ ਸਪਾਈਸਜੈੱਟ ਦੇ ਪ੍ਰਮੋਟਰ ਅਜੈ ਸਿੰਘ ਦੀਆਂ ਬੋਲੀਆਂ ਨੂੰ ਕੁਝ ਦਿਨ ਪਹਿਲਾਂ ਖੋਲ੍ਹਿਆ ਗਿਆ ਅਤੇ ਬੁੱਧਵਾਰ ਨੂੰ ਇਸ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੋਲੀਆਂ ਦੀ ਰਾਖਵੀਂ ਕੀਮਤ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਪਾਇਆ ਗਿਆ ਕਿ ਟਾਟਾ ਦੀ ਬੋਲੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਏਅਰ ਇੰਡੀਆ ਦੇ ਨਿੱਜੀਕਰਨ ਲਈ ਬਣੇ ਸ਼ਾਹ ਦੀ ਅਗਵਾਈ ਹੇਠਲੇ ਮੰਤਰੀਆਂ ਦੇ ਗੁੱਟ ਸਾਹਮਣੇ ਰੱਖਿਆ ਜਾਵੇਗਾ। ਉਂਜ ਵਿੱਤ ਮੰਤਰਾਲੇ ਅਤੇ ਟਾਟਾ ਸੰਨਜ਼ ਨੇ ਇਸ ਮੁੱਦੇ ’ਤੇ ਟਿੱਪਣੀ ਕਰਨ ਤੋਂ  ਇਨਕਾਰ ਕੀਤਾ ਹੈ। ਇਸ ਦੌਰਾਨ ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹੀਨ ਕਾਂਤਾ ਪਾਂਡੇ ਨੇ ਇਕ ਟਵੀਟ ਕਰਕੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਏਅਰ ਇੰਡੀਆ ਲਈ ਵਿੱਤੀ ਬੋਲੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਉਨ੍ਹਾਂ ਬੋਲੀਆਂ ਨੂੰ ਮਨਜ਼ੂਰੀ ਦੇਣ ਵਾਲੀ ਮੀਡੀਆ ਰਿਪੋਰਟ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਮੀਡੀਆ ਨੂੰ ਸਰਕਾਰ ਦੇ ਫ਼ੈਸਲੇ ਬਾਰੇ ਦੱਸਿਆ ਜਾਵੇਗਾ।  ਉਂਜ ਸਰਕਾਰ ਜੇਕਰ ਟਾਟਾ ਸੰਨਜ਼ ਦੀ ਬੋਲੀ ਸਵੀਕਾਰ ਕਰ ਲੈਂਦੀ ਹੈ ਤਾਂ ਉਹ ਏਅਰ ਇੰਡੀਆ ਦੀ ਮਾਲਕ ਬਣ ਜਾਵੇਗੀ ਜਿਸ ਦੀ ਸਥਾਪਨਾ ਟਾਟਾ ਨੇ ਹੀ ਕੀਤੀ ਸੀ। ਜਹਾਂਗੀਰ ਰਤਨਜੀ ਦਾਦਾਭਾਈ (ਜੇਆਰਡੀ) ਟਾਟਾ ਨੇ 1932 ’ਚ ਏਅਰਲਾਈਨ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਇਸ ਕੰਪਨੀ ਨੂੰ ਟਾਟਾ ਏਅਰਲਾਈਨਜ਼ ਆਖਿਆ   ਜਾਂਦਾ ਸੀ।

You must be logged in to post a comment Login