ਕੈਨੇਡਾ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ

ਕੈਨੇਡਾ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਬੂਰ ਪੈਣ ਦੀ ਆਸ

ਸਿੱਧੀਆਂ ਉਡਾਣਾਂ ਦੀ ਮੁਹਿੰਮ ਨੂੰ ਵੱਡਾ ਹੁਲਾਰਾਇਕ ਵਾਰ ਫਿਰ ਕੈਨੇਡਾ ਦੀ ਸੰਸਦ ਵਿੱਚ ਉੱਠਿਆ ਮਸਲਾ

ਵੈਨਕੂਵਰ, 16 ਮਈ (ਪੰਜਾਬ ਐਕਸਪ੍ਰੈਸ ਬਿਊਰੋ)– ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਈ ਦੁਵੱਲੀ ਮੰਤਰੀ ਪੱਧਰੀ ਗੱਲਬਾਤ ਦੌਰਾਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਲਈ ਧੰਨਵਾਦ ਪ੍ਰਗਟਾਇਆ ਹੈ। ਵੈਨਕੁਵਰ-ਕੈਨੇਡਾ ਤੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ, ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਾਲੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ) ਅਤੇ ਬੁਲਾਰੇ ਮੋਹਿਤ ਧੰਜੂ (ਕੈਨੇਡਾ) ਨੇ ਬਰੈਂਪਟਨ ਉੱਤਰੀ ਦੀ ਨੁਮਾਇੰਦਗੀ ਕਰਦੇ ਸੰਸਦ ਮੈਂਬਰ ਰੂਬੀ ਸਹੋਤਾ ਵਲੋਂ ਕੈਨੇਡਾ ਦੀ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਸੰਸਦ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮਾਰ ਅਲਘਬਰਾ ਨੂੰ ਉਡਾਣਾਂ ਦੇ ਮੁੱਦੇ ਸੰਬੰਧੀ ਸਰਕਾਰ ਦੀ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਮੰਤਰੀ ਅਲਘਬਰਾ ਨੇ ਇਸ ਸੰਬੰਧੀ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਵਲੋਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹੋਈ ਮੀਟਿੰਗ ਦੋਰਾਨ ਵੀ ਇਸ ਬਾਬਤ ਚਰਚਾ ਕੀਤੀ ਗਈ ਹੈ।

ਨਾਲ ਹੀ ਢਿੱਲੋਂ ਨੇ ਦੱਸਿਆਂ ਕਿ ਉਪਰੰਤ ਐਮਪੀ ਸਹੋਤਾ ਨੇ ਏਅਰ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਸੱਦੀ ਜਿਸ ਵਿੱਚ ਸਮੀਪ ਸਿੰਘ ਗੁਮਟਾਲਾ ਨੇ ਏਅਰ ਕੈਨੇਡਾ ਨੂੰ ਟਰੈਫਿਕ ਨੰਬਰਾਂ ਅਤੇ ਹੋਰ ਮਹੱਤਵਪੂਰਨ ਅੰਕੜਿਆਂ ਦੇ ਨਾਲ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ। ਇਸ ਭੇਂਟ-ਵਾਰਤਾ ਵਿੱਚ ਪੰਜਾਬੀ ਭਾਈਚਾਰੇ ਦੇ ਆਗੂ ਜਗਦੇਵ ਰੰਧਾਵਾ, ਜੰਗੀਰ ਸਹਿੰਬੀ, ਪ੍ਰਭਜੋਤ ਸਿੰਘ, ਜੰਗੀਰ ਕਾਹਲੋਂ, ਹਰਜਿੰਦਰ ਥਿੰਦ, ਕੁਲਤਾਰਨ ਪਧਿਆਣਾ, ਕੁਲਵਿੰਦਰ ਛੀਨਾ ਅਤੇ ਰਜਿੰਦਰ ਸੈਣੀ ਵੀ ਸ਼ਾਮਲ ਹੋਏ। ਕੈਨਾਡਾ ਦੀ ਸੰਸਦ ਅਤੇ ਦੁਵੱਲੀ ਭਾਰਤ-ਕੈਨੇਡਾ ਦੇ ਮੰਤਰੀਆਂ ਦੀ ਉੱਚ-ਪੱਧਰੀ ਗੱਲਬਾਤ ਵਿੱਚ ਵੀ ਇਸ ਮੁੱਦੇ ਦਾ ਉੱਠਾਇਆ ਜਾਣਾ, ਟੋਰਾਂਟੋ, ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਬਤ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਵੱਡਾ ਹੁਲਾਰਾ ਹੈ। ਪਹਿਲੀ ਵਾਰ ਭਾਈਚਾਰੇ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਕੌਮੀ ਪੱਧਰ ‘ਤੇ ਕੈਨੇਡਾ ਦੀਆਂ ਦੋਵੇਂ ਵੱਡੀਆਂ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਨੁਮਾਇੰਦਿਆਂ ਦੁਆਰਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ।

ਇਸ ਸੰਬੰਧੀ ਗੁਮਟਾਲਾ ਦਾ ਕਹਿਣਾ ਹੈ ਕਿ “ਪਿਛਲੇ ਕੁੱਝ ਸਮੇਂ ਵਿੱਚ ਮਿਲੇ ਭਰਵੇਂ ਹੁੰਗਾਰੇ ਨਾਲ ਅਸੀਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਆਸਵੰਦ ਹਾਂ ਕਿ ਏਅਰ ਕੈਨੇਡਾ ਜਾਂ ਏਅਰ ਇੰਡੀਆ ਵੱਲੋਂ ਨੇੜਲੇ ਭਵਿੱਖ ਵਿੱਚ ਇਹ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।” ਉਹਨਾਂ ਆਖਿਆ ਕਿ ਸਾਨੂੰ ਖੁਸ਼ੀ ਹੈ ਅੰਮ੍ਰਿਤਸਰ ਅਤੇ ਕੈਨੇਡਾ ਦਰਮਿਆਨ ਸਿੱਧਾ ਹਵਾਈ ਸੰਪਰਕ ਸ਼ੁਰੂ ਕਰਵਾਉਣ ਲਈ ਵਿੱਢੇ ਗਏ ਇਸ ਅਭਿਆਨ ਦੇ ਯਤਨਾਂ ਨੇ ਮਜ਼ਬੂਤੀ ਨਾਲ ਪ੍ਰਭਾਵ ਪਾਇਆ ਹੈ।

ਯਾਦ ਰਹੇ ਕਿ ਉਡਾਣਾਂ ਲਈ ਚਲ ਰਹੇ ਯਤਨਾਂ ਨੂੰ ਪਹਿਲਾਂ ਹੁਲਾਰਾ ਉਦੋਂ ਮਿਲਿਆ ਸੀ ਜੱਦ ਜਨਵਰੀ 2022 ਵਿੱਚ ਕੈਨੇਡਾ ਤੋਂ ਇਸ ਅਭਿਆਨ ਦੇ ਇੱਕ ਮੋਹਰੀ ਮੋਹਿਤ ਧੰਜੂ ਦੁਆਰਾ ਕੈਨੇਡਾ ਦੀ ਸੰਸਦ ਵਿੱਚ ਸਿੱਧੀਆਂ ਉਡਾਣਾਂ ਸੰਬੰਧੀ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਕਿ ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈੰਬਰ ਬਰੈਡ ਵਿਸ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਸੀ। ੳਹੁਨਾਂ ਦਾ ਕਹਿਣਾ ਹੈ ਕਿ ਇਸ ਯਾਚਿਕਾ ਨਾਲ ਸਮਰਥਨ ਦੀ ਇੱਕ ਭਰਵੀਂ ਲਹਿਰ ਪੈਦਾ ਹੋਈ ਅਤੇ ਕੈਨੇਡਾ ਭਰ ਵਿੱਚ ਵਸਦੇ 10 ਲੱਖ ਤੋਂ ਵੱਧ ਪੰਜਾਬੀ ਭਾਈਚਾਰੇ ਨੇ ਅੰਮ੍ਰਿਤਸਰ ਨਾਲ ਸਿੱਧੇ ਹਵਾਈ ਸੰਪਰਕ ਵਿੱਚ ਸਹਾਇਤਾ ਲਈ ਕੈਨੇਡੀਅਨ ਸਰਕਾਰ ਕੋਲ ਆਪਣੀ ਆਵਾਜ਼ ਉਠਾਉਣ ਲਈ ਇੱਕਜੁੱਟਤਾ ਦਿਖਾਈ। ਇਸ ਪਟੀਸ਼ਨ ‘ਤੇ 30 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਤਕਰੀਬਨ 19000 ਤੋਂ ਵੱਧ ਦਸਤਖਤ ਹੋਏ ਸਨ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਉਪਰੰਤ ਸਾਂਸਦ ਵਿਸ ਵਲੋਂ ਸਿੱਧੀ ਉਡਾਣ ਦੀ ਮੰਗ ਨੂੰ ਮਾਰਚ ਦੇ ਮਹੀਨੇ ਸੰਸਦ ਵਿੱਚ ਵੀ ਉਠਾਇਆ ਗਿਆ ਸੀ।

You must be logged in to post a comment Login