ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਅਮੋਲਕ ਸਿੰਘ

ਗ਼ਦਰ ਪਾਰਟੀ ਦੇ ਭਾਈ ਪਿਆਰਾ ਸਿੰਘ ਲੰਗੇਰੀ ਦੇ ਪਿੰਡ ਲੰਗੇਰੀ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਜੱਦੀ ਘਰ, ਇੱਟਾਂ ਦਾ ਮਕਾਨ ਨਹੀਂ ਸਗੋਂ ਇਹ ਆਪਣੇ ਆਪ ਵਿੱਚ ਮੂੰਹ ਬੋਲਦਾ ਇਤਿਹਾਸ ਹੈ। ਇਸ ਦੇ ਦਰਵਾਜ਼ੇ, ਕੰਧਾਂ, ਬੂਹੇ ਬਾਰੀਆਂ, ਆਲ਼ੇ, ਸਾਮਾਨ, ਇਸ ਘਰ ਅੰਦਰ ਦਾਖਲ ਹੁੰਦਿਆਂ ਹੀ ਤੁਹਾਡੇ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸਕ ਪਿਛੋਕੜ ਦੀਆਂ ਗੱਲਾਂ ਕਰਦੇ ਪ੍ਰਤੀਤ ਹੁੰਦੇ ਹਨ। ਕਰਤਾਰ ਸਿੰਘ ਸਰਾਭਾ, ਗ਼ਦਰੀ ਗ਼ੁਲਾਬ ਬੀਬੀ ਗੁਲਾਬ ਕੌਰ, ਹਰਨਾਮ ਸਿੰਘ ਟੁੰਡੀਲਾਟ, ਬੰਤਾ ਸਿੰਘ ਸੰਘਵਾਲ, ਡਾ. ਅਰੂੜ ਸਿੰਘ ਅਤੇ ਪ੍ਰਿਥੀ ਸਿੰਘ ਆਜ਼ਾਦ ਤੇ ਬਾਬਾ ਗੁਰਮੁਖ ਸਿੰਘ ਲਲਤੋਂ ਵਰਗੇ ਦੇਸ਼ ਭਗਤ ਇਸ ਘਰ ਵਿੱਚ ਵਿਚਾਰਾਂ ਕਰਦੇ ਰਹੇ। ਇਸ ਦੇ ਚੁਬਾਰੇ ਗ਼ਦਰੀਆਂ ਲਈ ਸੁਰੱਖਿਆ ਚੌਕੀਆਂ ਦਾ ਕੰਮ ਕਰਦੇ ਸਨ। ਇਸ ਦੀਆਂ ਅੱਜ ਵੀ ਉਹੀ ਬਾਰੀਆਂ ਹਨ ਜਿਨ੍ਹਾਂ ਵਿੱਚੋਂ ਚੜ੍ਹਦੀ ਉਮਰ ਦਾ ਕਰਤਾਰ ਸਿੰਘ ਸਰਾਭਾ, ਪੁਲੀਸ ਛਾਪਾ ਪੈਣ ਦੀ ਕਨਸੋਅ ਮਿਲਣ ’ਤੇ ਛਾਲਾਂ ਮਾਰਕੇ ਰਫ਼ੂ ਚੱਕਰ ਹੋ ਜਾਂਦਾ ਰਿਹਾ। ਪਿਆਰਾ ਸਿੰਘ ਨੇ ਆਪ ਤਾਂ ਵਿਆਹ ਨਹੀਂ ਸੀ ਕਰਾਇਆ, ਪਰ ਉਨ੍ਹਾਂ ਦੇ ਭਰਾ ਸੁੰਦਰ ਸਿੰਘ ਦੀ ਪੋਤ ਨੂੰਹ ਹਰਪਾਲ ਕੌਰ ਤੇ ਪੋਤੇ ਕੁਲਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਪਿਆਰਾ ਸਿੰਘ ਲੰਗੇਰੀ ਦੀਵਾਰਾਂ ਵਿੱਚ ਬਣਾਏ ਜਿਸ ਆਲ਼ੇ ਵਿੱਚ ਅਸਲਾ ਰੱਖਦੇ ਸਨ, ਉਹ ਵੀ ਮੂਲ ਸਰੂਪ ਵਿੱਚ ਸੁਰੱਖਿਅਤ ਹੈ। ਮਕਾਨ ਦੀ ਸਮੁੱਚੀ ਬਣਤਰ, ਕਈ ਦਿਸ਼ਾਵਾਂ ਵਿੱਚ ਰੱਖੀਆਂ ਬਾਰੀਆਂ ਅਤੇ ਪੌੜੀਆਂ ਆਪਣੇ ਮੂੰਹੋਂ ਬੋਲਦੀਆਂ ਹਨ ਕਿ ਪਿਆਰਾ ਸਿੰਘ ਲੰਗੇਰੀ ਦਾ ਘਰ ਆਪਣੀਆਂ ਨਿੱਜੀ, ਪਰਿਵਾਰਕ ਅਗਲੀਆਂ ਪੀੜ੍ਹੀਆਂ ਲਈ ਵਿਰਾਸਤ ਜਾਂ ਰਿਹਾਇਸ਼ ਨਾਲੋਂ ਵਧਕੇ ਗ਼ਦਰ ਦੇ ਕਿਲ੍ਹੇ ਜਾਂ ਗ਼ਦਰ ਦੀ ਚੌਕੀ ਦਾ ਕੰਮ ਵਧੇਰੇ ਕਰਦਾ ਸੀ। ਪਰਿਵਾਰ ਦਾ ਸ਼ਿਕਵਾ ਹੈ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਯਾਦਗਾਰੀ ਘਰ ਦੀ ਸਾਰ ਨਹੀਂ ਲਈ। ਪਰਿਵਾਰ ਦਾ ਮੁਖੀਆ ਸਰੀਰਕ ਪੱਖੋਂ ਅਪੰਗ ਹੈ, ਪਰ ਉਸ ਦਾ ਪਰਿਵਾਰ ਘਰ ਦੀਆਂ ਭੁਰਦੀਆਂ ਕੰਧਾਂ, ਟੁੱਟਦੀਆਂ ਬਾਰੀਆਂ, ਛੱਤਾਂ, ਪੌੜੀਆਂ ਦਾ ਮੂਲ ਸਰੂਪ ਸੰਭਾਲਣ ਲਈ ਖ਼ੁਦ ਹੀ ਯਤਨਸ਼ੀਲ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸ਼ੋਰ ਵਿੱਚ ਵਿਸਾਰੇ ਲੰਗੇਰੀ ਪਿੰਡ ਦਾ ਇਹ ਗ਼ਦਰੀ ਕੇਂਦਰ ਵੀ ਬਹੁਤ ਕੁਝ ਬੋਲਦਾ ਹੈ, ਪਰ ਇਸ ਨੂੰ ਸੁਣੇਗਾ ਕੌਣ?

ਲੰਗੇਰੀ ਪਿੰਡ ਦੀਆਂ ਨੀਹਾਂ ਵਿੱਚ ਅਮੀਰ ਵਿਰਾਸਤ ਹੈ। ਪਿੰਡ ਦੀ ਨੀਂਹ ਗੁਰੂ ਗੋਬਿੰਦ ਸਿੰਘ ਦੇ ਲਾਂਗਰੀ ਭਾਈ ਕੂਮਾ ਨੇ ਰੱਖੀ। ਲਾਂਗਰੀ ਤੋਂ ਹੀ ਪਿੰਡ ਦਾ ਨਾਂ ਲੰਗੇਰੀ ਪੈ ਗਿਆ। ਇੱਥੇ ਭਾਈ ਪਿਆਰਾ ਸਿੰਘ ਲੰਗੇਰੀ ਦਾ ਜਨਮ 15 ਜਨਵਰੀ 1881 ਨੂੰ ਮਾਂ ਹਰ ਕੌਰ ਅਤੇ ਪਿਤਾ ਲੱਖਾ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਹੀ ਸਮਾਜ-ਸੇਵੀ ਮਾਸਟਰ ਅਵਤਾਰ ਲੰਗੇਰੀ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ’ਤੇ ਪਿਆਰਾ ਸਿੰਘ ਨੇ ਅੰਮ੍ਰਿਤ ਛਕਿਆ। ਇਸ ਮੌਕੇ ਹੀ ਇਨ੍ਹਾਂ ਨੂੰ ਭਾਈ ਸਾਹਿਬ ਦਾ ਖ਼ਿਤਾਬ ਮਿਲਿਆ। ਪਿਆਰਾ ਸਿੰਘ ਲੰਗੇਰੀ ਦੇ ਸਵੈ-ਕਥਨ ਅਨੁਸਾਰ ਉਹ 1902 ਵਿੱਚ ਫ਼ੌਜ ਵਿੱਚ ਭਰਤੀ ਹੋਏ। ਉਨ੍ਹਾਂ ਨੂੰ ਫ਼ੌਜ ਵਿੱਚ 26 ਰੁਪਏ ਅਤੇ ਪਲਟਨ ਵਿੱਚ 9 ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਉਨ੍ਹਾਂ ਥੋੜ੍ਹੇ ਅਰਸੇ ਬਾਅਦ ਫ਼ੌਜ ਦੀ ਨੌਕਰੀ ਛੱਡ ਦਿੱਤੀ, ਪਰ ਕੁਝ ਅਰਸੇ ਬਾਅਦ ਮੁੜ ਭਰਤੀ ਹੋ ਗਏ। ਉਹ 1906 ਵਿੱਚ ਕਲਕੱਤਾ ਤੋਂ ਹਾਂਗਕਾਂਗ, ਸ਼ੰਘਾਈ ਹੁੰਦੇ ਹੋਏ ਅਮਰੀਕਾ ਦੇ ਸ਼ਹਿਰ ਸਾਂਫਰਾਂਸਿਸਕੋ ਚਲੇ ਗਏ। ਉੱਥੇ ਰੇਲ ਪਟੜੀਆਂ, ਬਾਗਾਂ ਅਤੇ ਮਿੱਲਾਂ ਵਿੱਚ ਦੋ ਡਾਲਰ ਮਜ਼ਦੂਰੀ ’ਤੇ ਕੰਮ ਕੀਤਾ। ਉਨ੍ਹਾਂ ਨੇ ‘ਸੁੰਦਰੀ’ ਅਤੇ ‘ਤਵਾਰੀਖ਼ ਗੁਰੂ ਖਾਲਸਾ’ ਕਿਤਾਬਾਂ ਪੜ੍ਹ ਕੇ ਗੋਰੇ ਹਾਕਮਾਂ ਦੀ ਗ਼ੁਲਾਮੀ ਕਾਰਨ ਪਰਦੇਸੀ ਹੋਣ ਦੀ ਵੇਦਨਾ ਬਾਰੇ ਸੋਚਣਾ ਸ਼ੁਰੂ ਕੀਤਾ। ਗ਼ੁਲਾਮੀ ਅਤੇ ਆਜ਼ਾਦੀ ਦੇ ਸੁਆਲ ਉਨ੍ਹਾਂ ਦੇ ਮਨ ਵਿੱਚ ਉਸਲਵੱਟੇ ਲੈਣ ਲੱਗੇ। ਜਦੋਂ 5 ਅਕਤੂਬਰ 1913 ਨੂੰ ਅਮਰੀਕਾ ਵਿੱਚ ਨਿਊ ਵੈਸਟਮਨਿਸਟਰ ਵਾਲਾ ‘ਗੁਰਸਿੱਖ ਟੈਂਪਲ ਸੁਖ ਸਾਗਰ’ ਗੁਰਦੁਆਰਾ ਖੋਲ੍ਹਿਆ ਤਾਂ ਭਾਈ ਪਿਆਰਾ ਸਿੰਘ ਇਸ ਵਿੱਚ ਅੰਮ੍ਰਿਤ ਪ੍ਰਚਾਰ ਕਰਦੇ ਰਹੇ। ਉਹ 1913 ਵਿੱਚ ਹੀ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਨਾਲ ਜੁੜ ਗਏ ਜੋ 1 ਨਵੰਬਰ 1913 ਨੂੰ ‘ਗ਼ਦਰ’ ਅਖ਼ਬਾਰ ਪ੍ਰਕਾਸ਼ਿਤ ਅਤੇ ਮਕਬੂਲ ਹੋਣ ਨਾਲ ਗ਼ਦਰ ਪਾਰਟੀ ਕਰਕੇ ਜਾਣੀ ਜਾਣ ਲੱਗੀ।

ਉਹ ਗ਼ਦਰ ਪਾਰਟੀ ਦੇ ਪਹਿਲੇ ਜਥੇ ਵਿੱਚ ਕਰਮ ਸਿੰਘ ਦੇ ਨਾਮ ’ਤੇ ਭਾਰਤ ਆਉਣ ਵਾਲਿਆਂ ਵਿੱਚ ਸ਼ਾਮਲ ਸਨ। ਜਦੋਂ ਗੋਰੇ ਹਾਕਮਾਂ ਨੂੰ ਸੂਹੀਆ ਅਮਲੇ ਰਾਹੀਂ ਭੇਤ ਪੈ ਗਿਆ ਕਿ ਕਰਮ ਸਿੰਘ ਨਾਮ ਦਾ ਵਿਅਕਤੀ ਅਸਲ ਵਿੱਚ ਪਿਆਰਾ ਸਿੰਘ ਲੰਗੇਰੀ ਹੈ ਤਾਂ ਉਨ੍ਹਾਂ ਦੇ ਘਰ ਪੁਲੀਸ ਨੇ ਛਾਪੇ ਮਾਰੇ। ਇਹ ਉਹੀ ਘਰ ਹੈ ਜਿਸ ਵਿੱਚ ਮਗਰੋਂ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀ ਆਉਂਦੇ ਰਹੇ। ਮਗਰੋਂ ਜਾ ਕੇ ਪੁਲੀਸ ਦੇ ਹੱਥ ਆਉਣ ’ਤੇ ਉਨ੍ਹਾਂ ਨੂੰ ਜਲਾਵਤਨ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ।

ਜਦੋਂ ਭਾਈ ਪਿਆਰਾ ਸਿੰਘ ਅੰਡੇਮਾਨ ਜੇਲ੍ਹ ਤੋਂ ਆਏ ਤਾਂ ਲੰਗੇਰੀ ਪਿੰਡ ਅਤੇ ਉਨ੍ਹਾਂ ਦਾ ਘਰ ਗ਼ਦਰੀ ਸਰਗਰਮੀਆਂ ਦਾ ਧੁਰਾ ਬਣ ਗਿਆ। ਗ਼ਦਰੀਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਉਣ ਦਾ ਕੰਮ ਪਿਆਰਾ ਸਿੰਘ ਬਾਖ਼ੂਬੀ ਕਰਦੇ ਰਹੇ। ਗ਼ਦਰੀ ਊਧਮ ਸਿੰਘ ਕਸੇਲ ਵੈਲੂਰ ਜੇਲ੍ਹ ਦੀ ਕੰਧ ਟੱਪ ਕੇ ਭੱਜ ਕੇ ਲੰਗੇਰੀ ਪਿੰਡ ਪੁੱਜਾ। ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਤਾਂ ਭਾਈ ਪਿਆਰਾ ਸਿੰਘ ਲੰਗੇਰੀ ਨੇ ਉਨ੍ਹਾਂ ਨੂੰ ਅਤੇ ਗੁਰਮੁਖ ਸਿੰਘ ਲਲਤੋਂ ਨੂੰ ਤੰਦਰੁਸਤ ਕਰਕੇ ਕਾਬੁਲ ਪਹੁੰਚਾਇਆ। ਜੋ ਬਾਅਦ ਵਿੱਚ ਗ਼ਦਰੀਆਂ ਦਾ ਕਾਬਲ ਅੱਡਾ ਕਰਕੇ ਜਾਣਿਆ ਜਾਣ ਲੱਗਾ। ਬੱਬਰ ਅਕਾਲੀ ਲਹਿਰ ਅਤੇ ਜੈਤੋ ਦਾ ਮੋਰਚਾ ਵਿੱਚ ਵੀ ਭਾਈ ਪਿਆਰਾ ਸਿੰਘ ਲੰਗੇਰੀ ਦੀਆਂ ਪੈੜਾਂ ਦੇ ਨਿਸ਼ਾਨ ਮਿਲਦੇ ਹਨ। ਜਦੋਂ 17 ਨਵੰਬਰ 1959 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੀ ਨੀਂਹ ਰੱਖੀ, ਉਸ ਮੌਕੇ ਪਿਆਰਾ ਸਿੰਘ ਲੰਗੇਰੀ ਵੀ ਵਿਸ਼ੇਸ਼ ਸਹਾਇਤਾ ਕਰਨ ਵਾਲਿਆਂ ਵਿੱਚ ਸ਼ਾਮਲ ਸਨ।

ਖੋਜਕਾਰਾਂ ਲਈ ਗ਼ਦਰ ਲਹਿਰ ਦੀਆਂ ਪੈੜਾਂ ਨੱਪਣ ਲਈ ਪਿਆਰਾ ਸਿੰਘ ਲੰਗੇਰੀ ਦੇ ਵਾਇਆ ਹੋ ਕੇ ਜਾਂਦਿਆਂ ਪਤਾ ਲੱਗਦਾ ਹੈ ਕਿ ਗ਼ਦਰੀਆਂ ਦੀ ਪਹਿਲੀ ਮੀਟਿੰਗ ਲੌਢੂਵਾਲ (ਲੁਧਿਆਣਾ) ਹੋਈ। ਦੂਜੀ ਮੀਟਿੰਗ ਅੰਮ੍ਰਿਤਸਰ ਵਿਖੇ 16-17 ਅਕਤੂਬਰ 1914 ਨੂੰ ਘੰਟਾ ਘਰ ਲਾਗੇ ਨਾਨਕ ਸਿੰਘ ਦੇ ਘਰ ਹੋਈ। ਕਰਤਾਰ ਸਿੰਘ ਸਰਾਭਾ ਨੇ ਭਾਈ ਪਿਆਰਾ ਸਿੰਘ ਅਤੇ ਨਿਧਾਨ ਸਿੰਘ ਚੁੱਘਾ ਨੂੰ ਪਿੰਡਾਂ ਵਿੱਚ ਜਾ ਕੇ ਗ਼ਦਰ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਣ ਦੀ ਜ਼ਿੰਮੇਵਾਰੀ ਸੌਂਪੀ। ਪਿਆਰਾ ਸਿੰਘ ਲੰਗੇਰੀ ਦੀ ਗ੍ਰਿਫ਼ਤਾਰੀ ਦਾ ਦ੍ਰਿਸ਼ ਬਹੁਤ ਸਾਰੇ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਨੂੰ ਧੋਖਾਧੜੀ ਨਾਲ ਫੜਿਆ ਗਿਆ। ਪੁਲੀਸ ਵੱਲੋਂ ਉਨ੍ਹਾਂ ਨੂੰ ਬੇੜੀਆਂ ਨਾਲ ਜਕੜ ਕੇ ਮਾਹਿਲਪੁਰ ਥਾਣੇ ਰੱਖਿਆ ਗਿਆ। ਉਨ੍ਹਾਂ ਨੂੰ ਪਹਿਲਾਂ 25 ਅਪ੍ਰੈਲ 1915 ਨੂੰ ਲਾਹੌਰ, ਫਿਰ ਰਾਵਲਪਿੰਡੀ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿੱਚੋਂ ਭੱਜ ਨਿਕਲਣ ਦੀ ਯੋਜਨਾ ਦਾ ਪਤਾ ਲੱਗਣ ’ਤੇ ਪਿਆਰਾ ਸਿੰਘ ਨੂੰ ਅੰਡੇਮਾਨ ਕਾਲੇ ਪਾਣੀ ਜੇਲ੍ਹ ਭੇਜ ਦਿੱਤਾ। ਨਾਰੀਅਲ ਦੀ ਮੁੰਜ ਉਧੇੜਨ, ਕੋਹਲੂ ਗੇੜਨ ਆਦਿ ਦੀਆਂ ਸਜ਼ਾਵਾਂ ਮੰਨਣ ਤੋਂ ਨਾਬਰ ਪਿਆਰਾ ਸਿੰਘ ਲੰਗੇਰੀ ਨੂੰ ਅੰਡੇਮਾਨ ਜੇਲ੍ਹ ਵਿੱਚ ਬਣਾਏ ਲੋਹੇ ਦੇ ਪਿੰਜਰੇ ਵਿੱਚ ਤਾੜ ਦਿੱਤਾ। ਪੰਜ ਸਾਲ ਉਹ 24 ਘੰਟੇ ਲੋਹੇ ਦੇ ਪਿੰਜਰੇ ਵਿੱਚ ਰਹੇ। ਵਿਆਪਕ ਜੱਦੋ ਜਹਿਦ ਮਗਰੋਂ ਉਹ ਰਿਹਾਅ ਹੋਏ। ਭਾਈ ਸੰਤੋਖ ਸਿੰਘ ਦੀ ਸੰਪਾਦਨਾ ਵਿੱਚ ਛਪੇ ਰਸਾਲੇ ‘ਕਿਰਤੀ’ ਵਿੱਚ ਪਿਆਰਾ ਸਿੰਘ ਵੀ ਸ਼ਾਮਲ ਰਹੇ। ਜਦੋਂ 15 ਅਕਤੂਬਰ 1947 ਦੇ ਦੌਰ ਵਿੱਚ ਪੰਜਾਬ ਕਤਲੋਗਾਰਦ, ਉਜਾੜੇ ਅਤੇ ਵੰਡ ਦੇ ਮੂੰਹ ਧੱਕਿਆ ਗਿਆ। ਉਸ ਮੌਕੇ ਪਿਆਰਾ ਸਿੰਘ ਲੰਗੇਰੀ ਨੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ।

18 ਸਤੰਬਰ 1970 ਨੂੰ ਪਿੰਡ ਪਨਾਮ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਗ਼ਦਰ ਪਾਰਟੀ ਦੀ 1913 ਵਿੱਚ ਨੀਂਹ ਰੱਖਣ ਤੋਂ ਲੈ ਕੇ 1970 ਤੱਕ 57 ਵਰ੍ਹਿਆਂ ਦਾ ਸਫ਼ਰ ਪਿਆਰਾ ਸਿੰਘ ਲੰਗੇਰੀ ਦੇ ਦੇਸ਼ ਪ੍ਰੇਮ, ਸਾਮਰਾਜ ਤੋਂ ਮੁਕਤੀ, ਦੇਸੀ-ਵਿਦੇਸ਼ੀ ਗੁਲਾਮੀ ਦਾ ਜੂਲਾ ਵਗਾਹ ਮਾਰਨ ਲਈ ਜੱਦੋਜਹਿਦ ਭਰਿਆ ਮੂੰਹ ਬੋਲਦਾ ਇਤਿਹਾਸ ਹੈ।

ਮੁਲਕ ਜਿਹੋ ਜਿਹੇ ਗੰਭੀਰ ਹਾਲਾਤ ਵੱਲ ਧੱਕਿਆ ਜਾ ਰਿਹਾ ਹੈ, ਅਜਿਹੇ ਵਿੱਚ ਪਿਆਰਾ ਸਿੰਘ ਲੰਗੇਰੀ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੀ ਮੁੜ ਮੁੜ ਯਾਦ ਆਵੇਗੀ। ਉਹ ਸਮਾਜ ਨੂੰ ਹਰਿਆ ਭਰਿਆ, ਭੈਅ ਮੁਕਤ, ਫਿਰਕਾਪ੍ਰਸਤੀ, ਬੇਰੁਜ਼ਗਾਰੀ, ਕਰਜ਼ੇ, ਖੁਦਕੁਸ਼ੀਆਂ ਜਬਰ ਸਿਤਮ ਤੋਂ ਮੁਕਤ ਦੇਖਣਾ ਲੋਚਦੇ ਸਨ। ਇਤਿਹਾਸ ਦੀ ਇਹ ਮਸ਼ਾਲ ਜਗਦੀ ਰੱਖਣ ਲਈ ਲੰਗੇਰੀ ਪਿੰਡ ਦੀ ਬੁੱਕਲ ਵਿੱਚ ਸਮੋਏ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ।

ਸੰਪਰਕ 98778-68710

You must be logged in to post a comment Login