ਟੈਲੀਵਿਜ਼ਨ ਤੇ ਇਸ਼ਤਿਹਾਰਬਾਜ਼ੀ

ਪ੍ਰੋ. ਕੁਲਬੀਰ ਸਿੰਘ
Mob. : 9417153513

ਟੈਲੀਵਿਜ਼ਨ ʼਤੇ ਇਸ਼ਤਿਹਾਰਬਾਜ਼ੀ ਦਾ ਆਰੰਭ ਇਕ ਜਨਵਰੀ 1976 ਨੂੰ ਸਥਿਰ ਤਸਵੀਰਾਂ ਦੇ ਰੂਪ ਵਿਚ ਹੋਇਆ ਸੀ। ਉਦੋਂ ਕੇਵਲ ਚਿਤਰਹਾਰ ਹੀ ਅਜਿਹਾ ਪ੍ਰੋਗਰਾਮ ਸੀ ਜਿਸ ਨਾਲ ਇਸ਼ਤਿਹਾਰ ਮਿਲਦੇ ਸਨ। ਵਰਤਮਾਨ ਦੌਰ ਇਸ਼ਤਿਹਾਰਬਾਜ਼ੀ ਦਾ ਦੌਰ ਹੈ। ਵਧੇਰੇ ਕਰਕੇ ਇਸ਼ਤਿਹਾਰ ਅਖ਼ਬਾਰਾਂ, ਰਸਾਲਿਆਂ, ਰੇਡੀਓ ਅਤੇ ਟੈਲੀਵਿਜ਼ਨ ਲਈ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਪੋਸਟਰ, ਫਲੈਕਸ, ਬੋਰਡ, ਸਿਨੇਮਾ ਸਲਾਈਡ, ਡਾਕ ਅਤੇ ਲਾਊਡ ਸਪੀਕਰ ਆਦਿ ਦੀ ਵਰਤੋਂ ਵੀ ਇਸ ਮਕਸਦ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਵਿਗਿਆਪਨ ਖੇਤਰ ਅਸੀਮਤ ਹੈ। ਹਰੇਕ ਖੇਤਰ ਦੀਆਂ ਆਪਣੀ ਸੀਮਾਵਾਂ ਅਤੇ ਲੋੜਾਂ ਹਨ। ਇਸ ਲਈ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਇਸ਼ਤਿਹਾਰਾਂ ਦੀ ਤਿਆਰੀ ਅਤੇ ਪੇਸ਼ਕਾਰੀ ਵੀ ਵੱਖ-ਵੱਖ ਪ੍ਰਕਾਰ ਨਾਲ ਕੀਤੀ ਜਾਂਦੀ ਹੈ।

ਪਹਿਲੀ ਵਾਰ ਫਿਲਮਾਂਕਣ ਵਾਲੇ ਇਸ਼ਤਿਹਾਰ ਦੂਰਦਰਸ਼ਨ ਦੁਆਰਾ ਅਗਸਤ 1976 ਵਿਚ ਵਿਖਾਏ ਗਏ ਸਨ। ਜਦ 1982 ਵਿਚ ਭਾਰਤ ਵਿਚ ਏਸ਼ੀਆਈ ਖੇਡਾਂ ਹੋਈਆਂ ਅਤੇ ਰੰਗੀਨ ਟੈਲੀਵਿਜ਼ਨ ਨੇ ਭਾਰਤ ਵਿਚ ਪ੍ਰਵੇਸ਼ ਕੀਤਾ ਤਾਂ ਟੈਲੀਵਿਜ਼ਨ ਇਸ਼ਤਿਹਾਰਬਾਜ਼ੀ ਵਿਚ ਤੇਜ਼ੀ ਨਾਲ ਤਬਦੀਲੀਆਂ ਵਾਪਰੀਆਂ। ਇਸਤੋਂ ਪਹਿਲਾਂ ਕਈ ਸਾਲ ਟੀ.ਵੀ. ਦੀ ਲੋਕਪ੍ਰਿਯਤਾ ਵਿਚ ਬੜੀ ਧੀਮੀ ਗਤੀ ਨਾਲ ਵਾਧਾ ਹੋਇਆ। 1959 ਵਿਚ ਦੂਰਦਰਸ਼ਨ ਦੀ ਸ਼ੁਰੂਆਤ ਹੋਈ। ਦਹਾਕਿਆਂ ਤੱਕ ਭਾਰਤ ਵਿਚ ਕੇਵਲ ਵਿਦੇਸ਼ੀ ਟੀ.ਵੀ. ਸੈਟ ਹੀ ਉਪਲਬਧ ਸਨ। ਜਦ ਭਾਰਤ ਵਿਚ ਟੀ.ਵੀ. ਸੈਟ ਤਿਆਰ ਹੋਣ ਲੱਗੇ ਤਾਂ ਸੂਚਨਾ ਤੇ ਪ੍ਰਸਾਰਨ ਮਹਿਕਮੇ ਅਨੁਸਾਰ 1972 ਵਿਚ 61 ਹਜ਼ਾਰ, 1973 ਵਿਚ 90 ਹਜ਼ਾਰ, 1974 ਵਿਚ 1 ਲੱਖ 40 ਹਜ਼ਾਰ, 1975 ਵਿਚ 1 ਲੱਖ 81 ਹਜ਼ਾਰ ਟੀ.ਵੀ. ਭਾਰਤੀ ਲੋਕਾਂ ਦੁਆਰਾ ਖਰੀਦੇ ਗਏ।

ਅੱਜ ਸਥਿਤੀ ਇਹ ਹੈ ਕਿ ਇਸ਼ਤਿਹਾਰਬਾਜ਼ੀ ʼਤੇ ਹੋ ਰਹੇ ਕੁੱਲ ਖਰਚੇ ਦਾ ਵੱਡਾ ਹਿੱਸਾ ਟੀ.ਵੀ. ਨੂੰ ਜਾਂਦਾ ਹੈ। 1983 ਵਿਚ ਦੂਰਦਰਸ਼ਨ ਨੇ ਇਸ਼ਤਿਹਾਰਾਂ ਤੋਂ 30 ਕਰੋੜ ਰੁਪਏ ਕਮਾਏ। 1984 ਵਿਚ ਇਹ ਕਮਾਈ 50 ਕਰੋੜ ਹੋ ਗਈ ਅਤੇ ਲਗਾਤਾਰ ਇਸ ਅਨੁਪਾਤ ਨਾਲ ਵਧਦੀ ਗਈ। ਅੱਜ ਇਹ ਆਮਦਨ ਅਰਬਾਂ ਰੁਪਏ ਵਿਚ ਹੈ। ਨਿੱਜੀ ਨਿਊਜ਼ ਚੈਨਲ ਦੂਰਦਰਸ਼ਨ ਤੋਂ ਅੱਗੇ ਨਿਕਲ ਗਏ ਹਨ। ਇਹੀ ਸਥਿਤੀ ਹੋਰਨਾਂ ਪ੍ਰਮੁੱਖ ਟੀ.ਵੀ. ਚੈਨਲਾਂ ਦੀ ਹੈ। ਅੱਜ ਇਸ਼ਤਿਹਾਰਬਾਜ਼ੀ ਲਈ ਟੀ.ਵੀ. ਸਭ ਤੋਂ ਸ਼ਕਤੀਸ਼ਾਲੀ ਤੇ ਆਦਰਸ਼ ਮਾਧਿਅਮ ਮੰਨਿਆ ਜਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਹੋਰਨਾਂ ਮਾਧਿਅਮਾਂ ਮੁਕਾਬਲੇ ਟੀ.ਵੀ. ਮਾਧਿਅਮ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ।

ਟੀ.ਵੀ. ਵਿਗਿਆਪਨ ਦਾ ਮੁੱਢਲਾ ਤੇ ਵੱਡਾ ਲਾਭ ਅਸਾਨੀ ਨਾਲ ਬਹੁਤੇ ਲੋਕਾਂ ਤੱਕ ਪਹੁੰਚਣਾ ਹੈ। ਇਸ ਰਾਹੀਂ ਇਸ਼ਤਿਹਾਰ ਨੂੰ ਵਾਰ-ਵਾਰ ਦੁਹਰਾਉਣਾ ਸੰਭਵ ਹੈ। ਨਤੀਜੇ ਵਜੋਂ ਸੰਭਾਵਿਤ ਉਪਭੋਗਤਾ ਉਤਪਾਦਨ ਦੇ ਵਾਸਤਵਿਕ ਉਪਭੋਗਤਾ ਬਣ ਜਾਂਦੇ ਹਨ। ਇਕ ਹੋਰ ਲਾਭ ਇਹ ਹੈ ਕਿ ਟੀ.ਵੀ. ਰਾਹੀਂ ਵਿਗਿਆਪਨ ਉਸ ਸਮੇਂ ਦਰਸ਼ਕਾਂ ਤੱਕ ਪੁੱਜਦਾ ਹੈ ਜਦ ਉਹ ਆਰਾਮ ਦੀ ਸਥਿਤੀ ਵਿਚ ਘਰ ਵਿਚ ਬੈਠੇ ਹੁੰਦੇ ਹਨ ਅਤੇ ਮਨ ਅਜਿਹੀਆਂ ਗੱਲਾਂ ਗ੍ਰਹਿਣ ਕਰਨ ਦੀ ਹਾਲਤ ਵਿਚ ਹੁੰਦਾ ਹੈ। ਇਕ ਅਧਿਐਨ ਅਨੁਸਾਰ ਜ਼ਬਾਨੀ ਕਹੀ ਗੱਲ ਦਾ 10 ਪ੍ਰਤੀਸ਼ਤ ਹੀ ਸਮਝਿਆ ਜਾ ਸਕਦਾ ਹੈ। ਫਿਲਮਾਂਕਣ ਰਾਹੀਂ ਦਿੱਤੇ ਸੰਦੇਸ਼ ਦਾ 35 ਪ੍ਰਤੀਸ਼ਤ ਤੱਕ ਸਮਝਿਆ ਅਤੇ ਯਾਦ ਰੱਖਿਆ ਜਾ ਸਕਦਾ ਹੈ। ਜਦ ਆਵਾਜ਼ ਅਤੇ ਦ੍ਰਿਸ਼ ਨੂੰ ਇਕੱਠਿਆਂ ਕਰ ਦਿੱਤਾ ਜਾਂਦਾ ਹੈ ਤਾਂ ਸੰਚਾਰ ਦਾ ਪ੍ਰਭਾਵ ਵਧ ਜਾਂਦਾ ਹੈ ਅਤੇ ਸੰਦੇਸ਼ ਦਾ 65 ਪ੍ਰਤੀਸ਼ਤ ਹਿੱਸਾ ਯਾਦ ਰਹਿ ਜਾਂਦਾ ਹੈ। ਟੀ.ਵੀ. ਵਿਗਿਆਪਨ ਦਾ ਸਭ ਤੋਂ ਕਾਰਗਰ ਤੇ ਪ੍ਰਭਾਵਸ਼ਾਲੀ ਪੱਖ ਵੀ ਇਹੀ ਹੈ।

ਟੀ.ਵੀ. ਵਿਗਿਆਪਨ ਦੇ ਇਨ੍ਹਾਂ ਫਾਇਦਿਆਂ ਦੇ ਨਾਲ-ਨਾਲ ਕੁਝ ਹਾਨੀਆਂ ਵੀ ਹਨ। ਟੀ.ਵੀ. ਵਿਗਿਆਪਨ ਲਈ ਉਤਪਾਦਕ ਨੂੰ ਵੱਡੀ ਰਕਮ ਤਾਰਨੀ ਪੈਂਦੀ ਹੈ। ਨਤੀਜੇ ਵਜੋਂ ਵਸਤੂ ਦੀ ਕੀਮਤ ਵਧ ਜਾਂਦੀ ਹੈ। ਵਿਗਿਆਪਨ ਦਾ ਖਰਚਾ ਉਤਪਾਦਨ ਨੇ ਗਾਹਕ ਸਿਰੋਂ ਕੱਢਣਾ ਹੈ। ਸੋ ਦੰਡ ਖਰੀਦਦਾਰ ਨੂੰ ਮਿਲਦਾ ਹੈ। ਭਾਵੇਂ ਟੀ.ਵੀ. ਦਾ ਪਾਸਾਰ ਭਾਰਤ ਵਿਚ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਫਿਰ ਵੀ ਅਜੇ ਅਜਿਹੇ ਖੇਤਰ ਹਨ ਜਿੱਥੇ ਟੀ.ਵੀ. ਦੀ ਪਹੁੰਚ ਨਹੀਂ ਹੈ। ਨਤੀਜੇ ਵਜੋਂ ਟੀ.ਵੀ. ਵਿਗਿਆਪਨ ਵਧੇਰੇ ਕਰਕੇ ਸ਼ਹਿਰੀ ਖੇਤਰ ਤੱਕ ਸੀਮਤ ਰਹਿ ਜਾਂਦਾ ਹੈ। ਟੀ.ਵੀ. ਵਿਗਿਆਪਨ ਸਭ ਤੋਂ ਵੱਧ ਬੱਚਿਆਂ ਨੂੰ ਪ੍ਰਭਾਵਤ ਕਰਦੇ ਹਨ ਕਿਉਂਕਿ ਬੱਚਿਆਂ ਵਿਚ ਨਕਲ ਦੀ ਪ੍ਰਵਿਰਤੀ ਹੁੰਦੀ ਹੈ। ਉਹ ਮਾਂ ਬਾਪ ਨੂੰ ਕਈ ਵਾਰ ਬੇਲੋੜੀਆਂ ਚੀਜ਼ਾਂ ਖਰੀਦਣ ਲਈ ਮਜ਼ਬੂਰ ਕਰ ਦਿੰਦੇ ਹਨ। ਟੀ.ਵੀ. ʼਤੇ ਕਈ ਅਨੈਤਿਕ ਕਿਸਮ ਦੇ ਵਿਗਿਆਪਨ ਵਿਖਾਏ ਜਾਂਦੇ ਹਨ ਜਿਨ੍ਹਾਂ ਨੂੰ ਪਰਿਵਾਰ ਸਹਿਤ ਵੇਖਣਾ, ਪਰਿਵਾਰ ਦੇ ਮੈਂਬਰਾਂ ਲਈ ਅਜੀਬ ਸਥਿਤੀ ਪੈਦਾ ਕਰ ਦਿੰਦਾ ਹੈ।

ਅਜੋਕੇ ਦੌਰ ਵਿਚ ਉਤਪਾਦਕ ਆਪਣੇ ਉਤਪਾਦਨ ਨੂੰ ਬਜ਼ਾਰ ਵਿਚ ਲਿਆਉਣ ਜਾਂ ਉਸਦੀ ਵਿਕਰੀ ਵਧਾਉਣ ਲਈ ਗਾਹਕ ਨੂੰ ਵਧੇਰੇ ਜਾਣਕਾਰੀ ਦੇਣ ਅਤੇ ਸਮਾਜ ਦੇ ਹਰੇਕ ਵਰਗ ਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਪ੍ਰਭਾਵਤ ਕਰਨ ਖ਼ਾਤਰ ਸ਼ਕਤੀਸ਼ਾਲੀ ਸੰਚਾਰ ਮਾਧਿਅਮਾਂ ਦੀ ਵਰਤੋਂ ਕਰਨ ਨੂੰ ਤਰਜੀਹ ਦੇ ਰਿਹਾ ਹੈ। ਟੀ.ਵੀ. ʼਤੇ ਆਉਣ ਵਾਲਾ ਇਸ਼ਤਿਹਾਰ ਹਰੇਕ ਵੇਖਣ ਵਾਲੇ ਨੂੰ ਵੱਧ ਜਾਂ ਘੱਟ ਪ੍ਰਭਾਵਤ ਕਰਦਾ ਹੈ। ਇਸ਼ਤਿਹਾਰ ਰਾਹੀਂ ਇਕ ਸੂਚਨਾ ਮਨੁੱਖ ਮਨ ʼਤੇ ਅੰਕਿਤ ਹੋ ਜਾਂਦੀ ਹੈ। ਜੇਕਰ ਇਹ ਸੂਚਨਾ ਉਸਦੀ ਕਲਪਨਾ ਨਾਲ ਮਿਲਦੀ ਜੁਲਦੀ ਹੈ ਤਾਂ ਇਹ ਵਿਅਕਤੀ ਨੂੰ ਵਸਤੂ ਖਰੀਦਣ ਲਈ ਮਜ਼ਬੂਰ ਕਰ ਦਿੰਦੀ ਹੈ। ਮਨੋ-ਵਿਗਿਆਨੀਆਂ ਅਨੁਸਾਰ ਜੋ ਵਿਧੀਆਂ ਕਿਸੇ ਨੂੰ ਹਿਪਨੋਟਾਈਜ਼ ਕਰਨ ਲਈ ਵਰਤੀਆਂ ਜਾਂਦੀਆਂ ਹਨ ਉਹੀ ਵਿਧੀਆਂ ਇਸ਼ਤਿਹਾਰਾਂ ਵਿਚ ਇਸਤੇਮਾਲ ਹੁੰਦੀਆਂ ਹਨ।

ਅੱਜ ਜਦ ਇਸ਼ਤਿਹਾਰਬਾਜ਼ੀ ਸਮੁੱਚੇ ਸਮਾਜ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਕ ਆਦਰਸ਼ਕ ਤੇ ਸ਼ਕਤੀਸ਼ਾਲੀ ਮਾਧਿਅਮ ਦੇ ਰੂਪ ਵਿਚ ਉਭਰ ਰਹੀ ਹੈ, ਅਜਿਹੀ ਸਥਿਤੀ ਵਿਚ ਵਿਗਿਆਪਨਦਾਤਾ ਇਸਦੀ ਸਹੀ ਵਰਤੋਂ ਨਾ ਕਰੇ ਤਾਂ ਲੰਮੇ ਸਮੇਂ ਬਾਅਦ ਸਮੁੱਚੇ ਸਮਾਜ ʼਤੇ ਕੀ ਇਸਦਾ ਦੂਸ਼ਿਤ ਪ੍ਰਭਾਵ ਨਹੀਂ ਪਵੇਗਾ? ਇਹ ਸਵਾਲ ਹਰੇਕ ਸੂਝਵਾਨ ਵਿਅਕਤੀ ਦੇ ਮਨ ਵਿਚ ਸਹਿਜ ਸੁਭਾਵਕ ਰੂਪ ਵਿਚ ਪੈਦਾ ਹੁੰਦਾ ਹੈ। ਅਨੈਤਿਕ ਕਿਸਮ ਦੇ ਇਸ਼ਤਿਹਾਰ ਦੇਣ ਨਾਲ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਤਾਂ ਨਹੀਂ ਹੋ ਰਿਹਾ? ਲੋਕਾਂ ਦੀ ਵਿਚਾਰਧਾਰਾ, ਰਹਿਣ ਸਹਿਣ, ਸਿਹਤ, ਸਿੱਖਿਆ, ਜੀਵਨ ਦੇ ਹਰੇਕ ਪੱਖ ʼਤੇ ਇਸਦਾ ਮਾੜਾ ਪ੍ਰਭਾਵ ਤਾਂ ਨਹੀਂ ਪੈ ਰਿਹਾ? ਸਵਾਲ ਇਹ ਹੈ ਕਿ ਕੀ ਭਾਰਤੀ ਇਸ਼ਤਿਹਾਰ ਨੈਤਿਕਤਾ ਦੀ ਦ੍ਰਿਸ਼ਟੀ ਤੋਂ ਸਹੀ ਹੁੰਦੇ ਹਨ ਜਾਂ ਇਸ਼ਤਿਹਾਰਾਂ ਵਿਚ ਨੈਤਿਕਤਾ ਦਾ ਹੋਣਾ ਜ਼ਰੂਰੀ ਹੈ? ਨੈਤਿਕਤਾ ਦਾ ਪੈਮਾਨਾ ਵੀ ਸਮੇਂ ਤੇ ਸਥਾਨ ਅਨੁਸਾਰ ਬਦਲਦਾ ਰਹਿੰਦਾ ਹੈ। ਸਾਊਦੀ ਅਰਬ ਵਿਚ ਇਸਤ੍ਰੀ ਦੀ ਸ਼ਮੂਲੀਅਤ ਕਰਕੇ ਕੋਈ ਇਸ਼ਤਿਹਾਰ ਨਹੀਂ ਵਿਖਾਇਆ ਜਾ ਸਕਦਾ ਜਦਕਿ ਸਾਡੇ ਗੱਲ ਹੀ ਇਥੋਂ ਸ਼ੁਰੂ ਹੁੰਦੀ ਹੈ।

ਰਾਹੁਲ ਭਟਨਾਗਰ ਅਨੈਤਿਕ ਇਸ਼ਤਿਹਾਰ ਬਾਰੇ ਲਿਖਦੇ ਹਨ- ਇਸ਼ਤਿਹਾਰ ਦਾ ਉਦੇਸ਼ ਉਪਭੋਗਤਾ ਦੀ ਵਿਅਕਤੀਗਤ ਮਨੋਬਿਰਤੀ ਨੂੰ ਤਬਦੀਲ ਕਰਨਾ ਅਤੇ ਇੱਛਤ ਵਿਵਹਾਰ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ, ਪਰੰਤੂ ਕੀ ਉਹ ਠੀਕ ਤਰੀਕਿਆਂ ਨਾਲ ਉਪਭੋਗਤਾ ਦੀ ਮਨੋਬਿਰਤੀ ਵਿਚ ਪਰਿਵਰਤਨ ਲਿਆਉਂਦੇ ਹਨ? ਨੈਤਿਕਤਾ ਦੀ ਸਰਵ-ਪ੍ਰਵਚਨ ਪਰਿਭਾਸ਼ਾ ਦੇ ਆਧਾਰ ʼਤੇ ਅਜਿਹਾ ਇਸ਼ਤਿਹਾਰ ਜੋ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰੇ, ਜੋ ਇਸ਼ਤਿਹਾਰ ਦੇ ਤਰੀਕੇ ʼਤੇ ਪ੍ਰਸ਼ਨ-ਚਿੰਨ੍ਹ ਲਗਾਵੇ, ਅਨੈਤਿਕ ਇਸ਼ਤਿਹਾਰ ਕਹਾਉਂਦਾ ਹੈ।

ˈਮੋਸਟ ਰਿਕਮੈਂਡੇਡ ਬਾਈ ਡਾਕਟਰਜ਼ˈ ਜਾਂ ˈਲਾਂਗ ਲਾਸਟਿੰਗˈ ਆਦਿ ਸ਼ਬਦਾਂ ਰਾਹੀਂ ਪੇਸ਼ ਕੀਤੇ ਜਾਣ ਤਾਂ ਉਹ ਨੈਤਿਕ ਪੱਖੋਂ ਸਹੀ ਹੋਣਗੇ ਪਰੰਤੂ ਜੋ ਵਾਅਦੇ/ਦਾਅਵੇ ਉਪਭੋਗਤਾ ਨੂੰ ਭਰਮ ਭੁਲੇਖਿਆਂ ਵਿਚ ਪਾਉਣ ਦੇ ਉਦੇਸ਼ ਨਾਲ ਕੀਤੇ ਜਾਣ ਅਤੇ ਗਾਹਕ ਨੂੰ ਠੱਗਣ ਲਈ ਦਿੱਤੇ ਜਾਣ ਉਨ੍ਹਾਂ ਨੂੰ ਅਨੈਤਿਕ ਮੰਨਿਆ ਜਾਵੇਗਾ। ਮਿਸਾਲ ਵਜੋਂ ਚਿਹਰੇ ਦੀ ਕਰੀਮ ਦੇ ਇਸ਼ਤਿਹਾਰ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਸਦੀ ਵਰਤੋਂ ਨਾਲ ਚਿਹਰਾ 10 ਸਾਲ ਪਹਿਲਾਂ ਵਰਗਾ ਲੱਗਣ ਲੱਗੇਗਾ, ਜਦ ਤੱਕ ਡਾਕਟਰੀ ਨਜ਼ਰੀਏ ਤੋਂ ਇਸਨੂੰ ਸਾਬਤ ਨਾ ਕੀਤਾ ਜਾ ਸਕੇ। ਇਸਦੇ ਉਲਟ ਜੇਕਰ ਇਸ਼ਤਿਹਾਰ ਇਹ ਕਹੇ ਕਿ ਇਸਦੀ ਵਰਤੋਂ ਨਾਲ ਚਿਹਰਾ ਵਧੇਰੇ ਜਵਾਨ ਵਿਖਾਈ ਦੇਣ ਲੱਗੇਗਾ ਤਾਂ ਇਹ ਵਾਅਦਾ ਹੋਵੇਗਾ, ਦਾਅਵਾ ਨਹੀਂ। ਵਧਾ ਚੜ੍ਹਾ ਕੇ ਕੀਤਾ ਵਾਅਦਾ ਵੀ ਅਨੈਤਿਕਤਾ ਦੇ ਘੇਰੇ ਵਿਚ ਆਵੇਗਾ। ਹਾਥੀ ਦੇ ਪੈਰ ਹੇਠ ਅਟੈਚੀ ਰੱਖਕੇ ਅਟੈਚੀ ਦਾ ਇਸ਼ਤਿਹਾਰ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।

ਮਧੂ ਅਗਰਵਾਲ ਆਪਣੇ ਇਕ ਆਰਟੀਕਲ ਵਿਚ ਲਿਖਦੇ ਹਨ- ਜਦੋਂ ਕਿਸੇ ਇਸ਼ਤਿਹਾਰ ਵਿਚ ਝੂਠ, ਕਪਟ, ਧੋਖਾ, ਮਿਥ ਵਰਨਣ, ਅਸ਼ਲੀਲਤਾ ਜਾਂ ਇਨ੍ਹਾਂ ਵਿਚੋਂ ਕੋਈ ਵੀ ਮੌਜੂਦ ਹੋਵੇ ਅਤੇ ਜੋ ਸਮਾਜਿਕ ਮਾਪਦੰਡਾਂ ਦੇ ਪ੍ਰਤੀਕੂਲ ਹੋਵੇ ਤਾਂ ਉਹ ਇਸ਼ਤਿਹਾਰ ਅਨੈਤਿਕ ਮੰਨਿਆ ਜਾਵੇਗਾ। ਅਰਥਾਤ ਅਜਿਹਾ ਇਸ਼ਤਿਹਾਰ ਜਿਸ ਵਿਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਝੂਠ, ਕਪਟ, ਧੋਖਾ, ਮਿਥ ਵਰਨਣ, ਅਸ਼ਲੀਲਤਾ ਜਾਂ ਇਨ੍ਹਾਂ ਵਿਚੋਂ ਕਿਸੇ ਦਾ ਵੀ ਪ੍ਰਯੋਗ ਨਹੀਂ ਕੀਤਾ ਗਿਆ ਅਤੇ ਜੋ ਸਮਾਜਕ ਮਾਪਦੰਡਾਂ ਦੇ ਅਨੁਕੂਲ ਹੋਵੇ ਉਹ ਨੈਤਿਕ ਇਸ਼ਤਿਹਾਰ ਹੈ।

ਉਤਪਾਦਕ ਜੋ ਵਸਤ ਬਣਾਉਂਦਾ ਹੈ ਉਹ ਉਸਦੀ ਵਿਕਰੀ ਵਧਾਉਣ ਲਈ ਜਾਂ ਉਸਦੀ ਤਾਰੀਫ਼ ਲਈ ਕਿਸੇ ਵੀ ਵਿਧੀ ਜਾਂ ਪ੍ਰਭਾਵਸ਼ਾਲੀ ਸੰਦੇਸ਼ ਦਾ ਉਲੇਖ ਕਰਦਾ ਹੈ ਤਾਂ ਉਹ ਵਿਉਪਾਰਕ ਦ੍ਰਿਸ਼ਟੀ ਤੋਂ ਅਨੈਤਿਕ ਨਹੀਂ ਹੋਵੇਗਾ ਪਰੰਤੂ ਉਪਭੋਗਤਾ ਹਿੱਤ ਦੀ ਦ੍ਰਿਸ਼ਟੀ ਤੋਂ ਇਸਨੂੰ ਗ਼ਲਤ ਵਿਉਪਾਰ ਵਿਵਹਾਰ ਕਿਹਾ ਜਾਏਗਾ।

ਧਾਰਾ 20, 21, 22 ਅਨੁਸਾਰ ਕੋਈ ਵੀ ਅਜਿਹਾ ਵਰਨਣ ਨਹੀਂ ਦਿੱਤਾ ਜਾ ਸਕਦਾ ਜੋ ਭਰਮਾਉਣ ਵਾਲਾ ਹੋਵੇ ਜਾਂ ਵਧਾ ਚੜ੍ਹਾ ਕੇ ਕਿਹਾ ਗਿਆ ਹੋਵੇ। ਮਿਸਾਲ ਉਸ ਵਿਗਿਆਪਨ ਦੀ ਲਈ ਜਾ ਸਕਦੀ ਹੈ ਜਿਸ ਵਿਚ ਵੀ.ਆਈ.ਪੀ. ਸੂਟਕੇਸ ʼਤੇ ਹਾਥੀ ਨੂੰ ਚੜ੍ਹਦੇ ਹੋਏ ਵਿਖਾਇਆ ਜਾਂਦਾ ਹੈ ਅਤੇ ਸੂਟਕੇਸ ਨੂੰ ਕੋਈ ਆਂਚ ਨਹੀਂ ਆਉਂਦੀ। ਇਹ ਅਸੰਭਵ ਹੈ। ਧਾਰਾ 18 ਅਨੁਸਾਰ ਜਦ ਕੋਈ ਵਿਅਕਤੀ ਝੂਠ ਨੂੰ ਸੱਚ ਬਣਾ ਕੇ ਦੂਸਰੇ ਵਿਅਕਤੀ ਨੂੰ ਕਹਿੰਦਾ ਹੈ, ਜਿਸਦਾ ਮੰਤਵ ਧੋਖਾ ਦੇਣਾ ਨਹੀਂ ਹੁੰਦਾ ਪਰੰਤੂ ਧੋਖਾ ਹੋ ਜਾਂਦਾ ਹੈ, ਤਾਂ ਇਹ ਵੀ ਗ਼ਲਤ ਹੈ। ਇਸੇ ਤਰ੍ਹਾਂ ਧਾਰਾ 17 ਤਹਿਤ ਉਸ ਵਚਨ ਜਾਂ ਵਾਅਦੇ ਨੂੰ ਕਪਟ ਅਤੇ ਧੋਖਾ ਕਰਾਰ ਦਿੱਤਾ ਗਿਆ ਹੈ ਜੋ ਪੂਰਾ ਨਾ ਹੋਵੇ। ਮਿਸਾਲ ਵਜੋਂ ਦੂਰਦਰਸ਼ਨ ਦੁਆਰਾ ਹਮਦਰਦ ਨਾਟਕ ਦੇ ਪ੍ਰਚਾਰ ਲਈ ਜੋ ਇਸ਼ਤਿਹਾਰ ਦਿੱਤਾ ਜਾਂਦਾ ਹੈ ਉਸ ਵਿਚ ਇਕ ਵਿਅਕਤੀ ਇਹ ਟਾਨਿਕ ਲੈਂਦਾ ਹੈ। ਟਾਨਿਕ ਲੈਂਦਿਆਂ ਹੀ ਉਸ ਅੰਦਰ ਏਨੀ ਫੁਰਤੀ, ਏਨੀ ਤਾਕਤ ਆ ਜਾਂਦੀ ਹੈ ਕਿ ਉਹ ਖਿੜਕੀ ਦਾ ਸ਼ੀਸ਼ਾ ਤੋੜ ਕੇ ਬਾਹਰ ਛਾਲ ਮਾਰਦਾ ਹੈ। ਇਹ ਅਤਿਕਥਨੀ ਹੈ, ਅਸੰਭਵ ਹੈ।

ਦੂਰਦਰਸ਼ਨ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਇਸ਼ਤਿਹਾਰਾਂ ਦਾ ਵਿਸਥਾਰਤ ਵਿਸ਼ਲੇਸ਼ਣ ਕੀਤਾ ਗਿਆ। ਵੱਖ-ਵੱਖ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਵੱਖ-ਵੱਖ ਗਿਣਤੀ ਲੈ ਕੇ ਉਨ੍ਹਾਂ ਵਿਚੋਂ ਅਨੈਤਿਕ ਇਸ਼ਤਿਹਾਰਾਂ ਦੀ ਪ੍ਰਤੀਸ਼ਤ ਕੱਢੀ ਗਈ। ਸਮਾਜਕ ਇਸ਼ਤਿਹਾਰਾਂ ਵਿਚੋਂ ਕੋਈ ਵੀ ਅਨੈਤਿਕ ਨਹੀਂ ਸੀ। ਨਮੂਨੇ ਵਜੋਂ 620 ਇਸ਼ਤਿਹਾਰ ਲਏ ਗਏ ਸਨ। ਆਟੋਮੋਬਾਇਲ ਉਤਪਾਦ ਇਸ਼ਤਿਹਾਰਾਂ ਵਿਚ 1.11 ਪ੍ਰਤੀਸ਼ਤ ਅਨੈਤਿਕ ਸਨ। ਵਿਸ਼ਲੇਸ਼ਣ ਵਿਚ 180 ਇਸ਼ਤਿਹਾਰ ਸ਼ਾਮਲ ਕੀਤੇ ਗਏ ਸਨ। ਉਦਯੋਗਿਕ ਕਿਸਮ ਦੇ 97 ਇਸ਼ਤਿਹਾਰਾਂ ਵਿਚੋਂ 1 ਅਨੈਤਿਕ ਪਾਇਆ ਗਿਆ। ਇਵੇਂ ਇਨ੍ਹਾਂ ਦੀ ਪ੍ਰਤੀਸ਼ਤ 1.03 ਬਣੀ ਉਪਭੋਗਤਾ ਉਤਪਾਦ ਦੇ 3510 ਇਸ਼ਤਿਹਾਰਾਂ ਵਿਚੋਂ 201 ਅਨੈਤਿਕ ਸਨ। ਇਵੇਂ ਇਨ੍ਹਾਂ ਦੀ ਪ੍ਰਤੀਸ਼ਤ 5.73 ਸੀ। ਫੁੱਟਕਲ ਕਿਸਮ ਦੇ 102 ਇਸ਼ਤਿਹਾਰਾਂ ਵਿਚੋਂ 10 ਅਨੈਤਿਕ ਸਨ। ਇਨ੍ਹਾਂ ਦੀ ਪ੍ਰਤੀਸ਼ਤ 9.80 ਰਹੀ।

ਇਸ਼ਤਿਹਾਰ ਨੈਤਕਤਾ ਦੇ ਪੈਮਾਨੇ ਅੰਦਰ ਰਹੇ, ਇਸ ਲਈ ਜ਼ਰੂਰੀ ਹੈ ਕਿ ਕਿਸੇ ਦੂਸਰੇ ਉਤਪਾਦਨ ਦੀ ਆਲੋਚਨਾ ਨਾ ਕੀਤੀ ਜਾਵੇ। ਮੁਕਾਬਲਾ ਨਾ ਕੀਤਾ ਜਾਵੇ। ਕੇਵਲ ਆਪਣੇ ਉਤਪਾਦਨ ਦੇ ਗੁਣ ਦੱਸੇ ਜਾਣ। ਝੂਠ, ਕਪਟ, ਧੋਖਾ, ਅਸ਼ਲੀਲਤਾ ਦਾ ਸਹਾਰਾ ਨਾ ਲਿਆ ਜਾਵੇ। ਅਜਿਹੇ ਦ੍ਰਿਸ਼ਾਂ, ਤਸਵੀਰਾਂ ਦੀ ਵਰਤੋਂ ਨਾ ਕੀਤੀ ਜਾਵੇ ਜਿਨ੍ਹਾਂ ਨਾਲ ਇਸ਼ਤਿਹਾਰ ਅਸੱਭਿਅਕ ਲੱਗੇ ਜਾਂ ਉਸ ਇਸ਼ਤਿਹਾਰ ਨੂੰ ਵੇਖਣ ਵਿਚ ਸ਼ਰਮਿੰਦਗੀ ਦਾ ਅਹਿਸਾਸ ਹੋਵੇ ਭਾਸ਼ਾ ਦੀ ਵਰਤੋਂ ਸ਼ਿਸ਼ਟਾਚਾਰ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾਵੇ। ਕਿਸੇ ਵੀ ਧਰਮ ਨਾਲ ਸੰਬੰਧਤ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਏ। ਕਿਸੇ ਵੀ ਧਰਮ ਦੇ ਹੱਕ ਵਿਚ ਇਸ ਢੰਗ ਨਾਲ ਗੱਲ ਨਾ ਕਹੀ ਜਾਵੇ ਕਿ ਦੂਸਰੇ ਧਰਮਾਂ ਦੇ ਲੋਕ ਬੁਰਾ ਮਹਿਸੂਸ ਕਰਨ। ਸੰਪਰਦਾਇਕਤਾ ਨੂੰ ਉਤਸ਼ਾਹਤ ਨਾ ਕੀਤਾ ਜਾਵੇ ਬਲਕਿ ਧਾਰਮਿਕ ਸਦਭਾਵਨਾ ਪੈਦਾ ਕਰਨ ਵੱਲ ਕਦਮ ਪੁੱਟਿਆ ਜਾਵੇ। ਕੋਈ ਵੀ ਇਸ਼ਤਿਹਾਰ ਇਸ ਢੰਗ ਨਾਲ ਤਿਆਰ ਨਾ ਕੀਤਾ ਜਾਵੇ ਕਿ ਉਹ ਕਿਸੇ ਸਥਾਪਤ ਕੰਪਨੀ ਦੀ ਨਕਲ ਜਾਪੇ। ਲੇਬਲ, ਪੈਕਿੰਗ, ਨਾਂ, ਰੰਗ, ਰੂਪ, ਡਿਜ਼ਾਈਨ ਜਾਂ ਟ੍ਰੇਡਮਾਰਕ ਰਾਹੀਂ ਕਿਸੇ ਸਥਾਪਿਤ ਕੰਪਨੀ ਦਾ ਭੁਲੇਖਾ ਨਾ ਪਾਇਆ ਜਾਵੇ। ਰਾਜ, ਸਮਾਜ ਅਤੇ ਦੇਸ਼ ਦੀਆਂ ਮਾਨਤਾਵਾਂ ਤੇ ਲੋਕਨੀਤੀਆਂ ਨੂੰ ਉਲੰਘਿਆ ਜਾਂ ਭੰਡਿਆ ਨਾ ਜਾਵੇ। ਇਸ਼ਤਿਹਾਰ ਇਸ ਢੰਗ ਨਾਲ ਤਿਆਰ ਕੀਤਾ ਜਾਵੇ ਕਿ ਜਿਹੜੇ ਵਿਅਕਤੀ ਉਹ ਵਸਤ ਖਰੀਦ ਨਹੀਂ ਸਕਦੇ ਉਹ ਹੀਨ-ਭਾਵਨਾ ਦਾ ਸ਼ਿਕਾਰ ਨਾ ਹੋਣ। ਸਮਾਜ ਵਿਚ ਅਸੰਤੁਸ਼ਟਤਾ ਨਾ ਫੈਲੇ।

ਇਸ਼ਤਿਹਾਰ ʼਤੇ ਏਨਾ ਖਰਚ ਨਾ ਕੀਤਾ ਜਾਵੇ ਕਿ ਵਸਤੂ ਦਾ ਮੁੱਲ ਬਹੁਤ ਵਧ ਜਾਏ। ਇਸ਼ਤਿਹਾਰ ਉਪਭੋਗਤਾ ਨੂੰ ਸਰੀਰਕ, ਮਾਨਸਿਕ ਜਾਂ ਆਰਥਿਕ ਪ੍ਰੇਸ਼ਾਨੀ ਵਿਚ ਪਾਉਣ ਵਾਲਾ ਨਾ ਹੋਵੇ। ਅਜਿਹੇ ਪਦਾਰਥ ਜਿਨ੍ਹਾਂ ਨਾਲ ਸਿਹਤ ਵਿਗੜੇ, ਮਾਨਸਿਕ ਪ੍ਰੇਸ਼ਾਨੀ ਝੱਲਣੀ ਪਵੇ ਜਾਂ ਪੈਸੇ ਦਾ ਨੁਕਸਾਨ ਹੋਵੇ, ਇਸ਼ਤਿਹਾਰਾਂ ਦਾ ਸ਼ਿੰਗਾਰ ਬਿਲਕੁਲ ਨਾ ਬਣਾਏ ਜਾਣ। ਬੱਚਿਆਂ, ਨੌਜਵਾਨਾਂ ʼਤੇ ਗਲਤ ਪ਼੍ਰਭਾਵ ਪਾਉਣ ਵਾਲੇ ਅਤੇ ਸਮਾਜ ਵਿਚ ਗਲਤ ਪ੍ਰਵਿਰਤੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਤਿਆਰ ਨਾ ਕੀਤੇ ਜਾਣ। ਇਨ੍ਹਾਂ ਗੱਲਾਂ ਦਾ ਧਿਆਨ ਰੱਖਕੇ ਹੀ ਇਕ ਨੈਤਿਕ ਇਸ਼ਤਿਹਾਰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਹੈਰਾਨੀ ਅਤੇ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਵਿਚ ਇਸ਼ਤਿਹਾਰਾਂ ʼਤੇ ਕੋਈ ਚੈਕ ਨਹੀਂ ਹੈ ਅਤੇ ਨਾ ਹੀ ਕੋਈ ਠੋਸ ਨਿਯਮ ਜਾਂ ਸ਼ਰਤਾਂ ਹਨ। ਚੀਜ਼ ਬੇਸ਼ੱਕ ਬੇ-ਹੱਦ ਘਟੀਆ ਦਰਜ਼ੇ ਦੀ ਹੋਵੇ ਪਰੰਤੂ ਉਸਨੂੰ ਸਭ ਤੋਂ ਉੱਤਮ ਕਹਿ ਕੇ ਪੇਸ਼ ਕੀਤਾ ਜਾਂਦਾ ਹੈ। ਭਾਰਤੀ ਉਪਭੋਗਤਾ ਦੀ ਚੇਤੰਨ ਨਹੀਂ ਹੈ। ਧੋਖੇ, ਕਪਟ ਤੇ ਝੂਠ ਨੂੰ ਹਾਸੇ ਵਿਚ ਟਾਲ ਦਿੰਦਾ ਹੈ। ਅਮਰੀਕਾ ਦੇ ਇਕ ਜੱਜ ਨੇ ਇਕ ਔਰਤ ਨੂੰ ਇਸ ਲਈ ਪੁਰਸਕਾਰ ਦਿੱਤਾ ਕਿ ਉਸਨੇ ਇਕ ਅਜਿਹੇ ਸ਼ੈਂਪੂ ਵਿਰੁੱਧ ਸ਼ਕਾਇਤ ਕੀਤੀ ਜਿਸਦੀ ਵਰਤੋਂ ਨਾਲ ਉਸਦੇ ਵਾਲ ਰੁੱਖੇ ਹੋ ਗਏ ਸਨ। ਪਰੰਤੂ ਉਸ ਸ਼ੈਂਪੂ ਦੇ ਇਸ਼ਤਿਹਾਰ ਵਿਚ ਵਾਲਾਂ ਨੂੰ ਨਰਮ ਤੇ ਕੋਮਲ ਕਰਨ ਦੀ ਗੱਲ ਕਹੀ ਜਾਂਦੀ ਸੀ।

ਸੂਬਾਈ ਅਤੇ ਕੇਂਦਰੀ ਸਰਕਾਰਾਂ ਸਮੇਂ-ਸਮੇਂ ਵਸਤੂ ਦੀ ਗੁਣਵਤਾ ਅਤੇ ਮਿਲਾਵਟ ਆਦਿ ਸੰਬੰਧੀ ਨਿਸਮ ਬਣਾਉਂਦੀਆਂ ਰਹੀਆਂ ਹਨ ਪਰੰਤੂ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਰਿਹਾ। ਘਟੀਆ ਕਿਸਮ ਦੀਆਂ ਮਿਲਾਵਟ ਵਾਲੀਆਂ ਚੀਜ਼ਾਂ ਤੇ ਰੋਕ ਲਾਉਂਦਾ ਇਕ ਬਿੱਲ 1940 ਵਿਚ ਪਾਸ ਕੀਤਾ ਗਿਆ ਸੀ। ਇਸ ਤਹਿਤ ਇਕ ਸਾਲ ਤੋਂ 10 ਸਾਲ ਤੱਕ ਕੈਦ ਅਤੇ ਜ਼ੁਰਮਾਨੇ ਦੀ ਵਿਵਸਥਾ ਸੀ। ਇਸ਼ਤਿਹਾਰ ਵਿਚ ਦੱਸੇ ਗੁਣ ਜੇ ਹਕੀਕਤ ਵਿਚ ਨਹੀਂ ਪਾਏ ਜਾਂਦੇ ਤਾਂ ਇਸ ਕਾਨੂੰਨ ਤਹਿਤ ਕਾਰਵਾਈ ਹੋ ਸਕਦੀ ਸੀ। ਭਾਰਤੀ ਮਾਨਕ ਸੰਸਥਾਨ ਬਿੱਲ 1952 ਤਹਿਤ ਉਪਭੋਗਤਾ ਕਿਸੇ ਵੀ ਅਜਿਹੀ ਚੀਜ਼ ਦੀ ਸ਼ਕਾਇਤ ਕਰ ਸਕਦਾ ਹੈ ਜਿਸਤੇ ਆਈ.ਐਸ.ਆਈ. ਮਾਰਕ ਹੋਵੇ ਪਰੰਤੂ ਉਸਦੀ ਗੁਣਵਤਾ ਉਸ ਮਿਆਰ ਦੀ ਨਾ ਹੋਵੇ।

1958 ਵਿਚ ਇਕ ਬਿੱਲ ਪਾਸ ਕੀਤਾ ਗਿਆ ਸੀ ਜਿਸ ਤਹਿਤ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ʼਤੇ ਫੌਜਦਾਰੀ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਹੈ ਅਤੇ ਹਰਜਾਨਾ ਵਸੂਲਿਆ ਜਾ ਸਕਦਾ ਹੈ। ਕਿਸੇ ਵੀ ਵਿਅਕਤੀ ਜਾਂ ਉਤਪਾਦਨ ਦੇ ਬਾਰੇ ਗਲਤ ਪ੍ਰਚਾਰ ਕਰਨ ʼਤੇ ਉਸ ਸੰਬੰਧੀ ਫੌਜਦਾਰੀ ਮੁਕੱਦਮਾ ਦਾਇਰ ਹੋ ਸਕਦਾ ਹੈ। ਇਸੇ ਤਰ੍ਹਾਂ 1969 ਵਿਚ ਵਿਉਪਾਰ ਵਿਵਹਾਰ ਬਿੱਲ, 1972 ਵਿਚ ਕਿਸ਼ਤ ਖਰੀਦਕਾਰੀ ਬਿੱਲ, 1975 ਵਿਚ ਉਪਭੋਗਤਾ ਬੰਦ ਵਸਤੂ ਬਿੱਲ, 1986 ਵਿਚ ਇਸਤ੍ਰੀਆਂ ਦੀ ਅਸ਼ਲੀਲ ਪੇਸ਼ਕਾਰੀ ʼਤੇ ਰੋਕ ਬਿੱਲ ਤੇ 1987 ਵਿਚ ਉਪਭੋਗਤਾ ਸੁਰੱਖਿਆ ਬਿੱਲ ਆਏ ਜਿਨ੍ਹਾਂ ਤਹਿਤ ਝੂਠੇ ਪ੍ਰਚਾਰ ਵਾਲੇ ਇਸ਼ਤਿਹਾਰਾਂ ਨੂੰ ਆਸਾਨੀ ਨਾਲ ਨੱਥ ਪਾਈ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਸਮੇਂ-ਸਮੇਂ ਕੰਪਨੀਆਂ ਅਤੇ ਏਜੰਸੀਆਂ ਨੇ ਇਸ਼ਤਿਹਾਰਾਂ ਦੇ ਸੰਬੰਧ ਵਿਚ ਖ਼ੁਦ ਆਪਣੇ ਆਪ ʼਤੇ ਕੁਝ ਨਿਸਮ ਅਤੇ ਸ਼ਰਤਾਂ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਦੂਰਦਰਸ਼ਨ ਨੇ ਆਪਣੀ ਪੱਧਰ ʼਤੇ ਵੀ ਇਸ ਦਿਸ਼ਾ ਵਿਚ ਯਤਨ ਕੀਤੇ। 1987 ਵਿਚ 33 ਸਫ਼ਿਆਂ ਦੀ ਇਕ ਰਿਪੋਰਟ ਸੰਸਦ ਵਿਚ ਪੇਸ਼ ਕੀਤੀ ਗਈ ਜਿਸ ਵਿਚ ਅਸ਼ਲੀਲ ਪੇਸ਼ਕਾਰੀ ਅਤੇ ਉਪਭੋਗਤਾ ਬਿੱਲ 1986 ਦੀਆਂ ਕੁਝ ਮੱਦਾਂ ਵੀ ਸ਼ਾਮਲ ਕੀਤੀਆਂ ਗਈਆਂ। ਬੱਚਿਆਂ ਨਾਲ ਸੰਬੰਧਤ ਇਸ਼ਤਿਹਾਰਾਂ ਬਾਰੇ ਵਿਸਥਾਰ ਵਿਚ ਗੱਲ ਕੀਤੀ ਗਈ ਜਿਸਦਾ ਸਾਰ ਕੁਝ ਇਸ ਤਰ੍ਹਾਂ ਹੈ- ਕੋਈ ਵੀ ਵਿਗਿਆਪਨ ਜਿਸਤੋਂ ਬੱਚੇ ਗਲਤ ਤਰੀਕੇ ਨਾਲ ਪ੍ਰਭਾਵਤ ਹੋਣ, ਪ੍ਰਸਾਰਨ ਲਈ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੇ ਇਸ਼ਤਿਹਾਰ ਜੋ ਬੱਚਿਆਂ ਵਿਚ ਇਸ ਤਰ੍ਹਾਂ ਦਾ ਵਿਸ਼ਵਾਸ ਪੈਦਾ ਕਰਨ ਕਿ ਕਿਸੇ ਚੀਜ਼ ਦੀ ਵਰਤੋਂ ਨਾ ਕਰਨ ʼਤੇ ਉਹ ਦੂਜੇ ਬੱਚਿਆਂ ਨਾਲੋਂ ਘਟੀਆ ਰਹਿਣਗੇ ਜਾਂ ਵਰਤੋਂ ਨਾ ਕਰਨ ʼਤੇ ਉਨ੍ਹਾਂ ਦਾ ਅਨਾਦਰ ਹੋਵੇਗਾ ਤਾਂ ਉਹ ਵੀ ਪ੍ਰਸਾਰਨਯੋਗ ਨਹੀਂ ਸਮਝੇ ਜਾਣਗੇ। ਇਸਤ੍ਰੀਆਂ ਸੰਬੰਧੀ ਇਸ ਵਿਚ ਦਰਜ਼ ਹੈ ਕਿ ਅਜਿਹਾ ਕੋਈ ਵਿਗਿਆਪਨ ਸਵੀਕਾਰ ਨਹੀਂ ਕੀਤਾ ਜਾਵੇਗਾ ਜੋ ਔਰਤ ਦੀ ਮਾਣ ਮਰਿਆਦਾ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਜਾਂ ਅਜਿਹੀ ਪੇਸ਼ਕਾਰੀ ਜਿਸ ਨਾਲ ਉਸਦੇ ਗੁਣਾਂ ਪੱਖੋਂ ਊਣੇ ਜਾਂ ਸਮਾਜ ਤੇ ਪਰਿਵਾਰ ਵਿਚ ਅਧੀਨ ਹੋਣ ਦਾ ਅਹਿਸਾਸ ਹੁੰਦਾ ਹੋਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਔਰਤ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਵੇ ਜਿਸ ਨਾਲ ਉਸਦੀ ਸ਼ੋਭਾ ਵਧੇ ਅਤੇ ਸਮਾਜਕ ਕਦਰਾਂ-ਕੀਮਤਾਂ ਦੀ ਉਲੰਘਣਾ ਨਾ ਹੋਵੇ।

ਅਨੈਤਿਕ, ਅਸ਼ਲੀਲ ਅਤੇ ਝੂਠੇ ਇਸ਼ਤਿਹਾਰਾਂ ਸੰਬੰਧੀ ਬਹੁਤ ਸਾਰੇ ਕਾਨੂੰਨ ਅਤੇ ਨਿਯਮ ਹੋਣ ਦੇ ਬਾਵਜੂਦ ਭਾਰਤ ਵਿਚ ਸਥਿਤੀ ਤਰਸਯੋਗ ਅਤੇ ਹਾਸੋਹੀਣੀ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੀ ਪਰਵਾਹ ਕੀਤੇ ਬਗੈਰ ਵਿਗਿਆਪਨਦਾਤਾ ਅਤੇ ਏਜੰਸੀਆਂ ਵੱਡੀਆਂ ਗਲਤੀਆਂ ਕਰਦੇ ਹਨ। ਦੂਜੇ ਪਾਸੇ ਵਧਦੇ ਹੋਏ ਉਪਭੋਗਤਾਵਾਦ, ਸਿੱਖਿਆ ਦੇ ਪ੍ਰਚਾਰ ਪ੍ਰਸਾਰ, ਸਵੈ-ਸੇਵੀ ਸੰਸਥਾਵਾਂ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਲੋਕ ਸੋਚ ਤੇ ਸਿਆਣਪ ਤੋਂ ਕੰਮ ਲੈਣ ਲੱਗੇ ਹਨ। ਕੁਝ ਕੁ ਜਾਗਰੁਕਤਾ ਪੈਦਾ ਹੋਈ ਹੈ। ਅੱਜ ਹਰੇਕ ਉਪਭੋਗਤਾ ਖਰੀਦੀ ਜਾਣ ਵਾਲੀ ਵਸਤ ਦੀ ਉਪਭੋਗਤਾ, ਕਿਸਮ ਅਤੇ ਮੁੱਲ ਬਾਰੇ ਤੁਲਨਾ ਤੇ ਸੋਚ ਵਿਚਾਰ ਕਰਦਾ ਹੈ। ਅੱਜ ਪੂਰੇ ਮੁਲਕ ਵਿਚ ਬਹੁਤ ਸਾਰੇ ਉਪਭੋਗਤਾ ਸੰਗਠਨ ਸਰਗਰਮ ਹਨ ਜਿਹੜੇ ਵਸਤ ਦੀ ਉਪਯੋਗਤਾ, ਕਿਸਮ, ਗੁਣ, ਬਨਾਵਟ ਆਦਿ ਬਾਰੇ ਕਿਸੇ ਵੀ ਕਿਸਮ ਦਾ ਵਿਵਾਦ ਹੋਣ ʼਤੇ ਉਸਨੂੰ ਹੱਲ ਕਰਨ ਲਈ ਯਤਨ ਕਰਦੇ ਹਨ। ਉਪਭੋਗਤਾ ਸੰਗਠਨਾਂ ਸਦਕਾ, ਉਪਭੋਗਤਾ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਸਮਰੱਥ ਹੋ ਗਿਆ ਹੈ।

ਸਮੁੱਚੇ ਤੌਰ ʼਤੇ ਕਿਹਾ ਜਾ ਸਕਦਾ ਹੈ ਕਿ ਟੀ.ਵੀ. ਦਾ ਪ੍ਰਭਾਵ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਸਥਿਤੀ ਵਿਚ ਇਹ ਇਕ ਪਾਸੇ ਸਮਾਜਕ ਇਸ਼ਤਿਹਾਰ ਦੇ ਕੇ ਸਮਾਜ ਵਿਚ ਫੈਲੀ ਅਗਿਆਨਤਾ ਤੇ ਰੂੜੀਵਾਦੀ ਸੋਚ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਉਸਾਰੂ ਸਿੱਖਿਆ ਦੇ ਰਿਹਾ ਹੈ ਪਰੰਤੂ ਦੂਜੇ ਪਾਸੇ ਅਸ਼ਲੀਲ ਦ੍ਰਿਸ਼ਾਂ ਰਾਹੀਂ ਇਸਤ੍ਰੀ ਦੀ ਨੁਮਾਇਸ਼ ਕਰ ਰਿਹਾ ਹੈ। ਨਾਲ ਹੀ ਮਨੁੱਖੀ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਦਾਰਥਾਂ ਦੇ ਵਿਗਿਆਪਨ ਧੜਾਧੜ ਪ੍ਰਸਾਰਿਤ ਕਰ ਰਿਹਾ ਹੈ। ਭਾਰਤ ਵਿਚ ਇਸ਼ਤਿਹਾਰਾਂ ਦਾ ਪ੍ਰਚਾਰ ਪ੍ਰਸਾਰ ਖੁਲ੍ਹੇਆਮ ਕੀਤਾ ਜਾ ਰਿਹਾ ਹੈ। ਇਨ੍ਹਾਂ ʼਤੇ ਕਿਧਰੇ ਵੀ ਕਿਸੇ ਕਿਸਮ ਦੀ ਰੋਕ ਨਹੀਂ ਹੈ। ਨਿਯਮ ਕਾਨੂੰਨ ਇਕ ਪਾਸੇ ਧਰੇ ਧਰਾਏ ਰਹਿ ਜਾਂਦੇ ਹਨ। ਕਿਸੇ  ਸੰਗਠਨ, ਕਿਸੇ ਸੰਸਥਾ ਜਾਂ ਉਪਭੋਗਤਾ ਅੰਦੋਲਨ ਨੇ ਇਸ ਦਿਸ਼ਾ ਵਿਚ ਨਾ ਕੋਈ ਠੋਸ ਯਤਨ ਕੀਤਾ ਅਤੇ ਨਾ ਹੀ ਲੋਕਾਂ ਵਿਚ ਸਮੂਹਕ ਪੱਧਰ ʼਤੇ ਕੋਈ ਜਾਗ੍ਰਿਤੀ ਜਾਂ ਵਿਰੋਧ ਵਿਖਾਈ ਦਿੰਦਾ ਹੈ।

ਭਾਰਤੀ ਸੰਸਕ੍ਰਿਤੀ ਦੇ ਖਿਲਾਫ਼ ਭੁਗਤਦੀ ਨੈਤਿਕਤਾ ਦੀਆਂ ਹੱਦਾਂ ਉਲੰਘਦੀਆਂ, ਔਰਤ ਦੀ ਮਰਿਯਾਦਾ ਦਾ ਖਿਆਲ ਨਾ ਰੱਖਦੀਆਂ, ਔਰਤ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿਚ ਕਾਰਜਸ਼ੀਲ, ਕਾਮੁਕਤਾ ਅਤੇ ਅਸ਼ਲੀਲਤਾ ਉਭਾਰਨ ਵਾਲੀ ਇਸ਼ਤਿਹਾਰਬਾਜ਼ੀ ਨੂੰ ਅੱਜ ਨੱਥ ਪੈਣੀ ਚਾਹੀਦੀ ਹੈ। ਇਸ ਦੀਆਂ ਵਾਗਾਂ ਖੁਲ੍ਹੀਆਂ ਛੱਡਣ ਨਾਲ ਭਵਿੱਖ ਵਿਚ ਖ਼ਤਰਨਾਕ ਨਤੀਜੇ ਭੁਗਤਣੇ ਪੈ ਸਕਦੇ ਹਨ।

You must be logged in to post a comment Login