ਟੈਲੀਵਿਜ਼ਨ ਤੇ ਫ਼ਿਲਮਾਂ : ਮਿਆਰੀ ਸਮੱਗਰੀ ਦੀ ਸਮੱਸਿਆ

ਪ੍ਰੋ. ਕੁਲਬੀਰ ਸਿੰਘ
Mob. : 9417153513

ਭਾਰਤ ਦੇ ਹਿੰਦੀ ਅਤੇ ਖੇਤਰੀ ਚੈਨਲ ਮਿਆਰੀ ਸਮੱਗਰੀ ਦੇ ਘੋਰ ਸੰਕਟ ਵਿਚੋਂ ਲੰਘ ਰਹੇ ਹਨ। ਇਹੀ ਹਾਲ ਫ਼ਿਲਮਾਂ ਦਾ ਹੈ। ਚੈਨਲਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਫ਼ਿਲਮਾਂ ਧੜਾਧੜ ਬਣ ਰਹੀਆਂ ਹਨ। ਭਾਰਤੀ ਦਰਸ਼ਕਾਂ ਲਈ 1300 ਤੋਂ ਵੱਧ ਚੈਨਲ ਉਪਲਬਧ ਹਨ। ਸਾਲ ਵਿਚ 2000 ਦੇ ਕਰੀਬ ਫ਼ਿਲਮਾਂ ਬਣਦੀਆਂ ਹਨ। ਪੰਜਾਬੀ ਫ਼ਿਲਮਾਂ ਦੀ ਗਿਣਤੀ ਵੀ 100 ਤੋਂ ਟੱਪ ਜਾਂਦੀ ਹੈ। ਮਸਲਾ ਇਕੱਲਾ ਗਿਣਤੀ ਦਾ ਨਹੀਂ ਹੈ। ਮਸਲਾ ਵਿਸ਼ਾ-ਸਮੱਗਰੀ ਅਤੇ ਮਿਆਰ ਦਾ ਹੈ। ਮਸਲਾ ਸਮਾਜਕ ਮਾਨਵੀ ਸਰੋਕਾਰਾਂ ਦਾ ਹੈ। ਮਸਲਾ ਕੰਮ ਦੀ ਗੱਲ ਦਾ ਹੈ। ਜਿਹੜਾ ਕੰਮ ਦੀ ਗੱਲ ਕਰੇਗਾ, ਉਸੇ ਦਾ ਜ਼ਿਕਰ ਹੋਵੇਗਾ। ਜਿਹੜਾ ਜ਼ਿਕਰਯੋਗ ਗੱਲ ਨਹੀਂ ਕਰੇਗਾ, ਉਹ ਹਾਸ਼ੀਏ ʼਤੇ ਚਲਾ ਜਾਵੇਗਾ।ਹੁਣ ਤੱਕ ਦੀ ਖੋਜ ਤੇ ਅਧਿਐਨ ਇਸ ਨਤੀਜੇ ʼਤੇ ਪੁੱਜੇ ਹਨ ਕਿ ਚੈਨਲਾਂ ਦੀ ਬਹੁਤਾਤ ਨੇ ਭਾਰਤ ਅਤੇ ਭਾਰਤੀ ਲੋਕਾਂ ਨੂੰ ਸਿਹਤਮੰਦ ਕਦਰਾਂ-ਕੀਮਤਾਂ ਅਤੇ ਉਸਾਰੂ ਅਗਵਾਈ ਦੇਣ ਦੀ ਥਾਂ ਸਮਾਜਕ ਅਸ਼ਾਂਤੀ ਫੈਲਾਉਣ ਅਤੇ ਢਾਹੂ ਰੁਚੀਆਂ ਪ੍ਰਚਾਰਨ ਦਾ ਕੰਮ ਵਧੇਰੇ ਕੀਤਾ ਹੈ। ਸੂਚਨਾ, ਸੰਦੇਸ਼ ਤੇ ਮਨੋਰੰਜਨ ਦੀ ਕਸੌਟੀ ʼਤੇ ਵੀ ਭਾਰਤੀ ਚੈਨਲ ਖਰੇ ਨਹੀਂ ਉੱਤਰਦੇ।ਭਾਰਤੀ ਵਿਚ ਖ਼ਬਰ ਚੈਨਲ, ਮਨੋਰੰਜਕ ਚੈਨਲ ਅਤੇ ਖੇਡ ਚੈਨਲ ਵਧੇਰੇ ਵੇਖੇ ਜਾਂਦੇ ਹਨ। ਮਨੋਰੰਜਕ ਚੈਨਲਾਂ ਦੀ ਵਿਸ਼ਾ-ਸਮੱਗਰੀ ਫ਼ਿਲਮਾਂ, ਫ਼ਿਲਮੀ ਗੀਤਾਂ ਅਤੇ ਸਮਾਜਕ ਮਾਨਵੀ ਸਰੋਕਾਰਾਂ ਤੋਂ ਸੱਖਣੇ ਸੀਰੀਅਲਾਂ ਦੁਆਲੇ ਕੇਂਦਰਿਤ ਹੁੰਦੀ ਹੈ। ਖੇਡ ਚੈਨਲ ਵਧੇਰੇ ਕਰਕੇ ਕ੍ਰਿਕਟ ਦਾ ਪ੍ਰਸਾਰਨ ਕਰਦੇ ਹਨ। ਨਤੀਜੇ ਵਜੋਂ ਖੇਡ-ਖੇਤਰ ਅਤੇ ਖੇਡ-ਪ੍ਰੇਮੀਆਂ ਵਿਚ ਬੇਢੱਬੀ ਕਿਸਮ ਦਾ ਅਸਾਵਾਂਪਨ ਪੈਦਾ ਹੋ ਗਿਆ ਹੈ।  ਨਿਊਜ਼ ਚੈਨਲਾਂ ਵਿਚਾਲੇ ਨੰਬਰ ਇਕ ਦੀ ਦੌੜ ਕਾਰਨ ਆਪਾ ਧਾਪੀ ਦਾ ਮਾਹੌਲ ਹੈ।  ਕਾਰੋਬਾਰੀ ਪਹਿਲੂ ਇਸ ਕਦਰ ਹਾਵੀ ਹੋ ਗਿਆ ਹੈ ਕਿ ਟੀ.ਆਰ.ਪੀ. ਖਾਤਰ ਨਿਊਜ਼ ਚੈਨਲ ਕੁਝ ਵੀ ਪਰੋਸਣ ਲਈ ਤਿਆਰ ਹੋ ਜਾਂਦੇ ਹਨ।  ਭੈਅ ਦਾ ਵਾਤਾਵਰਨ ਪੈਦਾ ਕਰਦੀਆਂ ਸਨੀਸਨੀਖੇਜ਼ ਖ਼ਬਰਾਂ ਅਤੇ ਅੰਧ-ਵਿਸ਼ਵਾਸ ਵਧਾਉਂਦੀਆਂ ਕਥਾ ਕਹਾਣੀਆਂ ਤਰਜੀਹੀ ਵਿਸ਼ਾ-ਸਮੱਗਰੀ ਬਣ ਗਈ ਹੈ।  ਕ੍ਰਿਕਟ, ਕਾਮੇਡੀ, ਕਰਾਈਮ, ਸਿਨੇਮਾ ਅਤੇ ˈਸੈਲੇਬ੍ਰਿਟੀˈ ਤੋਂ ਜਿਹੜਾ ਸਮਾਂ ਬੱਚਦਾ ਹੈ ਉਹ ਗ਼ੈਰ-ਮਿਆਰੀ ਸਿਆਸੀ ਚਰਚਾ ਨੂੰ ਚਲਾ ਜਾਂਦਾ ਹੈ।

            ਸਵਾਲ ਪੈਦਾ ਹੁੰਦਾ ਹੈ ਕਿ ਵੱਖ ਵੱਖ ਸ਼੍ਰੇਣੀ ਦੇ ਚੈਨਲਾਂ ਕੋਲ ਸੰਜੀਦਾ ਅਤੇ ਸਿਹਤਮੰਦ ਪ੍ਰੋਗਰਾਮਾਂ ਲਈ ਕਿਹੜਾ ਸਮਾਂ ਹੈ?  ਸਮਾਜਕ ਸਰੋਕਾਰਾਂ ਦੀ ਗੱਲ ਕੌਣ ਕਰੇਗਾ?  ਸਾਹਿਤ ਤੇ ਕਲਾ ਖੇਤਰ ਕੀ ਅਣਗੌਲ ਹੀ ਰਹਿਣਗੇ?  ਭਾਰਤੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਕਹਾਣੀ ਕੌਣ ਕਰੇਗਾ? ਭਾਰਤੀ ਮਨੋਰੰਜਕ ਚੈਨਲਾਂ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਸੀਰੀਅਲਾਂ ਦੇ ਗੈਰ-ਮਿਆਰੀ ਵਿਸ਼ਾ-ਵਸਤੂ ਸੰਬੰਧੀ ਲੰਮੇ ਸਮੇਂ ਤੋਂ ਚਰਚਾ ਚੱਲਦੀ ਰਹੀ ਹੈ।  ਅਫ਼ਸੋਸ ਕਿ ਅਜਿਹੇ ਸੀਰੀਅਲਾਂ ਦੀ ਗਿਣਤੀ ਸਮੇਂ ਨਾਲ ਘੱਟਣ ਦੀ ਬਜਾਏ ਵੱਧਦੀ ਗਈ ਹੈ। ˈਬਿੱਗ ਬਾਸˈ ਨੇ  ਸੱਭ ਸੀਮਾਵਾਂ ਤੋੜ ਦਿੱਤੀਆਂ ਹਨ।ਦੁਨੀਆਂ ਵਿਚ ਕਿਧਰੇ ਵੀ ਟੈਲੀਵਿਜ਼ਨ ਚੈਨਲਾਂ ਦੀ ਭਾਰਤ ਵਰਗੀ ਬੇਤਰਤੀਬੀ ਤੇ ਬੇਢੱਬੀ ਤਸਵੀਰ ਨਹੀਂ ਹੈ ਅਤੇ ਨਾ ਹੀ ਅਜਿਹਾ ਆਪਹੁਦਰਾਪਨ ਤੇ ਗੈਰ ਮਿਆਰੀ ਪ੍ਰਸਾਰਨ ਵੇਖਣ ਨੂੰ ਮਿਲਦਾ ਹੈ।  ਆਖ਼ਰਕਾਰ ਕੋਈ ਤਾਂ ਸੀਮਾ-ਰੇਖਾ ਚਾਹੀਦੀ ਹੈ।  ਇਹ ਕੀ ਵਿਖਾ ਸਕਦੇ ਹਨ ਅਤੇ ਕੀ ਨਹੀਂ ਵਿਖਾ ਸਕਦੇ।  ਇਹ ਕਿਥੋਂ ਤੱਕ ਜਾ ਸਕਦੇ ਹਨ ਅਤੇ ਕਿਥੋਂ ਅੱਗੇ ਜਾਣਾ ਇਨ੍ਹਾਂ ਲਈ ਵਰਜਿਤ ਹੈ।  ਮੈਨੂੰ ਲੱਗਦਾ ਹੈ ਇਹਦੇ ਲਈ ਸਵੈ-ਸੰਜਮ ਤੇ ਸਵੈ-ਜਾਬਤਾ ਸੱਭ ਤੋਂ ਕਾਰਗਰ ਹੈ।  ਜਿਹੜੀਆਂ ਅਖ਼ਬਾਰਾਂ, ਜਿਹੜੇ ਚੈਨਲਾਂ, ਜਿਹੜੇ ਨਿਰਮਾਤਾ-ਨਿਰਦੇਸ਼ਕਾਂ ਨੇ ਖੁਦ ʼਤੇ ਸਵੈ-ਜ਼ਾਬਤਾ ਲਾਗੂ ਕੀਤਾ ਹੈ ਉਨ੍ਹਾਂ ਅਖ਼ਬਾਰਾਂ, ਉਨ੍ਹਾਂ ਚੈਨਲਾਂ, ਉਨ੍ਹਾਂ ਪ੍ਰੋਗਰਾਮਾਂ, ਉਨ੍ਹਾਂ ਫ਼ਿਲਮਾਂ ਦੀ ਕਾਰਗੁਜ਼ਾਰੀ ਬਿਹਤਰ ਰਹਿੰਦੀ ਹੈ।ਹਰੇਕ ਚੈਨਲ ਨੂੰ ਚਾਹੀਦਾ ਹੈ ਕਿ ਉਹ ˈਪ੍ਰਾਈਮ ਟਾਈਮˈ ਵਿਚੋਂ ਰੋਜ਼ਾਨਾ ਕੁਝ ਸਮਾਂ ਸਿਹਤ, ਸਿੱਖਿਆ, ਸਾਹਿਤ, ਸਮਾਜ, ਸਭਿਆਚਾਰ ਤੇ ਵਾਤਾਵਰਨ ਨੂੰ ਜ਼ਰੂਰ ਦੇਵੇ। ਅਜਿਹੀ ਭਾਵਨਾ ਤਹਿਤ ਹੀ ਭਾਰਤੀ ਟੈਲੀਵਿਜ਼ਨ ਦੀ ਵਿਸ਼ਾ-ਸਮੱਗਰੀ ਦਾ ਮੂੰਹ-ਮੁਹਾਂਦਰਾ ਨਿੱਖਰ ਸਕਦਾ ਹੈ।ਜਿੱਥੋਂ ਤੱਕ ਫ਼ਿਲਮਾਂ ਦਾ ਸੰਬੰਧ ਹੈ ਇਨ੍ਹਾਂ ਦੀ ਸਾਰਥਿਕਤਾ ਵਧਾਉਣ ਲਈ ਕਿਸੇ ਅਜਿਹੇ ਨਾਵਲ, ਹਾਸ-ਵਿਅੰਗ, ਅਸਲੀ ਜੀਵਨ ਕਹਾਣੀ, ਜੀਵਨੀ ʼਤੇ ਫ਼ਿਲਮ ਬਣਾਉਣੀ ਚਾਹੀਦੀ ਹੈ ਜੋ ਚਰਚਾ ਵਿਚ ਹੋਵੇ ਅਤੇ ਪ੍ਰੇਰਨਾਸ੍ਰੋਤ ਬਣ ਚੁੱਕੀ ਹੋਵੇ।  ਫ਼ਿਲਮ ਉਦਯੋਗ ਦਾ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਫ਼ਿਲਮਾਂ ਨੇ ਜਿੱਥੇ ਸਮਾਜ ਨੂੰ ਸਾਰਥਿਕ ਸੁਨੇਹਾ ਦਿੱਤਾ ਉਥੇ ਲੰਮਾ ਸਮਾਂ ਦਰਸ਼ਕਾਂ ਦੇ ਆਕਰਸ਼ਨ ਦਾ ਕੇਂਦਰ ਬਣੀਆਂ ਰਹੀਆਂ।  ਥ੍ਰੀ ਈਡੀਅਟ, ਤਾਰੇ ਜ਼ਮੀਂ ਪਰ ਅਤੇ ਭਾਗ ਮਿਲਖਾ ਭਾਗ ਇਸਦੀਆਂ ਬਿਹਤਰੀਨ ਉਦਾਹਰਨਾਂ ਹਨ। ਬੀਤੇ ਵਰਿਆਂ ਦੌਰਾਨ ਪੰਜਾਬੀ ਫ਼ਿਲਮਾਂ ਦੀ ਸਥਿਤੀ ਵੀ ਇਹੀ ਰਹੀ।  ਜਿਹੜੀਆਂ ਪੰਜਾਬੀ ਫ਼ਿਲਮਾਂ ਕਿਸੇ ਮਕਸਦ-ਵਿਸ਼ੇਸ਼ ਨੂੰ ਮੱਦੇ-ਨਜ਼ਰ ਰੱਖ ਕੇ ਇਤਿਹਾਸਕ ਸਮਾਜਕ ਮਹੱਤਵ ਨੂੰ ਉਜਾਗਰ ਕਰਨ ਖਾਤਰ ਬਣਾਈਆਂ ਗਈਆਂ, ਦਰਸ਼ਕਾਂ ਨੇ ਉਨ੍ਹਾਂ ਨੂੰ ਚੰਗਾ ਹੁੰਗਾਰਾ ਦਿੱਤਾ।  ਕੇਵਲ ਕਾਮੇਡੀ ਜਾਂ ਹਲਕੇ-ਫੁਲਕੇ ਮਨੋਰੰਜਨ ਵਾਲੀਆਂ ਪੰਜਾਬੀ ਫ਼ਿਲਮਾਂ ਥੀਏਟਰਾਂ ਵਿਚ ਟਿਕ ਨਹੀਂ ਸਕੀਆਂ ਹਨ।ਪੰਜਾਬੀ ਨਿਰਮਾਤਾ-ਨਿਰਦੇਸ਼ਕ ਚੰਗੀ ਫ਼ਿਲਮ ਬਨਾਉਣ ਨੂੰ ˈਰਿਸਕˈ ਲੈਣਾ ਕਹਿੰਦੇ ਹਨ।  ਪਰੰਤੂ ਆਮ ਪੰਜਾਬੀ ਫ਼ਿਲਮਾਂ ਦਾ ਟਿਕਟ-ਖਿੜਕੀ ʼਤੇ ਕੀ ਹਸ਼ਰ ਹੋ ਰਿਹਾ ਹੈ ਸੱਭ ਜਾਣਦੇ ਹਨ।ਮੈਂ ਹੈਰਾਨ ਹੁੰਦਾ ਹਾਂ ਕਿ ਹਰੇਕ ਸਾਲ ਸੈਂਕੜੇ ਪੰਜਾਬੀ ਫ਼ਿਲਮਾਂ ਬਣਦੀਆਂ ਹਨ ਪਰੰਤੂ ਚਰਚਾ ਕਿਸੇ ਵਿਰਲੀ ਟਾਵੀਂ ਫ਼ਿਲਮ ਦੀ ਹੀ ਹੁੰਦੀ ਹੈ।  ਚੰਗੀ ਫ਼ਿਲਮ ਲਈ ਚੰਗੀ ਕਹਾਣੀ ਚਾਹੀਦੀ ਹੈ।  ਸੁਨੇਹਾ ਸੰਦੇਸ਼ ਚਾਹੀਦਾ ਹੈ।  ਸੰਵੇਦਨਸ਼ੀਲ ਅਦਾਕਾਰੀ ਦੀ ਲੋੜ ਹੈ।  ਕਲਾ ਪੱਖ ਦੀ ਮਜ਼ਬੂਤੀ ਲੋੜੀਂਦੀ ਹੈ।  ਜਾਨਦਾਰ ਨਿਰਦੇਸ਼ਨ ਜ਼ਰੂਰੀ ਹੈ।  ਸਮਾਜਕ, ਪਰਿਵਾਰਕ, ਮਾਨਵੀ ਸਰੋਕਾਰਾਂ ਨਾਲ ਜੁੜਨ ਦੀ ਲੋੜ ਹੈ।  ਨਾ ਹਰ ਕੋਈ ਅਦਾਕਾਰ ਬਣ ਸਕਦਾ ਹੈ, ਨਾ ਨਿਰਦੇਸ਼ਕ, ਨਾ ਗੀਤਕਾਰ, ਨਾ ਫ਼ਿਲਮਕਾਰ।  ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੀਆਂ ਸਖ਼ਸੀਅਤਾਂ ਨੂੰ ਇਹਨਾਂ ਪਹਿਲੂ ਸੰਬੰਧੀ ਵਿਚਾਰਨ ਦੀ ਲੋੜ ਹੈ।

You must be logged in to post a comment Login