ਦੁਬਈ: ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਮੁਸਲਿਮ ਵੀਰ ਛਕਦੇ ਹਨ ਸਿੱਖ ਨੌਜਵਾਨਾਂ ਵੱਲੋਂ ਲਾਈ ਛਬੀਲ ਦਾ ਜਲ

ਦੁਬਈ: ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਮੁਸਲਿਮ ਵੀਰ ਛਕਦੇ ਹਨ ਸਿੱਖ ਨੌਜਵਾਨਾਂ ਵੱਲੋਂ ਲਾਈ ਛਬੀਲ ਦਾ ਜਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਦੀ ਸੇਵਾ ਦਾ ਜ਼ਿਕਰ ਮਾਣਮੱਤਾ ਹੈ। ਉਹਨਾਂ ਦੀ ਸੇਵਾ ਨੂੰ ਮਨ ਵਿੱਚ ਚਿਤਵਦਿਆਂ ਵੀ ਮਨ ਠੰਢੇ ਜਲ ਦੀਆਂ ਘੁੱਟਾਂ ਭਰ ਰਿਹਾ ਪ੍ਰਤੀਤ ਹੁੰਦਾ ਹੈ। ਗਰਮੀ ਦਾ ਸਿਖਰ ਮੰਨੀ ਜਾਂਦੀ ਦੁਬਈ ਦੀ ਧਰਤੀ ‘ਤੇ ਜਾਤਾਂ ਧਰਮਾਂ ਦਾ ਜੂਲਾ ਲਾਹ ਕੇ ਜੇਕਰ ਕੋਈ ਭਾਈ ਘਨੱਈਆ ਜੀ ਦੇ ਦਰਸਾਏ ਮਾਰਗ ‘ਤੇ ਚੱਲ ਰਿਹਾ ਹੋਵੇ ਤਾਂ ਤਾਰੀਫ ਕਰਨੀ ਬਣਦੀ ਹੈ। ਦੁਬਈ ਵਿੱਚ ਇੱਕ ਚਰਚਿਤ ਨਾਮ ਹੈ ਆਪਣਾ ਪੰਜਾਬ ਰੈਸਟੋਰੈਂਟ ਵਾਲਾ ਨੌਜਵਾਨ ਸਰਦਾਰ ਮਨਜਿੰਦਰ ਸਿੰਘ ਗਿੱਲ ਮੰਝ। ਉਹਨਾਂ ਦੇ ਰੈਸਟੋਰੈਂਟ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਹੈ ਮਸਜਿਦ। ਹਰ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਹਜਾਰਾਂ ਦੀ ਤਾਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ ਹਨ। ਜਿਉਂ ਹੀ ਨਮਾਜ਼ ਖਤਮ ਹੋਣ ਉਪਰੰਤ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ‘ਚੋਂ ਬਾਹਰ ਨਿੱਕਲਦੇ ਹਨ ਤਾਂ ਉਹਨਾਂ ਦਾ ਸਵਾਗਤ ਠੰਢੇ ਮਿੱਠੇ ਜਲ ਦੀ ਛਬੀਲ ਨਾਲ ਮਨਜਿੰਦਰ ਸਿੰਘ ਗਿੱਲ ਮੰਝ, ਅਮਨ ਕਰਨਾਲ ਟਰਾਂਸਪੋਰਟ, ਮਨਪ੍ਰੀਤ ਸਿੰਘ, ਹੈਪੀ, ਸੋਨਾ, ਗੁਰਪੰਥ ਸਿੰਘ ਤੇ ਸਾਥੀ ਕਰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਹਰ ਸ਼ੁੱਕਰਵਾਰ ਨੂੰ ਲਗਦੀ ਆ ਰਹੀ ਛਬੀਲ ਦੁਬਈ ਦੇ ਹਰ ਘਰ, ਹਰ ਕਾਰੋਬਾਰੀ ਅਦਾਰੇ ਵਿੱਚ ਚਰਚਿਤ ਹੈ। ਇਹ ਮਹਿਜ਼ ਇੱਕ ਛਬੀਲ ਨਾ ਹੋ ਕੇ ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਤੇ ਸਾਥੀ ਸਮਾਜ ਸੇਵਾ ਨੂੰ ਪ੍ਰਣਾਏ ਹੋਣ ਕਰਕੇ ਦੁਬਈ ਦੀ ਧਰਤੀ ‘ਤੇ ਅਕਸਰ ਹੀ ਖੂਨਦਾਨ ਕੈਂਪ ਵਰਗੇ ਵੱਡੇ ਕਾਰਜ ਕਰਦੇ ਰਹਿੰਦੇ ਹਨ। ਦੁਬਈ ਦੇ ਉੱਘੇ ਬਿਜਨਸਮੈਨ, ਕਲਾਤਮਿਕ ਵਸਤਾਂ ਦੇ ਸੰਗ੍ਰਿਹ ਕਰਤਾ ਵਜੋਂ ਵਰਲਡ ਰਿਕਾਰਡ ਬਣਾਉਣ ਵਾਲੇ ਹਿਜ ਐਕਸੀਲੈਂਸੀ ਸੁਹੇਲ ਮੁਹੰਮਦ ਅਲ ਜ਼ਰੂਨੀ ਨਾਲ ਬਹੁਤ ਹੀ ਮੁਹੱਬਤੀ ਸੰਬੰਧ ਹੋਣ ਕਰਕੇ ਮਨਜਿੰਦਰ ਸਿੰਘ ਗਿੱਲ ਮੰਝ ਭਾਈਚਾਰੇ ਦੇ ਬ੍ਰਾਂਡ ਅੰਬੈਸਡਰ ਵਜੋਂ ਵਿਚਰਦਾ ਆ ਰਿਹਾ ਹੈ। ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਵਿੱਚ ਬਿਜੜੇ ਵਾਂਗ ਰੁੱਝੇ ਇਹਨਾਂ ਨੌਜਵਾਨਾਂ ਨੂੰ ਲੋਕ ਰਾਹ ਜਾਂਦਿਆਂ ਰੁਕ ਰੁਕ ਕੇ ਵੀ ਸ਼ਾਬਾਸ਼ ਦੇ ਕੇ ਜਾਂਦੇ ਹਨ।

You must be logged in to post a comment Login