ਪੰਜਾਬ ਦਾ ਨਵਾਂ ਮੁੱਖ ਮੰਤਰੀ ਤੇ ਇਸ ਦੇ ਸਿਆਸੀ ਅਰਥ

ਪੰਜਾਬ ਦਾ ਨਵਾਂ ਮੁੱਖ ਮੰਤਰੀ ਤੇ ਇਸ ਦੇ ਸਿਆਸੀ ਅਰਥ

ਸੁਰਿੰਦਰ ਐੱਸ ਜੋਧਕਾ

ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਛੇ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਤਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਉਤੇ ਮਕਬੂਲ ਮੀਡੀਆ ਅਤੇ ਸਿਆਸੀ ਜਮਾਤ ਵੱਲੋਂ ਕਾਫ਼ੀ ਅਸਾਧਾਰਨ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ। ਕੁਝ ਹਫ਼ਤੇ ਪਹਿਲਾਂ ਜਦੋਂ ਭਾਜਪਾ ਦੀ ਹਕੂਮਤ ਵਾਲੇ ਗੁਜਰਾਤ ਦਾ ਮੁੱਖ ਮੰਤਰੀ ਬਦਲਿਆ ਗਿਆ ਸੀ ਤਾਂ ਪ੍ਰਤੀਕਰਮ ਇਸ ਤੋਂ ਬਿਲਕੁਲ ਵੱਖਰੇ ਸਨ। ਟਿੱਪਣੀਕਾਰਾਂ ਨੇ ਨਵੇਂ ਮੁੱਖ ਮੰਤਰੀ ਦੇ ਬਹੁਤਾ ਜਾਣਿਆ-ਪਛਾਣਿਆ ਚਿਹਰਾ ਨਾ ਹੋਣ ’ਤੇ ਹੈਰਾਨੀ ਜ਼ਾਹਿਰ ਕੀਤੀ ਪਰ ਉਨ੍ਹਾਂ ਇਸ ਤੋਂ ਅਗਾਂਹ ਸ਼ਾਇਦ ਹੀ ਕੋਈ ਸਵਾਲ ਉਠਾਇਆ ਹੋਵੇ ਅਤੇ ਨਾਲ ਹੀ ਕੌਮੀ ਅਖ਼ਬਾਰਾਂ ਦੇ ਸੰਪਾਦਕੀ ਕਾਲਮਾਂ ਵਿਚ ਜਾਂ ਟੈਲੀਵਿਜ਼ਨ ਚੈਨਲਾਂ ਉਤੇ ਇਸ ਬਾਰੇ ਕੋਈ ਵੀ ਡੂੰਘੀ ਚਰਚਾ ਨਹੀਂ ਕੀਤੀ ਗਈ। ਸ੍ਰੀ ਚੰਨੀ ਦੀ ਮੁੱਖ ਮੰਤਰੀ ਵਜੋਂ ਤਰੱਕੀ ਨੇ ਵੱਖਰੀ ਪੱਧਰ ਦੀ ਦਿਲਚਸਪੀ ਪੈਦਾ ਕੀਤੀ ਹੈ। ਇਸ ਨੇ ਹੋਰ ਵੀ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਅਹਿਮ ਉਨ੍ਹਾਂ ਦੀ ਜਾਤ ਅਤੇ ਪਛਾਣ ਨਾਲ ਸਬੰਧਤ ਮੁੱਦਿਆਂ ਬਾਰੇ ਹਨ। ਉਨ੍ਹਾਂ ਦਾ ਪਿਛੋਕੜ ਦਲਿਤ ਹੋਣ ਕਾਰਨ ਪੰਜਾਬ ਤੇ ਸਿੱਖਾਂ ਵਿਚ ਜਾਤ ਆਧਾਰਤ ਰਾਜਨੀਤੀ ਦਾ ਵਡੇਰਾ ਸਵਾਲ ਵੀ ਖੜ੍ਹਾ ਹੋਇਆ ਹੈ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਉਤੇ ਪੈ ਸਕਣ ਵਾਲੇ ਇਸ ਦੇ ਸੰਭਵ ਅਸਰਾਂ ਬਾਰੇ ਵੀ ਸਵਾਲ ਉਠੇ ਹਨ। ਹੋਰ ਵੀ ਬਹੁਤ ਸਾਰੇ ਸਵਾਲ ਉੱਭਰੇ ਹਨ।

ਪੰਜਾਬ ਦਾ 1966 ਵਿਚ ਮੁੜਗਠਨ ਹੋਣ ਦੇ ਵੇਲੇ ਤੋਂ ਹੀ ਸੂਬੇ ਦੀ ਸਿਆਸਤ ਵਿਚ ਤਕਰੀਬਨ ਪੂਰੀ ਤਰ੍ਹਾਂ ਜ਼ਮੀਨ ਦੇ ਮਾਲਕ ਜੱਟ ਸਿੱਖ ਭਾਈਚਾਰੇ ਦਾ ਕਬਜ਼ਾ ਰਿਹਾ ਹੈ। ਥੋੜ੍ਹੇ ਸਮੇਂ ਲਈ ਗੁਰਮੁਖ ਸਿੰਘ ਮੁਸਾਫਿ਼ਰ (ਨਵੰਬਰ 1966-ਮਾਰਚ 1967) ਅਤੇ ਗਿਆਨੀ ਜ਼ੈਲ ਸਿੰਘ (1972-77) ਦੇ ਅਪਵਾਦ ਨੂੰ ਛੱਡ ਕੇ ਬਾਕੀ ਸਾਰੇ ਹੀ ਮੁੱਖ ਮੰਤਰੀ ਜੱਟ ਸਿੱਖ ਹੋਏ ਹਨ। ਇਹ ਇਕ ਤਰ੍ਹਾਂ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਉਨ੍ਹਾਂ ਦੀ ਸਮੁੱਚੀ ਸਥਿਤੀ ਦਾ ਹੀ ਵਾਧਾ ਸੀ ਜਿਥੇ ਉਹ ਦੋਵੇਂ ਗਿਣਤੀ ਦੇ ਲਿਹਾਜ਼ ਨਾਲ ਵੀ ਤੇ ਆਪਣੇ ਮਾਲੀ ਰੁਤਬੇ ਕਾਰਨ ਵੀ ਮੋਹਰੀ ਤੇ ਪ੍ਰਭਾਵਸ਼ਾਲੀ ਜਾਤ ਭਾਈਚਾਰਾ ਸੀ। ਸੂਬੇ ਦੀ ਬਹੁਤੀ ਵਾਹੀਯੋਗ ਜ਼ਮੀਨ ਉਤੇ ਉਨ੍ਹਾਂ ਦਾ ਕਬਜ਼ਾ ਹੈ ਤੇ ਉਹੀ ਉਸ ਨੂੰ ਵਾਹੁੰਦੇ ਹਨ ਅਤੇ ਇਕੱਲੇ ਇਕ ਜਾਤ ਭਾਈਚਾਰੇ ਵਜੋਂ ਸ਼ਾਇਦ ਉਨ੍ਹਾਂ ਦੀ ਆਬਾਦੀ ਹੋਰ ਕਿਸੇ ਵੀ ਸਮਾਜਿਕ/ਜਾਤ ਸਮੂਹ ਤੋਂ ਵੱਡੀ ਹੈ। ਇਸ ਦੇ ਨਾਲ ਹੀ ਇਹ ਖੇਤਰੀ ਅਰਥਚਾਰੇ ਵਿਚ ਖੇਤੀ ਦੀ ਪ੍ਰਧਾਨਤਾ ਦਾ ਵੀ ਪ੍ਰਗਟਾਵਾ ਸੀ।

ਅਨੁਸੂਚਿਤ ਜਾਤਾਂ (ਐੱਸਸੀ) ਪੰਜਾਬ ਦੀ ਕੁੱਲ ਆਬਾਦੀ ਦੇ 32 ਫੀਸਦੀ ਹਿੱਸੇ ਤੋਂ ਵੀ ਵੱਧ ਬਣਦੀਆਂ ਹਨ। ਇਕੱਠਿਆਂ ਉਨ੍ਹਾਂ ਦੀ ਆਬਾਦੀ ਜੇ ਜੱਟਾਂ ਤੋਂ ਵੱਧ ਨਹੀਂ, ਤਾਂ ਵੀ ਉਨ੍ਹਾਂ ਦੇ ਬਰਾਬਰ ਜ਼ਰੂਰ ਹੋਵੇਗੀ ਪਰ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ 39 ਵੱਖੋ-ਵੱਖ ਜਾਤਾਂ ਨੂੰ ਮਿਲਾ ਕੇ ਬਣਦੀਆਂ ਹਨ। ਜਾਤ ਆਧਾਰਤ ਵਲਗਣਾਂ ਭਾਵੇਂ ਕੁਝ ਮਾਮਲਿਆਂ ਵਿਚ ਕਾਫੀ ਧੁੰਦਲੀਆਂ ਹਨ, ਜਿਵੇਂ ਮਜ਼੍ਹਬੀ ਤੇ ਵਾਲਮੀਕੀ ਭਾਈਚਾਰੇ ਦਰਮਿਆਨ ਜਾਂ ਆਦਿ-ਧਰਮੀਆਂ ਅਤੇ ਰਵਿਦਾਸੀਆਂ ਦਰਮਿਆਨ ਪਰ ਬਾਕੀ ਬਹੁਤੇ ਮਾਮਲਿਆਂ ਵਿਚ ਉਨ੍ਹਾਂ ਦੀਆਂ ਬਹੁਤ ਸਾਫ਼ ਤੇ ਨਿਵੇਕਲੀਆਂ ਪਛਾਣਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਵੱਖੋ-ਵੱਖਰੇ ਸਮਾਜਿਕ ਇਤਿਹਾਸ, ਕਿੱਤਾਮੁਖੀ ਰਵਾਇਤਾਂ ਹਨ ਅਤੇ ਆਪਣੇ ਮੂਲ ਬਾਰੇ ਵੀ ਵੱਖੋ-ਵੱਖਰੀਆਂ ਮਿੱਥਾਂ ਹਨ।

ਬਾਕੀ ਸਾਰੇ ਬਰ-ਏ-ਸਗ਼ੀਰ (ਉਪ ਮਹਾਂਦੀਪ) ਵਿਚ ਹੋਰਨਾਂ ਥਾਵਾਂ ਵਾਂਗ ਹੀ ਪ੍ਰਸ਼ਾਸਕੀ ਪਛਾਣਾਂ (administrative identities) ਦੇ ਵੀ ਆਪਣੇ ਆਪ ਵਿਚ ਜੀਵਨ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੀਆਂ ਜਨ-ਗਿਣਤੀਆਂ (demographics) ਹਾਲ ਹੀ ਵਿਚ ਸੂਬੇ ਲਈ ਸਿਆਸੀ ਸੰਭਾਵਨਾਵਾਂ ਬਾਰੇ ਕੁਝ ਕੁ ਦਿਲਚਸਪ ਕਿਆਸਅਰਾਈਆਂ ਦਾ ਸਰੋਤ ਬਣ ਗਈਆਂ ਹਨ। ਮਿਸਾਲ ਵਜੋਂ, ਭਾਜਪਾ ਨਾਲ ਸਿਆਸੀ ਤੋੜ-ਵਿਛੋੜੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਮਜ਼ਬੂਤ ਚੋਣ ਗਣਿਤ ਕਾਇਮ ਕਰਨ ਲਈ ਬਹੁਜਨ ਸਮਾਜ ਪਾਰਟੀ ਨਾਲ ਚੋਣ ਗੱਠਜੋੜ ਕੀਤਾ ਹੈ, ਇਸ ਉਮੀਦ ਨਾਲ ਕਿ ਉਹ ਪੰਜਾਬ ਵਿਧਾਨ ਸਭਾ ਜਿੱਤਣ ਲਈ ਲੋੜੀਂਦੀਆਂ ਦਲਿਤ ਵੋਟਾਂ ਹਾਸਲ ਕਰ ਸਕੇਗੀ। ਇਸ ਦੇ ਜਵਾਬ ਵਿਚ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਕਿਸੇ ਦਲਿਤ ਨੂੰ ਦੇਣ ਦਾ ਵਾਅਦਾ ਕੀਤਾ। ਸ਼ਾਇਦ ਇਸੇ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਕਿਉਂ ਬੀਬੀ ਮਾਇਆਵਤੀ ਉਨ੍ਹਾਂ ਪ੍ਰਮੁੱਖ ਸਿਆਸਤਦਾਨਾਂ ਵਿਚੋਂ ਮੋਹਰੀ ਸੀ ਜਿਨ੍ਹਾਂ ਨੇ ਇਕ ਸਾਥੀ ਦਲਿਤ ਦੀ ਮੁੱਖ ਮੰਤਰੀ ਦੇ ਅਹੁਦੇ ਉਤੇ ਤਰੱਕੀ ਨੂੰ ਮਹਿਜ਼ ‘ਚੋਣ ਸਟੰਟ’ ਆਖ ਕੇ ਨਿੰਦਿਆ।

ਭਾਜਪਾ ਵੀ ਸੂਬੇ ਵਿਚ ਦਲਿਤਾਂ ਨੂੰ ਸ਼ਹਿਰੀ ਹਿੰਦੂਆਂ ਦੇ ਆਪਣੇ ਰਵਾਇਤੀ ਚੋਣ ਆਧਾਰ ਨਾਲ ਜੋੜ ਕੇ ਬਦਲਵਾਂ ਫਿਰਕੂ ਗਣਿਤ ਸਿਰਜਣ ਦੇ ਵਿਚਾਰ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਭਾਈਚਾਰਿਆਂ ਦਾ ਅਜਿਹਾ ਗੱਠਜੋੜ ਸ਼ਾਇਦ ਇੰਨਾ ਕੁ ਮਜ਼ਬੂਤ ਹੋ ਜਾਵੇ ਕਿ ਉਹ ਪੰਜਾਬ ਦੇ ਚੋਣ ਗਣਿਤ ਵਿਚ ਜੱਟਾਂ ਜਾਂ ਇਥੋਂ ਤੱਕ ਕਿ ਕੁੱਲ ਮਿਲਾ ਕੇ ਸਿੱਖਾਂ ਨੂੰ ਹੀ ਬੇਮਤਲਬ ਬਣਾ ਦੇਵੇ। ਜੋ ਲੋਕ ਇਸ ਢੰਗ ਨਾਲ ਸੋਚਦੇ ਹਨ, ਉਹ ਸ਼ਾਇਦ ਕਾਂਗਰਸ ਦੇ ਪੰਜਾਬ ਵਿਚ ਇਸ ਕਦਮ ਨੂੰ ‘ਇਕ ਸਿਆਸੀ ਮਾਸਟਰ-ਸਟਰੋਕ’ ਵਜੋਂ ਦੇਖਦੇ ਹੋਣ।

ਹਾਲਾਂਕਿ ਇਸ ਤਰ੍ਹਾਂ ਦਾ ਅਧਿਐਨ ਆਖ਼ਰ ਸਰਪ੍ਰਸਤੀ ਦੀ ਸਿਆਸਤ ਦੇ ਪੁਰਾਣੇ ਸਿਧਾਂਤਾਂ ਉਤੇ ਪਰਤ ਆਉਂਦਾ ਹੈ, ਜਦੋਂ ਕਾਂਗਰਸ ਵਿਚ ਇਕ ਨਾਂ ਅਤੇ ਥਾਂ ਕਮਾ ਲੈਣ ਵਾਲੇ ਸਾਰੇ ਹੀ ਐੱਸਸੀ ਆਗੂ ਇਕ ਤਰ੍ਹਾਂ ਮਹਿਜ਼ ਮੋਹਰੇ ਹੀ ਹੁੰਦੇ ਸਨ ਅਤੇ ਇਨ੍ਹਾਂ ਨੂੰ ਉਚ ਜਾਤ ਤੇ ਕੁਲੀਨ ਵਰਗ ਨਾਲ ਸਬੰਧਤ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਆਪਣੀ ਸਹੂਲਤ ਮੁਤਾਬਕ ਚੁਣ ਅਤੇ ਆਪਣੇ ਫ਼ਾਇਦੇ ਮੁਤਾਬਕ ਵਰਤ ਲਿਆ ਜਾਂਦਾ ਸੀ। ਦਰਅਸਲ, ਇਹ ਹਕੀਕਤ ਹੋ ਸਕਦੀ ਹੈ ਕਿ ਸ੍ਰੀ ਚੰਨੀ ਆਪਣੇ ਤੌਰ ’ਤੇ ਕਦੇ ਵੀ ਪੰਜਾਬ ਵਿਧਾਨ ਸਭਾ ਦੇ ਆਗੂ ਨਹੀਂ ਸਨ ਚੁਣੇ ਜਾ ਸਕਦੇ ਅਤੇ ਉਨ੍ਹਾਂ ਦੀ ਇਹ ਤਰੱਕੀ ਮੁੱਖ ਤੌਰ ’ਤੇ ਕਾਂਗਰਸ ਪਾਰਟੀ ਦੇ ਅੰਦਰ ਜਾਰੀ ਧੜੇਬੰਦਕ ਸਿਆਸਤ ਦਾ ਸਿੱਟਾ ਹੈ, ਜਿਥੇ ਉਹ ਸਭ ਨੂੰ ਮੁਆਫ਼ਕ ਜਾਪਦੇ ਹਨ ਅਤੇ ਸੰਭਵ ਤੌਰ ’ਤੇ ਉਹ ਕਾਂਗਰਸ ਦੇ ‘ਨਾਈਟ ਵਾਚਮੈਨ’ ਹੋ ਸਕਦੇ ਹਨ। ਇਸ ਦੇ ਬਾਵਜੂਦ ਇਹ ਸਿਰਫ਼ ਪੰਜਾਬ ਦੀ ਜਾਤ ਜਨ-ਗਿਣਤੀ ਦਾ ਪ੍ਰਤੀਬਿੰਬ ਨਹੀਂ ਹੈ। ਸ੍ਰੀ ਚੰਨੀ ਦਾ ਦਲਿਤ ਹੋਣਾ ਹੀ ਇਸ ਖਾਸ ਤਰ੍ਹਾਂ ਦੇ ਹਾਲਾਤ ਵਿਚ ਉਨ੍ਹਾਂ ਲਈ ਸਭ ਤੋਂ ਢੁਕਵਾਂ ਉਮੀਦਵਾਰ ਬਣ ਕੇ ਉਭਰਨ ਵਿਚ ਸਹਾਈ ਹੋਇਆ ਹੋਵੇਗਾ ਪਰ ਇਸ ਦੇ ਬਾਵਜੂਦ, ਇਸ ਨੂੰ ‘ਸਿਰਫ਼ ਤੇ ਸਿਰਫ਼ ਚੋਣ ਸਟੰਟ’ ਕਰਾਰ ਦੇਣਾ ਗ਼ਲਤ ਹੋਵੇਗਾ।

ਪੰਜਾਬ ਦੀਆਂ ਜਾਤ ਹਕੀਕਤਾਂ ਵਿਚ ਬੀਤੇ ਚਾਰ ਜਾਂ ਪੰਜ ਦਹਾਕਿਆਂ ਦੌਰਾਨ ਵਿਆਪਕ ਤਬਦੀਲੀਆਂ ਆਈਆਂ ਹਨ। ਹਰੇ ਇਨਕਲਾਬ ਕਾਰਨ ਆਈਆਂ ਤਬਦੀਲੀਆਂ ਦੇ ਸਿੱਟੇ ਵਜੋਂ, ਪਹਿਲਾਂ ਮੌਜੂਦ ਰਹੇ ਨਿਰਭਰਤਾ ਤੇ ਸਰਪ੍ਰਸਤੀ ਵਾਲੇ ਸਬੰਧ ਇਕ ਤਰ੍ਹਾਂ ਬਿਲਕੁਲ ਖ਼ਤਮ ਹੋ ਗਏ ਹਨ। ਅੱਜ ਪੰਜਾਬ ਦੇ ਦਲਿਤ ਭਾਵੇਂ ਆਪਣੇ ਸਾਥੀ ਜੱਟਾਂ ਨਾਲੋਂ ਬਹੁਤ ਜਿ਼ਆਦਾ ਗ਼ਰੀਬ ਹਨ ਤੇ ਸ਼ਾਇਦ ਹੀ ਉਨ੍ਹਾਂ ਕੋਲ ਕੋਈ ਖੇਤੀਬਾੜੀ ਜ਼ਮੀਨ ਹੋਵੇ ਪਰ ਤਾਂ ਵੀ ਉਹ ਖੁਦਮੁਖ਼ਤਾਰ ਸਿਆਸੀ ਕਾਰਕੁਨਾਂ ਵਜੋਂ ਉਭਰ ਕੇ ਸਾਹਮਣੇ ਆਏ ਹਨ ਜਿਥੇ ਉਨ੍ਹਾਂ ਦੀ ਆਪਣੀ ਹੋਂਦ ਹੈ। ਸ੍ਰੀ ਚੰਨੀ ਖੁਦ ਵੀ ਇਕ ਆਪ ਉਭਰੇ ਸਿਆਸੀ ਆਗੂ ਹਨ ਜੋ ਪੰਜਾਬ ਦੀ ਇਸ ਹਕੀਕਤ ਨੂੰ ਜ਼ਾਹਿਰ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਵਜ਼ਾਰਤ ਵਿਚ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਕੈਪਟਨ ਖਿਲਾਫ਼ ਬਗ਼ਾਵਤ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਨਾਲ ਹੱਥ ਮਿਲਾਉਣ ਦਾ ਹੌਸਲਾ ਤੇ ਭਰੋਸਾ ਦਿਖਾਇਆ। ਉਹ ਖਿੱਤੇ ਦੇ ਬਾਬੂ ਕਾਂਸ਼ੀ ਰਾਮ ਤੋਂ ਬਾਅਦ ਵਾਲੀ ਦਲਿਤ ਸਿਆਸਤਦਾਨਾਂ ਦੀ ਪੀੜ੍ਹੀ (ਹਿੱਸੇਦਾਰੀ ਪੀੜ੍ਹੀ) ਦੇ ਨੁਮਾਇੰਦੇ ਹਨ।

ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਦੀ ਤਰੱਕੀ ਨੇ ਸਿਆਸੀ ਪਾਰਟੀਆਂ ਅਤੇ ਮਕਬੂਲ ਮੀਡੀਆ ਵਿਚਲੀ ਸਿਆਸੀ ਜਮਾਤ ਲਈ ਇੰਨਾ ਜਿ਼ਆਦਾ ਉਤਸ਼ਾਹ, ਚਿੰਤਾ ਤੇ ਬੇਯਕੀਨੀ ਪੈਦਾ ਕਰ ਦਿੱਤੀ ਹੈ। ਕਿਸੇ ਦਲਿਤ ਸਿੱਖ ਦਾ ਮੁੱਖ ਮੰਤਰੀ ਬਣਨਾ ਇੰਨਾ ਅਹਿਮ ਹੈ ਕਿ ਇਸ ਨੂੰ ਮਹਿਜ਼ ‘ਪ੍ਰਤੀਕਵਾਦ’ ਨਹੀਂ ਮੰਨਿਆ ਜਾ ਸਕਦਾ। ਇਸ ਮੌਕੇ ’ਤੇ ਇਸ ਦੀ ‘ਪ੍ਰਤੀਕਾਤਮਕ’ ਕੀਮਤ ਹੋਰ ਕਿਸੇ ਵੀ ਚੀਜ਼ ਤੋਂ ਵੱਧ ਹੈ ਪਰ ‘ਪ੍ਰਤੀਕਾਤਮਕ’ ਨੂੰ ਬਿਨਾ ਕਿਸੇ ਠੋਸ ਸਿੱਟੇ ਤੋਂ ਨਹੀਂ ਪੜ੍ਹਿਆ ਜਾਣਾ ਚਾਹੀਦਾ। ਰਾਜਨੀਤੀ ਦੇ ਨਿਰਮਾਣ ਕਾਰਜ ਵਿਚ ਪ੍ਰਤੀਕ ਹਮੇਸ਼ਾ ਹੀ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਰਚਨਾ ਕਰਦੇ ਰਹੇ ਹਨ। ਇਕ ਦਲਿਤ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਵੀਕਾਰ ਕੀਤੇ ਜਾਣ ਨੂੰ ਵੀ ਪੰਜਾਬੀ ਸਮਾਜ ਦੇ ਸਮਾਜਿਕ ਤੇ ਮਾਲੀ ਢਾਂਚੇ ਵਿਚ ਉੱਪਰ ਦੱਸੀਆਂ ਗਈਆਂ ਤਬਦੀਲੀਆਂ ਦੇ ਪ੍ਰਤੀਬਿੰਬ ਦੇ ਰੂਪ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ।

ਹਾਲ ਦੀ ਘੜੀ ਭਾਵੇਂ ਇਹ ਗੱਲ ਬੜੀ ਦੂਰ ਦਾ ਮਾਮਲਾ ਜਾਪ ਸਕਦੀ ਹੈ ਪਰ ਮੌਜੂਦਾ ਕਿਸਾਨ ਅੰਦੋਲਨ ਅਤੇ ਸ੍ਰੀ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਰਮਿਆਨ ਦਿਲਚਸਪ ਸਬੰਧ ਹੈ। ‘ਸੜਕਾਂ’ ਉਤੇ ਕਿਸਾਨ ਅੰਦੋਲਨ ਵਿਚ ਮੁੱਖ ਤੌਰ ’ਤੇ ਜੱਟ ਭਾਈਚਾਰਾ ਜੂਝ ਰਿਹਾ ਹੈ, ਇਸ ਦੇ ਬਾਵਜੂਦ ਉਹ ਮਜ਼ਦੂਰ ਜਮਾਤ ਨਾਲ ਸਬੰਧਤ ਦਲਿਤਾਂ ਨਾਲ ਗੱਠਜੋੜ ਸਿਰਜਣ ਦੇ ਚਾਹਵਾਨ ਹਨ; ਇਸ ਤਰ੍ਹਾਂ ਕਿਸਾਨ-ਮਜ਼ਦੂਰ ਏਕਤਾ ਦੀ ਤਾਂਘ ਆਪਣੇ ਆਪ ਹੀ ਜਾਤ ਆਧਾਰਤ ਸਿਆਸਤ ਵਿਚ ਬਰਾਬਰੀ ਦੇ ਇਕ ਨਵੇਂ ਦੌਰ ਅਤੇ ‘ਸਾਰਿਆਂ ਨੂੰ ਨਾਲ ਲੈ ਕੇ ਚੱਲਣ’ ਦੀ ਨਵੀਂ ਰਾਜਨੀਤੀ ਦੀ ਗੱਲ ਕਰਦੀ ਹੈ ਜੋ ਸ਼ਾਇਦ ਪਹਿਲਾਂ ਜਾਰੀ ਸਰਦਾਰੀ ਆਧਾਰਤ ਦਬਦਬੇ ਵਾਲੀ ਸਿਆਸਤ ਦੀ ਥਾਂ ਲੈ ਰਹੀ ਹੈ।

ਸੰਪਰਕ: 98112-79898

You must be logged in to post a comment Login