ਮੇਰੀ ਆਵਾਜ਼ ਹੀ ਪਹਿਚਾਨ ਹੈ….!

ਡਾ. ਮਨਜੀਤ ਸਿੰਘ ਬੱਲ

ਕੰਨਾਂ ‘ਚ ਸ਼ਹਿਦ ਘੋਲਣ ਵਾਲੀ ਆਵਾਜ਼ ਦੀ ਮਾਲਿਕ, ਭਾਰਤ ਦੀ ਕੋਇਲ ਲਤਾ ਮੰਗੇਸ਼ਕਰ ਦੀ ਆਵਾਜ਼, ਜੋ ਤਕਰੀਬਨ ਸੱਤ ਦਹਾਕੇ ਦੱਖਣੀ ਏਸ਼ੀਆ ਖਿੱਤੇ ਦੇ ਸੰਗੀਤ ‘ਤੇ ਛਾਈ ਰਹੀ, ਆਖ਼ਰ ਛੇ ਫਰਵਰੀ 2022 ਐਤਵਾਰ ਨੂੰ ਬੰਦ ਹੋ ਗਈ।ਕੋਵਿੱਡ ਦੀਆਂ ਅਲਾਮਤਾਂ ਤੇ ਕੋਵਿੱਡ ਟੈਸਟ ਪੋਜ਼ਿਟਿਵ ਹੋਣ ਕਾਰਣ ਲਤਾ ਨੂੰ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ ਕਰਵਾਇਆ ਗਿਆ ਸੀ।ਇਸ ਸੁਰੀਲੀ ਆਵਾਜ਼ ਦੀ ਮੌਤ ਨਾਲ ਪੂਰੇ ਉਪ-ਮਹਾਦੀਪ ਵਿਚ ਨਿਰਾਸ਼ਾ ਤੇ ਉਦਾਸੀ ਛਾ ਗਈ।ਬੰਗਲਾ ਦੇਸ਼, ਪਾਕਿਸਤਾਨ, ਅਫ਼ਗ਼ਾਨਿਸਤਾਨ, ਸ਼੍ਰੀ ਲੰਕਾ, ਨੇਪਾਲ, ਭੂਟਾਨ, ਤੇ ਮਲੇਸ਼ੀਆ ਤੋਂ ਵੀ, ਲਤਾ ਜੀ ਦੀ ਫੌਤਗ਼ੀ ਤੇ iਖ਼ਰਾਜ-ਏ ਅਕੀਦਤ ਦੀ ਸੋਸ਼ਲ ਮੀਡੀਆ ‘ਤੇ ਟਰੈਂਡਿੰਗ ਹੋ ਰਹੀ ਹੈ।ਮੁੰਬਈ ਵਿਚ ਲਤਾ ਜੀ ਦੇ ਅੰਤਮ ਸੰਸਕਾਰ (ਆਖ਼ਰੀ ਰਸਮਾ) ਵੇਲੇ ਪੁੱਜੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਹੈ, “ਦਿਆਲਤਾ ਦੀ ਮੂਰਤ ਲਤਾ ਦੀਦੀ ਦੀ ਜਗ੍ਹਾ ਕੋਈ ਨਹੀਂਲੈ ਸਕਦਾ।ਆਉਣ ਵਾਲੀਆਂ ਪੀੜ੍ਹੀਆਂ ਲਤਾ ਜੀ ਨੂੰ ਸੱਭਿਆਂਚਾਰ ਦੀ ਨੁਮਾਇੰਦਗੀ ਕਰਨ ਵਾਲਿਆਂ ਵਿਚ ਯਾਦ ਕਰਿਆ ਕਰਨਗੀਆਂ।ਲਤਾ ਜੀ ਦੇ ਗੀਤਾਂ ਵਿਚ ਭਾਵਨਾਵਾਂ ਝਲਕਦੀਆਂ ਹਨ”।ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਨੇ ਕਿਹਾ ਹੈ,“ਕੁੱਲ ਆਲਮ ਵਿਚ ਸਭ ਤੋਂ ਵੱਧ ਮਿੱਠੀ ਆਵਾਜ਼ ਸਾਥੋਂ ਖੁੱਸ ਗਈ ਹੈ”।ਪਾਕਿਸਤਾਨ ਦੇ ਹੀ ਇਨਫਰਮੇਸ਼ਨ ਤੇ ਬਰਾਡਕਾਸਟਿੰਗ ਮੰਤਰੀ ਜਨਾਬ ਫ਼ਵਾਦ ਚੌਧਰੀ ਨੇ ਲਤਾ ਜੀ ਵਾਸਤੇ ਕਿਹਾ, “ਸੁਰਾਂ ਦੀ ਮਲਿਕਾ ਜਿਸਨੇ ਮੌਸਿਕੀ ਦੀ ਦੁਨੀਆਂ ‘ਤੇ ਕਈ ਦਹਾਕੇ ਰਾਜ ਕੀਤਾ, ਅੱਜ ਸਾਡੇ ਕੋਲੋਂ ਵਿਛੜ ਗਈ ਹੈ”।ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਸਸਕਾਰ ਦੌਰਾਨ ਭਾਰਤ ਸਰਕਾਰ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਕਈ ਮੰਤਰੀ ਸ਼ਾਮਲ ਹੋਏ ਸਨ।
ਪੰਡਤ ਦੀਨਾ ਨਾਥ ਮੰਗੇਸ਼ਕਰ ਤੇ ਸ਼ੇਵੰਤੀ ਦੇ ਘਰ, ਇੰਦੌਰ ਵਿਚ 28 ਸਤੰਬਰ 1929 ਨੂੰ ਜਨਮੀ ਲਤਾ ਦਾ ਜਨਮ ਦਾ ਪੂਰਾ ਨਾਮ ਹੇਮਾ ਮੰਗੇਸ਼ਕਰ ਸੀ।ਲਤਾ ਦੀ ਮਾਂ ਸ਼ੇਵੰਤੀ, ਗਾਇਕ, ਸੰਗੀਤਕਾਰ ਤੇ ਥਿਏਟਰ ਐਕਟਰ ਦੀਨਾ ਨਾਥ ਦੀ ਦੂਜੀ ਪਤਨੀ ਸੀ ਕਿਉਂਕਿ ਪਹਿਲੀ ਪਤਨੀ ਨਰਮਦਾ ਦੀ ਮੌਤ ਤੋਂ ਬਾਅਦ ਉਸਨੇ, ਆਪਣੀ ਛੋਟੀ ਸਾਲੀ ਸ਼ੇਵੰਤੀ ਨਾਲ ਸ਼ਾਦੀ ਕਰ ਲਈ ਸੀ।ਦੀਨਾ ਨਾਥ ਦੇ ਗੋਆ ਵਿਚਲੇ ਪਿੰਡ ਦਾ ਨਾਮ ਮੰਗੇਸ਼ੀ ਸੀ।ਸੋ ਉਸ ਨੇ ਪਿੰਡ ਦੇ ਨਾਮ ਤੋਂ ਆਪਣਾ ਉਪਨਾਮ ‘ਮੰਗੇਸ਼ਕਰ’ ਰੱਖ ਲਿਆ ਸੀ।ਲਤਾ ਦਾ ਵੀ ਜਨਮ-ਨਾਮ ਹੇਮਾ ਸੀ ਪਰ ਦੀਨਾ ਨਾਥ ਦੇ ਇਕ ਨਾਟਕ ‘ਭਾਵ ਬੰਧਨ’ ਦੇ ਮੁੱਖ ਕਰੈਕਟਰ ਦਾ ਨਾਂ ਲਤਿਕਾ ਹੋਣ ਕਰਕੇ ਹੇਮਾ ਤੋ ਬਦਲ ਕੇ ‘ਲਤਾ’ ਮੰਗੇਸ਼ਕਰ ਬਣ ਗਿਆ।ਆਪਣੇ ਪੰਜ ਭੈਣ-ਭਰਾਵਾਂ (ਮੀਨਾ, ਆਸ਼ਾ, ਊਸ਼ਾ ਤੇ ਭਰਾ ਹਿਰਦੈਨਾਥ ਜੋ ਮੰਨੇ-ਪ੍ਰਮੰਨੇ ਗਾਇਕ ਤੇ ਸੰਗੀਤਕਾਰ ਹਨ) ਵਿਚੋਂ ਲਤਾ, ਸਭ ਤੋਂ ਵੱਡੀ ਸੀ।ਜਦੋਂ ਉਹ ਅਜੇ ਪੰਜ ਸਾਲਾਂ ਦੀ ਹੀ ਸੀ ਤਾਂ ਉਹਨੇ ਆਪਣੇ ਪਿਤਾ ਦੇ ਸੰਗੀਤਕ ਨਾਟਕਾਂ ਵਿਚ ਕੰਮ ਸ਼ੁਰੂ ਕਰ ਦਿੱਤਾ ਸੀ।ਨਿੱਕੀ ਭੈਣ ਆਸ਼ਾ ਨੂੰ, ਉਹ ਆਪਣੇ ਨਾਲ ਹੀ ਰੱਖਦੀ ਹੁੰਦੀ ਸੀ।ਸੋ ਜਦ ਇਹ ਪਹਿਲੇ ਦਿਨ ਸਕੂਲ ਗਈ ਤਾਂ ਮਾਸਟਰ ਨੇ ਕਿਹਾ ਕਿ ਛੋਟੀ ਭੈਣ ਨੂੰ ਘਰ ਛੱਡ ਕੇ ਆ, ਪਰ ਉਹ ਨਾ ਮੰਨੀ ਤੇ ਪਹਿਲੇ ਦਿਨ ਹੀ ਉਹਨੂੰ ਸਕੂਲ ਤੋਂ ਵਾਪਸ ਘਰ ਘੱਲ ਦਿੱਤਾ ਗਿਆ।ਸੰਗੀਤ ਦੇ ਮੁਢਲੇ ਪਾਠ ਲਤਾ ਨੇ, ਆਪਣੇ ਪਿਤਾ ਕੋਲੋਂ ਹੀ ਸਿੱਖੇ ਸਨ।ਅਜੇ ਉਹ ਤੇਰ੍ਹਾਂ ਕੁ ਸਾਲਾਂ ਦੀ ਹੀ ਸੀ ਜਦ ਪਿਤਾ ਦੀ ਮੌਤ ਹੋ ਗਈ।ਦੀਨਾ ਨਾਥ ਦੇ ਮਿੱਤਰ ਨਵਯੁਗ ਚਿੱਤਰਪਟ ਫਿਲਮ ਕੰਪਨੀ ਦੇ ਮਾਲਕ ਮਾਸਟਰ ਵਿਨਾਇਕ ਦਮੋਦਰ ਨੇ ਦੀਨਾ ਨਾਥ ਦੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਤੇ ਪਾਲਣ ਪੋਸ਼ਣ ਕੀਤਾ।ਉਸੇ ਨੇ ਹੀ ਲਤਾ ਨੂੰ ਗਾਇਕ ਤੇ ਐਕਟਰ ਵਜੋਂ ਉਭਾਰਿਆ।1942 ਵਿਚ ਲਤਾ ਨੇ ਮਰਾਠੀ ਫਿਲਮ ‘ਕਿਤੀ ਹਸਾਲ’ ਵਾਸਤੇ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ ਪਰ ਐਡੀਟਿੰਗ ਵੇਲੇ ਇਹ ਗਾਣਾ ਫਿਲਮ ‘ਚੋਂ ਕੱਢ ਦਿੱਤਾ ਗਿਆ।1942 ਵਿਚ ਹੀ ਵਿਨਾਇਕ ਨੇ ਲਤਾ ਨੂੰ ਨਵਯੁਗ ਚਿੱਤਰਪਟ ਕੰਪਨੀ ਦੀ ਮਰਾਠੀ ਫਿਲਮ ‘ਪਾਹੀਲੀ ਮੰਗਾਲਾ ਗੌੜ’ ਵਿਚ ਇਕ ਛੋਟਾ ਜਿਹਾ ਰੋਲ ਦਿੱਤਾ।ਇਸ ਫਿਲਮ ਵਿਚ ਉਸ ਨੇ ਦਾਦਾ ਚੰਦੇਕਰ ਦੇ ਸੰੰਗੀਤ ਵਿਚ ਇਕ ਗੀਤ ਵੀ ਗਾਇਆ।ਸਭ ਤੋਂ ਪਹਿਲਾ ਹਿੰਦੀ ਗੀਤ ‘ਮਾਤਾ ਏਕ ਸਪੂਤ ਕੀ’ ਲਤਾ ਨੇ ਮਰਾਠੀ ਫਿਲਮ ‘ਗਜਾਭਾਊ’(1943) ਵਿਚ ਗਾਇਆ ਸੀ।
1945 ਵਿਚ ਵਿਨਾਇਕ ਦੀ ਫਿਲਮ ਕੰਪਨੀ ਦੇ ਨਾਲ ਹੀ, ਲਤਾ ਮੰਗੇਸ਼ਕਰ ਮੁੰਬਈ ਸ਼ਿਫਟ ਹੋ ਗਈ।ਇਥੇ ਆਣ ਕੇ ਉਸਨੇ ਭਿੰਡੀ ਬਾਜ਼ਾਰ ਘਰਾਣੇ ਦੇ ਉਸਤਾਦ ਅਮਾਨ ਅਲੀ ਖਾਨ ਕੋਲੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਤਾਲੀਮ ਹਾਸਲ ਕੀਤੀ।1946 ਵਿਚ ਉਸਨੇ ਵਾਸੰਤ ਜੁਗਲੇਕਰ ਦੀ ਹਿੰਦੀ ਫਿਲਮ ‘ਆਪ ਕੀ ਸੇਵਾ ਮੇਂ’ ਵਾਸਤੇ ਦੱਤਾ ਦਵਜੇਕਰ ਦੇ ਸੰਗੀਤ ਵਿਚ “ਪਾ ਲਾਗੂੰ ਕਰ ਜੋੜ” ਗੀਤ ਗਾਇਆ।ਵਿਨਾਇਕ ਦੀ ਇਕ ਹੋਰ ਹਿੰਦੀ ਫਿਲਮ ‘ਬੜੀ ਮਾਂ’ ਵਿਚ ਲਤਾ ਤੇ ਆਸ਼ਾ ਨੇ ਛੋਟਾ ਜਿਹਾ ਰੋਲ ਕੀਤਾ ਤੇ ਲਤਾ ਨੇ ਇਕ ਭਜਨ “ਮਾਤਾ ਤੇਰੇ ਚਰਨੋਂ ਮੇਂ” ਗਾਇਆ ਸੀ।1946 ਵਿਚ ਲਤਾ ਦੀ ਮੁਲਾਕਾਤ ਸੰਗੀਤਕਾਰ ਵਸੰਤ ਦੇਸਾਈ ਨਾਲ ਹੋਈ।ਵਿਨਾਇਕ ਦੀ ਮੌਤ ਤੋਂ ਬਾਅਦ 1948 ਵਿਚ ਸੰਗੀਤਕਾਰ ਗ਼ੁਲਾਮ ਹੈਦਰ ਦੀ ਦੇਖ-ਰੇਖ ਵਿਚ ਲਤਾ ਦੀ ਕਲਾ ਤੇ ਆਵਾਜ਼ ਦਾ ਜਾਦੂ ਹੋਰ ਵੀ ਚਮਕਿਆ।ਉਸ ਨੇ ਫਿਲਮ ਸ਼ਹੀਦ (1948) ਦੇ ਪ੍ਰੋਡਿਊਸਰ ਸਾਸ਼ਧਰ ਮੁਖਰਜੀ ਨੂੰ ਮਿਲਵਾਇਆ।ਪਰ ਮੁਖਰਜੀ ਨੇ ਇਹ ਕਹਿ ਕੇ ਲਤਾ ਨੂੰ ਨਾ-ਮਨਜ਼ੂਰ ਕਰ ਦਿੱਤਾ ਕਿ ਇਹਦੀ ਆਵਾਜ਼ ਕੁਝ ਜ਼ਿਆਦਾ ਹੀ ਬਰੀਕ ਹੈ।ਗੁੱਸੇ ‘ਚ ਆਏ ਹੈਦਰ ਨੇ ਕਹਿ ਦਿੱਤਾ ਕਿ ਆਉਣ ਵਾਲੇ ਵਕਤ ਵਿਚ ਪ੍ਰੋਡਿਊਸਰ ਤੇ ਡਾਇਰੈਕਟਰ ਆਣ ਕੇ ਲਤਾ ਦੇ ਪੈਰੀਂ ਪਿਆ ਕਰਨਗੇ ਤੇ ਆਪਣੀਆਂ ਫਿਲਮਾਂ ਵਿਚ ਗਾਣਾ ਗਵਾਉਣ ਵਾਸਤੇ ਤਰਲੇ ਮਾਰਿਆ ਕਰਨਗੇ।ਮੌਸੀਕਾਰ ਹੈਦਰ ਨੇ ਫਿਲਮ ਮਜਬੂਰ 1948 ਵਾਸਤੇ ਨਾਜ਼ਿਮ ਪਾਨੀਪਤੀ ਦੇ ਬੋਲ ‘ਦਿਲ ਮੇਰਾ ਤੋੜਾ, ਮੁਝੇ ਕਹੀਂ ਕਾ ਨਾ ਛੋੜਾ’ ਗੀਤ ਲਤਾ ਕੋਲੋਂ ਗਵਾ ਕੇ ਇਕ ਵੱਡੀ ਸ਼ੁਰੂਆਤ ਕਰਵਾਈ।ਇਹ ਗਾਣਾ ਬਹੁਤ ਹਿੱਟ ਰਿਹਾ।
ਸਤੰਬਰ 2013 ‘ਚ ਆਪਣੇ ਜਨਮ ਦਿਨ ਦੇ ਮੌਕੇ ‘ਤੇ ਲਤਾ ਨੇ ਕਿਹਾ ਸੀ, “ਸੰਗੀਤਕਾਰ ਗ਼ੁਲਾਮ ਹੈਦਰ ਮੇਰਾ ਅਸਲ ਗੌਡ-ਫਾਦਰ ਹੈ।ਇਹੀ ਇਕ ਸੰਗੀਤਕਾਰ ਸੀ ਜਿਸ ਨੇ ਮੇਰੀ ਕਲਾ, ਗਾਇਕੀ ਤੇ ਆਵਾਜ਼ ਨੂੰ ਸਮਝਿਆ ਸੀ ਤੇ ਮਾਨਤਾ ਦਿੱਤੀ ਸੀ”।ਉਸ ਵੇਲੇ ਹਿੰਦੀ ਫਿਲਮਾਂ ਦੇ ਮੁਕਾਲਮੇ ਤੇ ਗਾਣਿਆਂ ਵਿਚ ਉਰਦੂ ਦੀ ਕਾਫੀ ਵਰਤੋਂ ਹੁੰਦੀ ਸੀ।ਮਹਾਰਾਸ਼ਟਰੀਅਨ ਹੋਣ ਕਰਕੇ ਲ਼ਤਾ ਦਾ ਹਿੰਦੀ ਤੇ ਉੁਰਦੂ ਦਾ ਉਚਾਰਣ ਦਰੁੱਸਤ ਨਹੀਂ ਸੀ।ਇਸ ਨੂੰ ਲੈ ਕੇ ਮਹਾਨ ਅਦਾਕਾਰ ਦਲੀਪ ਕੁਮਾਰ ਨੇ ਇਕ ਵਾਰ ਹਲਕੀ ਜਿਹੀ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਲਤਾ ਨੇ ਉਰਦੂ ਦੇ ਉਸਤਾਦ ਸ਼ਫ਼ੀ ਕੋਲੋਂ ਕੁਝ ਦੇਰ ਉਰਦੂ ਤੇ ਹਿੰਦੀ ਦੇ ਸ਼ੁਧ ਉਚਾਰਣ ਦੀ ਸਿਖਿਆ ਲਈ ਸੀ।ਮਲਕਾ-ਏ-ਤਰੰਨਮ ਨੂਰ ਜਹਾਂ, ਲਤਾ ਨੂੰ ਛੋਟੀ ਹੁੰਦੀ ਨੂੰ ਸੁਣਦੀ ਰਹੀ ਸੀ।ਨੂਰ ਜਹਾਂ ਦੇ ਫੌਤ ਹੋ ਜਾਣ ਤੱਕ ਦੋਹਵੇਂ ਇਕ ਦੂਸਰੇ ਦੇ ਸੰਪਰਕ ਵਿਚ ਰਹੀਆਂ।ਲਤਾ ਦੇ ਸ਼ੁਰੂਆਤੀ ਗਾਣਿਆਂ ‘ਚੋਂ ਖ਼ੇਮ ਚੰਦ ਪ੍ਰਕਾਸ਼ ਦੀ ਮੌਸਰਕੀ ਵਿਚ ਫਿਲਮ ਮਹਿਲ (1949) ਦਾ ਅਦਾਕਾਰਾ ਮਧੂਬਾਲਾ ‘ਤੇ ਫਿਲਮਾਇਆ ਗੀਤ ‘ਆਏਗਾ, ਆਏਗਾ ਆਨੇ ਵਾਲਾ, ਆਏਗਾ’ ਅੱਜ ਤੱਕ ਵੀ ਹਿੱਟ ਹੈ।
ਲਤਾ ਮੰਗੇਸ਼ਕਰ ਨੇ ਵੱਖ ਵੱਖ ਮੁਸੀਕਾਰਾਂ ਜਿਵੇਂ ਅਨਿਲ ਬਿਸਵਾਸ, ਸ਼ੰਕਰ-ਜੈ ਕਿਸ਼ਨ, ਨੌਸ਼ਾਦ, ਸਚਿਨ ਦੇਵ ਬਰਮਨ, ਸਰਦੂਲ ਸਿੰਘ ਕਵਾਤਰਾ, ਅਮਰਨਾਥ, ਹੁਸਨਲਾਲ-ਭਗਤਰਾਮ, ਐਸ. ਮੋਹਿੰਦਰ, ਸੀ. ਰਾਮਚੰਦਰ, ਹੇਮੰਤ ਕੁਮਾਰ, ਸਲਿਲ ਚੌਧਰੀ, ਦੱਤਾ ਨਾਇਕ, ਖੱਯਾਮ, ਰਵੀ, ਸੱਜਾਦ ਹੁਸੈਨ, ਰੌਸ਼ਨ, ਕਲਿਆਣਜੀ-ਆਨੰਦਜੀ, ਵਸੰਤ ਦੇਸਾਈ,ਸੁਧੀਰ ਫਾਡਕੇ,ਹੰਸਰਾਜ ਬਹਿਲ,ਮਦਨ ਮੋਹਨ,ਜੈ ਦੇਵ,ਊਸ਼ਾ ਖੰਨਾ,ਆਰ.ਡੀ.ਬਰਮਨ ਆਦਿ ਦੇ ਨਿਰਦੇਸ਼ਨ ਅਧੀਨ ਅਨੇਕਾਂ ਹੀ ਗੀਤ ਗਾਏ।ਸ਼੍ਰੀ ਲੰਕਾ ਦੀ ਫਿਲਮ ‘ਸੇਦਾ ਸੁਲੰਗ’ (1955) ਵਾਸਤੇ ਸਿਨਹਾਲੀ ਭਾਸ਼ਾ ਤੇ 1956 ਵਿਚ ਤਾਮਿਲ ਫਿਲਮ ‘ਵਨਾਰਧਮ’ (ਜੋ ਤਮਿਲ ਭਾਸ਼ਾ ਵਿਚ ਡੱਬ ਕੀਤੀ ਗਈ ‘ਉੜਨ ਖਟੋਲਾ’) ਵਿਚ ਐਕਟਰ ਨਿੰਮੀ ਵਾਸਤੇ ਗਾਣਾ ਗਾਇਆ ਜਿਸ ਵਿਚ ਨੌਸ਼ਾਦ ਦਾ ਸੰਗੀਤ ਸੀ।ਲਤਾ ਨੇ ਰਾਗਾਂ ‘ਤੇ ਆਧਾਰਤ ਕਈ ਗਾਣੇ ਗਾਏ ਜਿਵੇਂ ਨੌਸ਼ਾਦ ਦੀ ਮੁਸੀਕੀ ਵਿਚ ਫਿਲਮ ਦੀਦਾਰ (1951),ਬੈਜੂ ਬਾਵਰਾ(1952),ਅਮਰ ਤੇ ਨਾਗਿਨ (1954),ਉੜਨ ਖਟੋਲਾ (1955),ਮਦਰ ਇੰਡੀਆ(1957)ਵਿਚ ਆਦਿ।ਮੌਸੀਕਾਰ ਸ਼ੰਕਰ-ਜੈਕਿਸ਼ਨ ਜੋੜੀ ਨੇ ਬਰਸਾਤ (1949), ਆਹ (1953), ਸ਼੍ਰੀ 420 (1955), ਚੋਰੀ ਚੋਰੀ (1956) ਵਾਸਤੇ ਲਤਾ ਦੀ ਆਵਾਜ਼ ਨੂੰ ਹੀ ਚੁਣਿਆ ਸੀ।ਇਸੇ ਤਰ੍ਹਾਂ ਐਸ.ਡੀ. ਬਰਮਨ ਨੇ ਵੀ ਆਪਣੀ ਮੌਸਿਕੀ ਵਾਲੀਆਂ ਫਿਲਮਾਂ ਸਜ਼ਾ (1951), ਹਾਊਸ ਨੰਬਰ-44 (1955) ਤੇ ਦੇਵਦਾਸ (1955) ਵਿਚ ਲਤਾ ਮੰਗੇਸ਼ਕਰ ਕੋਲੋਂ ਗਾਣੇ ਗਵਾਏ।ਕਿਹਾ ਜਾਂਦਾ ਹੈ ਕਿ 1957 ਵਿਚ ਲਤਾ ਤੇ ਬਰਮਨ ਵਿਚ ਕੁਝ ਅਣਬਣ ਹੋ ਗਈ ਜਿਸ ਕਰਕੇ 1962 ਤੱਕ ਇਹਨਾਂ ਦਾ ਕੋਈ ਗੀਤ ਨਹੀਂ ਰਿਕਾਰਡ ਹੋਇਆ।‘ਗ਼ੁਜ਼ਰਾ ਹੂਆ ਜ਼ਮਾਨਾ ਆਤਾ ਨਹੀੂਂ ਦੋਬਾਰਾ, ਹਾਫ਼ਿਜ਼ ਖ਼ੁਦਾ ਤੁਮਹਾਰਾ’ ਐਸ. ਮਹਿੰਦਰ ਦੇ ਸੰਗੀਤ ਵਿਚ ਸ਼ੀਰੀਂ ਫ਼ਰਹਾਦ (1956) ਦਾ ਗੀਤ ਹੁਣ ਵੀ ਬਹੁਤ ਹੀ ਮਸ਼ਹੂਰ ਤੇ ਮਕਬੂਲ ਹੈ।ਸਲਿਲ ਚੌਧਰੀ ਦੀ ਮੌਸਿਕੀ ਵਿਚ ‘ਆਜਾ ਰੇ ਪਰਦੇਸੀ..’(ਮਧੂਮਤੀ 1958) ਦੇ ਗਾਣੇ ਵਾਸਤੇ ਲਤਾ ਨੂੰ ਬੇਹਤਰੀਨ ਪਲੇਅ-ਬੈਕ ਸਿੰਗਰ ਦਾ ਫਿਲਮ ਫੇਅਰ ਅਵਾਰਡ ਮਿਲਿਆ।ਅਲਬੇਲਾ,ਸ਼ਿਨ ਸ਼ਿਨਾ ਕੀ ਬਬਲਾ ਬੂ, ਅਨਾਰਕਲੀ, ਪਹੇਲੀ, ਝੰਨਕਾਰ, ਆਜ਼ਾਦ, ਆਸ਼ਾ, ਅਮਰਦੀਪ, ਬਾਗ਼ੀ, ਰੇਲਵੇ ਪਲੇਟਫਾਰਮ, ਪੌਕਿਟ ਮਾਰ, ਮਿਸਟਰ ਲੰਬੂ, ਦੇਖ ਕਬੀਰਾ ਰੋਇਆ, ਅਦਾਲਤ, ਜੇਲਰ, ਚਾਚਾ ਜ਼ਿੰਦਾਬਾਦ, ਮੋਹਰ ਫਿਲਮਾਂ ਦੇ ਗਾਣੇ ਅੱਜ ਤਕ ਬੇਹੱਦ ਮਕਬੂਲ ਹਨ।
ਨੌਸ਼ਾਦ ਦੀ ਮੌਸਿਕੀ ਵਿਚ ਫਿਲਮ ਮੁਗ਼ਲ-ਏ-ਆਜ਼ਮ (1960) ਦਾਮਧੂ ਬਾਲਾ ‘ਤੇ ਫਿਲਮਾਇਆ ਗਿਆ ਗਾਣਾ, “ਜਬ ਪਿਆਰ ਕੀਆ ਤੋੋ ਡਰਨਾ ਕਿਆ, ਅੱਜ ਵੀ ਉਵੇਂ ਹੀ ਮਕਬੂਲ ਹੈ।ਇਸੇ ਤਰਾਂ੍ਹ ਮੀਨਾ ਕੁਮਾਰੀ ‘ਤੇ ਫਿਲਮਾਇਆ ਗਿਆ, ਦਿਲ ਅਪਨਾ ਅੋਰ ਪ੍ਰੀਤ ਪਰਾਈ (1960) ਦਾ ਗੀਤ “ਅਜੀਬ ਦਾਸਤਾਂ ਹੈ ਯੇ” ਵੀ ਨਾ-ਭੁੱਲਣ ਵਾਲਾ ਹੈ।ਧਾਰਮਿਕ ਗੀਤ ‘ਅੱਲਾ ਤੇਰੋ ਨਾਮ ਈਸ਼ਵਰ ਤੇਰੋ ਨਾਮ’ ਤੇ ‘ਪ੍ਰਭੂ ਤੇਰੋ ਨਾਮ ਜੋ ਧਿਆਏ ਫਲ ਪਾਏ’ (1961) ਜੈ ਦੇਵ ਦੇ ਸੰਗੀਤ ਵਿਚ ਹਨ ਜਿਨ੍ਹਾਂ ਵਿਚ ਬਰਮਨ, ਜੈ ਦੇਵ ਦਾ ਸਹਾਇਕ ਸੀ।1962 ਵਿਚ ਹੇਮੰਤ ਕੁਮਾਰ ਦੇ ਸੰਗੀਤ ਵਿਚ, ਵਹੀਦਾ ਰਹਿਮਾਨ ‘ਤੇ ਫਿਲਮਾਏ ਗਏ, ‘ਕਹੀਂ ਦੀਪ ਜਲੇ ਕਹੀਂ ਦਿਲ’ ਵਾਸਤੇ ਲਤਾ ਨੂੰ ਦੂਸਰੀ ਵਾਰ ਫਿਲਮ ਫੇਅਰ ਅਵਾਰਡ ਮਿਲਿਆ।ਭਾਰਤ-ਚੀਨ ਜੰਗ ਦੀ ਪਿੱਠ-ਭੁਮੀ ਵਿਚ, ਲਤਾ ਮੰਗੇਸ਼ਕਰ ਨੇ ਬੇਹੱਦ ਸੰਵੇਦਨਾ ਨਾਲ ਭਰਿਆ ਕਵੀ ਪ੍ਰਦੀਪ ਦਾ ਲਿਖਿਆ ਤੇ ਸੀ. ਰਾਮਚੰਦਰ ਦੀ ਮੌਸਿਕੀ ਵਿਚ ਦੇਸ਼ ਭਗਤੀ ਦਾ ਗਾਣਾ,‘ਐ ਮੇਰੇ ਵਤਨ ਕੇ ਲੋਗੋ’, 27 ਜਨਵਰੀ 1963 ਨੂੰ ਜਦ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਹਿਰੂ ਦੀ ਹਾਜ਼ਰੀ ਵਿਚ ਗਾਇਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ।ਇਸੇ ਸਾਲ ‘ਚ ਲਤਾ ਦੀ ਵਾਪਸੀ, ਸਚਿਨ ਦੇਵ ਬਰਮਨ ਨਾਲ ਹੋ ਗਈ।ਇਸ ਤੋਂ ਪਹਿਲਾਂ 1961 ਵਿਚ ਉਸਨੇ ਰਾਹੁਲ ਦੇਵ ਦੀ ਪਹਿਲੀ ਫਿਲਮ ‘ਛੋਟੇ ਨਵਾਬ’ ਵਾਸਤੇ ਗਾਣੇ ਗਾਏ ਸਨ।ਤੇ ਫਿਰ ‘ਭੂਤ ਬੰਗਲਾ’(1965),‘ਪਤੀ ਪਤਨੀ’(1966),‘ਬਹਾਰੋਂ ਕੇ ਸਪਨੇ’(1967) ਤੇ ‘ਅਭਿਲਾਸ਼ਾ’(1969) ਵਾਸਤੇ ਗੀਤ ਗਾਏ ਸਨ।ਲਤਾ ਨੇ ਸਚਿਨ ਦੇਵ ਬਰਮਨ ਦੀਆਂ ਕਈ ਫਿਲਮਾਂ ਵਿਚ ਗੀਤ ਗਾਏ ਜਿਵੇਂ: ਗਾਇਡ (1965) ‘ਆਜ ਫਿਰ ਜੀਨੇ ਕੀ ਤਮੰਨਾ ਹੈ’ ਕਿਸ਼ੋਰ ਕੁਮਾਰ ਨਾਲ, ‘ਗਾਤਾ ਰਹੇ ਮੇਰਾ ਦਿਲ’ ਤੇ ‘ਪੀਆ ਤੋ ਸੇ ਨੈਨਾ ਲਾਗੇ ਰੇ’; ਜਿਊਅਲ ਥੀਫ਼(1967)‘ਹੋਂਟੋਂ ਪੇ ਐਸੀ ਬਾਤ’ ਤੇ ਫਿਲਮ ਤਲਾਸ਼ ਦਾ ਕਿਤਨੀ ‘ਅਕੇਲੀ ਕਿਤਨੀ ਤਨਹਾ ਸੀ ਲਗੀ’।ਸੱਠਿਵਿਆਂ ਦੌਰਾਨ ਮਦਨ ਮੋਹਨ ਦੇ ਸੰਗੀਤ ਵਿਚ ਲਤਾ ਦੇ ਕਈ ਗਾਣੇ ਗਾਏ ਜਿਵੇਂ ‘ਆਪਕੀ ਨਜ਼ਰੋਂ ਨੇ ਸਮਝਾ’(ਅਨਪੜ੍ਹ 1962),‘ਲੱਗ ਜਾ ਗਲੇ ਕਿ ਫਿਰ ਯੇ’,(ਵੋਹ ਕੌਨ ਥੀ 1964),ਵੋ ਚੁੱਪ ਰਹੇਂ ਤੋ ਮੇਰੇ ਦਿਲ ਕੇ ਦਾਗ਼ (ਜਹਾਂ ਆਰਾ 1964),‘ਮੇਰਾ ਸਾਇਆ ਸਾਥ ਹੋਗਾ” (ਮੇਰਾ ਸਾਇਆ 1966) ਅਤੇ “ਤੇਰੀ ਆਂਖੋਂ ਕੇ ਸਿਵਾ” (ਚਿਰਾਗ਼ 1969)।ਨਾਲੋ ਨਾਲ ਸੰਗੀਤਕਾਰ ਸ਼ੰਕਰ ਜੈ ਕਿਸ਼ਨ ਤੇ ਲਕਸ਼ਮੀ ਕਾਂਤ ਪਿਆਰੇ ਲਾਲ ਨਾਲ ਵੀ ਵੱਖ ਵੱਖ ਫਿਲਮਾਂ ਦੇ ਗੀਤ ਰਿਕਾਰਡ ਹੁੰਦੇ ਰਹੇ।ਤਕਰੀਬਨ 35 ਸਾਲ ਦੇ ਅਰਸੇ ਦੌਰਾਨ ਲਕਸ਼ਮੀ-ਪਿਆਰੇ ਨਾਲ ਤਕਰੀਬਨ 700 ਹਿੱਟ ਗਾਣੇ ਰਿਕਾਰਡ ਕੀਤੇ ਜਿਵੇਂ:ਪਾਰਸਮਨੀ (1963),ਮਿਸਟਰ ਐਕਸ ਇਨ ਬੰਬੇ(1964),ਆਏ ਦਿਨ ਬਹਾਰ ਕੇ (1966), ਮਿਲਨ (1967),ਅਨੀਤਾ (1967),ਸ਼ਾਗਿਰਦ (1969),ਮੇਰੇ ਹਮਦਮ ਮੇਰੇ ਦੋਸਤ (1968),ਇੰਤਕਾਮ (1969)।ਦੋ ਰਾਸਤੇ ਤੇ ਜੀਨੇ ਕੀ ਰਾਹ (1969) ਦੇ ਗਾਣਿਆਂ ਵਾਸਤੇ ਉਸ ਨੂੰ ਫਿਲਮ ਫੇਅਰ ਅਵਾਰਡ ਮਿਲਿਆ।ਲਤਾ ਮੰਗੇਸ਼ਕਰ ਨੇ ਉਸ ਵੇਲੇ ਦੇ ਮਸ਼ਹੂਰ ਮਰਦ ਗਾਇਕਾਂ ਨਾਲ ਬੇਹੱਦ ਮਕਬੂਲ ਦੁਗਾਣੇ ਗਾਏ ਜਿਵੇਂ ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਮੁਕੇਸ਼, ਮੰਨਾ ਡੇ, ਮਹਿੰਦਰ ਕਪੂਰ, ਤਲਤ ਮਹਿਮੂਦ, ਹੇਮੰਤ ਕੁਮਾਰ ਆਦਿ।ਇਹਦੇ ਨਾਲੋ ਨਾਲ ਲਤਾ ਨੇ ਮਰਾਠੀ ਤੇ ਪੰਜਾਬੀ ਫਿਲਮਾਂ ਵਿਚ ਵੀ ਗੀਤ ਗਾਏ।
ਲਤਾ ਦੇ ਬੇਹੱਦ ਮਕਬੂਲ ਪੰਜਾਬੀ ਗਾਣੇ: ਰੱਸੀ ਉਤੇ ਟੰਗਿਆ ਦੁਪੱਟਾ ਮੇਰਾ ਡੋਲਦਾ, ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ (ਗੁੱਡੀ), ਨਾਲੇ ਲੰਮੀ ਤੇ ਨਾਲੇ ਕਾਲੀ ਹਾਏ ਵੇ ਚੰਨਾ ਰਾਤ ਜੁਦਾਈਆਂ ਵਾਲੀ (ਲੱਛੀ), ਕਾਲ਼ੀ ਕੰਘੀ ਨਾਲ ਕਾਲ਼ੇ ਵਾਲ਼ ਪਈ ਵਾਹਨੀਆਂ (ਲੱਛੀ), ਲੰਡਨ ਦੇ ਅਲਬਰਟ ਹਾਲ ਵਿਚ ਗਾਈ ਗ਼ੈਰ ਫਿਲਮੀ ਲੋਕ ਗਾਥਾ ਹੀਰ, ਅੱਖੀਆਂ ਚੁਰਾ ਕੇ ਨਾ ਜਾ (ਚਮਨ), ਲਾਈ ਆ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ (ਪਿੰਡ ਦੀ ਕੁੜੀ), ਇਕ ਤੂੰ ਹੋਵੇਂ ਇਕ ਮੈਂ ਹੋਵਾਂ (ਨਸੀਬੋ), ਮੇਰੀ ਗੁਰੂ ਪ੍ਰੀਤੀ (ਆਸਰਾ ਪਿਆਰ ਦਾ),ਅੱੱਜ ਮੰਗਤੀ ਨੂੰ ਖਾਲੀ ਨ ਮੋੜੀਂ (ਆਸਰਾ ਪਿਆਰ ਦਾ),ਅਸਾਂ ਕੀਤੀ ਏ ਤੇਰੇ ਨਾਲ ਥੂਹ(ਦੋ ਲੱਛੀਆਂ), ‘ਤੇ ਬਦਲੀਆਂ ਛਾ ਗਈਆਂ’ ਮੁਹੰਮਦ ਰਫ਼ੀ ਨਾਲ (ਫਿਲਮ ਭਾਈਆ ਜੀ), ਪਾ ਤੇ ਵਿਛੋੜੇ ਮੇਲ ਨਾ ਕੀਤੇ ਕਿਨੂੰ ਸੁਣਾਵਾਂ ਕਿੰਜ ਦਿਨ ਬੀਤੇ (ਗ਼ੈਰ ਫਿਲਮੀ) ਚਰਖ਼ੇ ਦੀਆਂ ਘੁੂਕਾਂ ਨੇ, ਟੱਪ ਨੀ ਜਵਾਨੀਏ ਟੱਪ ਟੱਪ, ਮਾਰਾਂ ਕੰਧਾਂ ਉਤੇ ਲੀਕਾਂ ਨੇੜੇ ਆਈਆਂ ਨੇ ਤਰੀਕਾਂ ਤੇਰੇ ਆਣ ਦੀਆਂ, ਹਾਲ ਜਿਹੜਾ ਜੱਗ ਉਤੇ (ਜੁਗਨੀ) ਗੁਰਬਾਣੀ-ਮਿਲ ਮੇਰੇ ਪੀਤਮਾ ਜੀਓ.., ਦੇਹ ਸ਼ਿਵਾ ਵਰ ਮੋਹੇ ਇਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਹਰ ਜੁਗ ਜੁਗ ਭਗਤ ਉਪਾਇਆ, ਵੇਦ ਬੁਲਾਇਆ ਵੈਦਗੀ, ਮੂ ਲਾਲਣ ਸੋ ਪ੍ਰੀਤ ਲਗਾਈ, ਜਪਿ ਮਨ ਸਤਿਨਾਮ ਸਦਾ ਸਤਿਨਾਮ, ਭਿੰਨੀ ਹਰਿਨੜੀਏ ਚਮਕਣ ਤਾਰੇ।
ਅਵਾਰਡ ਤੇ ਮਾਨ ਸਨਮਾਨ: ਪਦਮ ਭੂਸ਼ਣ 1969, ਦਾਦਾ ਸਾਹਿਬ ਫਾਲਕੇ ਅਵਾਰਡ (1989),ਪਦਮ ਵਿਭੂਸ਼ਣ (1999) ਤੇ ਭਾਰਤ ਰਤਨ (2001)।ਇਹਨਾਂ ਤੋਂ ਇਲਾਵਾ ਅਨੇਕਾਂ ਹੀ ਕਈ ਫਿਲਮਾਂ ਦੇ ਗਾਣਿਆਂ ਵਾਸਤੇ ਸਨਮਾਨ ਹਾਸਲ ਕੀਤੇ ਜਿਵੇਂ:ਆਜਾ ਰੇ ਪ੍ਰਦੇਸੀ (ਮਧੂਮਤੀ),ਕਹੀਂ ਦੀਪ ਜਲੇ ਕਹੀਂ ਦਿਲ (ਬੀਸ ਸਾਲ ਬਾਦ),ਤੁਮਹੀਂ ਮੇਰੇ ਮੰਦਰ ਤੁਮਹੀਂ ਮੇਰੀ ਪੂਜਾ(ਖ਼ਾਨਦਾਨ),ਆਪ ਮੁਝੇ ਅੱਛੇ ਲਗਨੇ ਲਗੇ (ਜੀਨੇ ਕੀ ਰਾਹ),ਦੀਦੀ ਤੇਰਾ ਦੇਵਰ ਦੀਵਾਨਾ(ਹਮ ਆਪਕੇ ਹੈਂ ਕੌਨ),ਵੋਹ ਕੌਨ ਥੀ, ਰਾਜਾ ਅੋਰ ਰੰਕ, ਮਿਲਨ, ਸਰਸਵਤੀ ਚੰਦਰ, ਦੋ ਰਾਸਤੇ, ਪਾਕੀਜ਼ਾ, ਤੇਰੇ ਮੇਰੇ ਸਪਨੇ, ਅਭਿਮਾਨ, ਏਕ ਦੂਜੇ ਕੇ ਲਿਏ, ਰਾਮ ਤੇਰੀ ਗੰਗਾ ਮੈਲੀ, ਸੱਤਿਅਮ ਸ਼ਿਵਮ ਸੰਦਰਮ।
ਫੀਮੇਲ ਪਲੇਅ ਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ: ਫਿਲਮ ਪ੍ਰੀਚਯ ਦੇ ਗਾਣਿਆਂ ਵਾਸਤੇ (1972), ਕੋਰਾ ਕਾਗ਼ਜ਼ (1974) ਤੇ ‘ਲੇਕਿਨ’ ਦੇ ਗਾਣਿਆਂ ਵਾਸਤੇ (1990)
2007 ਵਿਚ ਫਰਾਂਸ ਸਰਕਾਰ ਨੇ ਆਪਣਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ “ਆਫੀਸਰ ਆਫ ਦ ਲੈਜਨ ਆਫ ਆਨਰ” ਪ੍ਰਦਾਨ ਕੀਤਾ।
ਮਹਾਰਾਸ਼ਟਰਾ ਸਰਕਾਰ ਵੱਲੋਂ ਸਨਮਾਨ:
ਸਾਧੀ ਮਾਨਸੀ ਮਰਾਠੀ ਫਿਲਮ ਆਨੰਦਘਨ ਵਾਸਤੇ ਸਰਵੁਤਮ ਪਲੇਅ ਬੈਕ ਸਿੰਗਰ ਅਵਾਰਡ (1966), ਸਾਧੀ ਮਾਨਸੀ ਮਰਾਠੀ ਫਿਲਮ ਆਨੰਦਘਨ ਵਾਸਤੇ ਸਰਵੁਤਮ ਸੰਗੀਤਕਾਰ ਅਵਾਰਡ (1966), ਜੈਤ ਰੇ ਜੈਤ ਵਾਸਤੇ ਸਰਵੁਤਮ ਪਲੇਅ ਬੈਕ ਸਿੰਗਰ ਅਵਾਰਡ(1977), ਮਹਾਰਾਸ਼ਟਰਾ ਭੂਸ਼ਨ ਅਵਾਰਡ(1997) ਤੇ ਮਹਾਰਾਸ਼ਟਰਾ ਰਤਨ ਅਵਾਰਡ (2001)।
ਲਤਾ ਮੰਗੇਸ਼ਕਰ ਹਸਪਤਾਲ: ਨਾਗਪੁਰ (ਮਹਾਰਾਸ਼ਟਰ) ਵਿਚ ਤਕਰੀਬਨ 32 ਸਾਲ ਤੋਂ 1100 ਤੋਂ ਵੱਧ ਬਿਸਤਰਿਆਂ ਵਾਲਾ ਲਤਾ ਮੰਗੇਸ਼ਕਰ ਹਸਪਤਾਲ, ਐਨ.ਕੇ.ਪੀ. ਸਾਲਵੇ ਮੈਡੀਕਲ ਕਾਲਜ ਨਾਲ ਸਬੰਧਤ ‘ਤੇ ਹੈ ਜੋ ਐਮ.ਬੀ.ਬੀ.ਐਸ., ਐਮ.ਡੀ. ਤੋ ਹੋਰ ਮੈਡੀਕਲ ਕੋਰਸਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਉਮਦਾ ਸਿਹਤ ਸਹੂਲਤਾਂ ਵੀ ਮੁਹੱਈਆ ਕਰ ਰਿਹਾ ਹੈ। ਮੁਹੰਮਦ ਰਫ਼ੀ ਨਾਲ ਅਣਬਣ: ਲਤਾ ਮੰਗੇਸ਼ਕਰ ਦੇ ਗੀਤ ਹਨ। ਲਤਾ-ਰਫ਼ੀ ਦੇ ਦੋਗਾਣੇ ਦਿਲ ਨੂੰ ਛੁਹਣ ਵਾਲੇ ਤੇ ਇਸ ਸਮੇਂ ਵਿਚ ਵੀ ਓਨੇ ਹੀ ਤਾਜ਼ੇ ਤੇ ਮਕਬੂਲ ਹਨ।ਜਦੋਂ ਲਤਾ ਤੇ ਰਫ਼ੀ ਦੀ ਪੂਰੀ ਗੁੱਡੀ ਚੜ੍ਹੀ ਹੋਈ ਸੀ, ਲਤਾ ਨੇ ਫਿਲਮ ਪ੍ਰੋਡਿਊਸਰਾਂ ਕੋਲੋਂ ਆਪਣੇ ਦੋਗਾਣਿਆਂ/ਗਾਣਿਆਂ ਦੀ ਰਾਇਲਟੀ ਲੈਣ ਦੀ ਮੰਗ ਕੀਤੀ ਪਰ ਇਸ ਦੇ ਬਿਲਕੁਲ ਉਲਟ, ਰਫ਼ੀ ਸਾਹਿਬ ਨੇ ਸਾਫ਼ ਹੀ ਨਾਹ ਕਰ ਦਿੱਤੀ ਤੇ ਕਿਹਾ ਕਿ ਜਦ ਅਸੀਂ ਗੀਤ ਗਾਉਂਦੇ ਹਾਂ ਸਾਨੂੰ ਉਦੋਂ ਹੀ ਫੀਸ ਮਿਲ ਜਾਂਦੀ ਹੈ।ਇਸ ਗੱਲ ਨਾਲ ਦੋਹਵਾਂ ਦੇ ਦਰਮਿਆਨ ਖਿੱਚੋਤਾਣ ਹੋ ਗਈ ਤੇ ਵਧ ਵੀ ਗਈ।ਫਿਲਮ ਮਾਇਆ (1961) ਦੇ ਗਾਣੇ ‘ਤਸਵੀਰ ਤੇਰੀ ਦਿਲ ਮੇਂ’ ਦੀ ਰਿਕਾਰਡਿੰਗ ਤੋਂ ਬਾਅਦ ਜਦ ਮੌਸੀਕਾਰ ਸਲੀਲ ਚੌਧਰੀ ਨੇ ਵੀ ਰਾਇਲਟੀ ਵਾਲੇ ਵਿਚਾਰ ਦੀ ਹਮਾਇਤ ਕਰ ਦਿੱਤੀ ਤਾਂ ਲਤਾ ਨੇ ਅੱਗੇ ਤੋਂ ਮੁਹੰਮਦ ਰਫ਼ੀ ਨਾਲ ਨਾ ਗਾਉਣ ਦਾ ਐਲਾਨ ਕਰ ਦਿੱਤਾ।ਕਿਹਾ ਜਾਂਦਾ ਹੈ ਕਿ ਚਾਰ ਸਾਲਾਂ ਦੇ ਵਕਫ਼ੇ ਦੇ ਬਾਅਦ,ਐਕਟਰ ਨਰਗ਼ਿਸ ਦੀ ਕੋਸ਼ਿਸ਼ ਸਦਕਾ ਉਹਨਾਂ ਨੇ ਫਿਰ ਇੱਕਠਿਆਂ ਗਾਉਣਾ ਸ਼ੁਰੂ ਕਰ ਦਿੱਤਾ ਸੀ।2013 ਵਿਚ ਜਦ ਲੇਖਕ, ਰਫ਼ੀ ਦੇ ਪੁੱਤ ਸ਼ਾਹਿਦ ਰਫ਼ੀ ਨੂੰ ਮਿਲਣ ਮੁੰਬਈ ਗਿਆ ਸੀ ਤਾਂ ਸ਼ਾਹਿਦ ਰਫ਼ੀ, ਲਤਾ ਦੇ iਖ਼ਲਾਫ਼ ਕਾਫੀ ਗਰਮ ਸੀ ਕਿਉਂਕਿ ਲਤਾ ਨੇ ਰਫ਼ੀ ਦੀ ਮੌਤ ਦੇ ਕਈ ਸਾਲਾਂ ਬਾਅਦ ਕਹਿ ਦਿੱਤਾ ਸੀ ਕਿ ਰਫ਼ੀ ਸਾਹਿਬ ਨੇ ਲਿਖਤ ਮੁਆਫੀ ਮੰਗੀ ਸੀ।ਇਹ ਵੀ ਗੱਲ ਵੀ ਚਲਦੀ ਰਹੀ ਕਿ ਲਤਾ ਮੰਗੇਸ਼ਕਰ, ਆਪਣੀ ਆਵਾਜ਼ ਨਾਲ ਮਿਲਦੀ ਜੁਲਦੀ ਆਵਾਜ਼ ਵਾਲੀਆਂ ਸੁਮਨ ਕਲਿਆਣਪੁਰ ਤੇ ਵਾਣੀ ਜੈਰਾਮ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਤਾ ਹਮੇਸ਼ਾ ਹੀ ਸਰਗਰਮ ਰਹੀ ਸੀ।ਹੋਰ ਤੇ ਹੋਰ ਆਪਣੀ ਸਕੀ ਭੈਣ ਆਸ਼ਾ ਭੌਸਲੇ ਨਾਲ ਵੀ, ਘੱਟ ਹੀ ਬਣਦੀ ਸੀ।

You must be logged in to post a comment Login