10 ਤੋਂ ਵੱਧ ਅਜਾਇਬ ਘਰਾਂ ਨੂੰ ਬੰਬ ਦੀ ਧਮਕੀ

10 ਤੋਂ ਵੱਧ ਅਜਾਇਬ ਘਰਾਂ ਨੂੰ ਬੰਬ ਦੀ ਧਮਕੀ

ਨਵੀਂ ਦਿੱਲੀ, 12 ਜੂਨ- ਦਿੱਲੀ ਵਿੱਚ ਵੱਖ ਵੱਖ ਥਾਵਾਂ ’ਤੇ ਬੰਬ ਹੋਣ ਦੀਆਂ ਆ ਰਹੀਆਂ ਧਮਕੀਆਂ ਨਾਲ ਸਬੰਧਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਾਅਦ ਵਿੱਚ ਝੂਠਾ ਸਾਬਤ ਹੋਇਆ। ਪੁਲੀਸ ਪ੍ਰਸ਼ਾਸਨ ਨੇ ਦੱਸਿਆ ਕਿ ਲਗਪਗ 10-15 ਅਜਾਇਬ ਘਰਾਂ ਵਿੱਚ ਬੰਬ ਹੋਣ ਦੀ ਈਮੇਲ ਰਾਹੀਂ ਧਮਕੀ ਮਿਲੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਦਿੱਲੀ ਪੁਲੀਸ ਸਬੰਧਤ ਥਾਵਾਂ ‘ਤੇ ਪਹੁੰਚੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੱਖ ਵੱਖ ਅਜਾਇਬ ਘਰਾਂ ਸਮੇਤ ਸ਼ਹਿਰ ਵਿੱਚ ਰੇਲ ਅਜਾਇਬ ਘਰ ਵਿਚ ਵੀ ਬੰਬ ਹੋਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਸੀ, ਜੋ ਕਿ ਝੂਠੀ ਸੀ ਅਤੇ ਜਾਂਚ ਦੌਰਾਨ ਉਥੇ ਕੋਈ ਬੰਬ ਨਹੀਂ ਮਿਲਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਦਿਆਂ ਝੂਠੀਆਂ ਈਮੇਲਜ਼ ਭੇਜਣ ਵਾਲਿਆਂ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਰਾਜਧਾਨੀ ਵਿੱਚ ਸਕੂਲ, ਕਾਲਜ, ਹਸਪਤਾਲ ਅਤੇ ਹਵਾਈ ਅੱਡੇ ਵਿਚ ਵੀ ਬੰਬ ਹੋਣ ਸਬੰਧੀ ਝੂਠੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮਈ ਮਹੀਨੇ ਵਿੱਚ ਦਿੱਲੀ ਦੀਆਂ ਦੋ ਯੂਨੀਵਰਸਿਟੀਆਂ ਨੂੰ ਬੰਬ ਹੋਣ ਸਬੰਧੀ ਝੂਠੀ ਧਮਕੀ ਆਈ, ਇਸੇ ਮਹੀਨੇ ਦਿੱਲੀ ਐਨਸੀਆਰ ਦੇ 100 ਤੋਂ ਜ਼ਿਆਦਾ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਈਮੇਲਜ਼ ਆਈਆਂ।

You must be logged in to post a comment Login