15 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ‘ਹੌਂਸਲਾ ਰੱਖ’

15 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ‘ਹੌਂਸਲਾ ਰੱਖ’

ਚੰਡੀਗੜ੍ਹ – 15 ਅਕਤੂਬਰ ਨੂੰ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਰਿਲੀਜ਼ ਹੋਣ ਜਾ ਰਹੀ ਹੈ। ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਹੌਂਸਲਾ ਰੱਖ’ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਨੋਰੰਜਨ ਨਾਲ ਭਰਪੂਰ ਫ਼ਿਲਮ ਦੇ ਟਰੇਲਰ ਨੂੰ ਹੁਣ ਤਕ 21 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ ਦੇ ਟਰੇਲਰ ’ਚ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਦੀ ਮਸਤੀ ਦੇਖ ਕੇ ਦਰਸ਼ਕ ਲੋਟ-ਪੋਟ ਹੋ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਜਿਥੇ ਰਿਕਾਰਡਤੋੜ ਹੁੰਗਾਰਾ ਮਿਲਿਆ ਹੈ, ਉਥੇ ਇਸ ਫ਼ਿਲਮ ਦੇ ਗੀਤ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਫ਼ਿਲਮ ਦੇ ਰਿਲੀਜ਼ ਹੋਏ ਪਹਿਲੇ ਗੀਤ ‘ਸ਼ਨੈਲ ਨੰਬਰ 5’ ਨੂੰ ਲੋਕਾਂ ਨੇ ਖੂਬ ਦੇਖਿਆ ਤੇ ਸੁਣਿਆ। ਭੰਗੜਾ ਪਾਉਣ ’ਤੇ ਮਜਬੂਰ ਕਰਨ ਵਾਲਾ ਇਹ ਗੀਤ ਦਿਲਜੀਤ ਦੋਸਾਂਝ ਦੀ ਆਵਾਜ਼ ’ਚ ਹੀ ਰਿਲੀਜ਼ ਹੋਇਆ। ਗੀਤ ’ਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਨਾਲ ਦਿਲਜੀਤ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆਈ। ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਸਨ ਤੇ ਮਿਊਜ਼ਿਕ ਇਨਟੈਂਸ ਨੇ ਦਿੱਤਾ ਸੀ। ਯੂਟਿਊਬ ’ਤੇ ਇਹ ਗੀਤ 9.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।

You must be logged in to post a comment Login