2022 ਦੌਰਾਨ, ਕੀ ਹੋਣਗੇ ਸ਼ੋਸ਼ਲ ਮੀਡੀਆ ਦੇ ਰੁਝਾਨ

2022 ਦੌਰਾਨ, ਕੀ ਹੋਣਗੇ ਸ਼ੋਸ਼ਲ ਮੀਡੀਆ ਦੇ ਰੁਝਾਨ
Mob. : 9417153513

ਸਹੂਲਤਾਂ, ਖਤਰਿਆਂ ਤੇ ਉਮੀਦਾਂ ਦਰਮਿਆਨ ਸ਼ੋਸ਼ਲ ਮੀਡੀਆ ਦੁਨੀਆਂਭਰ ਵਿਚ ਆਪਣੀ ਪਹੁੰਚ ਤੇ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਡਿਜ਼ੀਟਲ ਮੀਡੀਆ ਏਨਾਂ ਵਿਸ਼ਾਲ, ਏਨਾਂ ਪ੍ਰਭਾਵਸ਼ਾਲੀ ਕਦੇ ਵੀ ਨਹੀਂ ਸੀ ਜਿੰਨਾ ਅੱਜ ਦੇ ਰੋਜ਼ਾਨਾ ਜੀਵਨ ਵਿਚ ਹੋ ਗਿਆ ਹੈ। ਕਾਰੋਬਾਰੀ ਤਬਕਾ ਅਤੇ ਸਿਆਸਤਦਾਨ ਲੋਕਾਂ ਤੱਕ ਸਿੱਧੀ ਪਹੁੰਚ ਬਨਾਉਣ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਵਧਾ ਰਹੇ ਹਨ। ਜਿਹੜੇ ਬਰੈਂਡ, ਜਿਹੜੀਆਂ ਕੰਪਨੀਆਂ ਸ਼ੋਸ਼ਲ ਮੀਡੀਆ ਦੁਆਰਾ ਅਪਣਾਈਆਂ ਜਾ ਰਹੀਆਂ ਬਜ਼ਾਰੀੑਜੁਗਤਾਂ ਦਾ ਇਸਤੇਮਾਲ ਨਹੀਂ ਕਰਦੀਆਂ ਉਹ ਪਛੜਦੀਆਂ ਜਾ ਰਹੀਆਂ ਹਨ। ਇਹ ਰੋਜ਼ਾਨਾਂ ਜੀਵਨ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਕੁਝ ਘੰਟਿਆਂ ਲਈ ਸਰਵਰ ਡਾਊਨ ਹੋ ਜਾਏ ਜਾਂ ਇੰਟਰਨੈਟ ਦੀ ਸਹੂਲਤ ਉਪਲਬਧ ਨਾ ਹੋਵੇ ਜਾਂ ਵਾਈਡਾਈ ਨਾ ਚੱਲੇ ਤਾਂ ਇਉਂ ਲੱਗਦਾ ਹੈ ਜਿਵੇਂ ਜ਼ਿੰਦਗੀ ਖੜੋ ਗਈ ਹੈ। ਸਾਰੇ ਕੰਮ ਰੁਕ ਜਾਂਦੇ ਹਨ। ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ।
ਸ਼ੋਸ਼ਲ ਮੀਡੀਆ ਕਈ ਤਰ੍ਹਾਂ ਦੀਆਂ ਮਨੑਮਾਨੀਆਂ ਕਰਦਾ ਹੈ, ਭਵਿੱਖ ਵਿਚ ਇਸਦੇ ਬਹੁਤ ਸਾਰੇ ਰਾਜ਼ ਖੁਲ੍ਹਣ ਵਾਲੇ ਹਨ। ਫੇਸਬੁੱਕ ਦਾ ਇਕ ਉੱਚੑਅਧਿਕਾਰੀ ਫੇਸਬੁੱਕ ਨਾਲੋਂ ਵੱਖ ਹੋ ਕੇ, ਅਮਰੀਕਾ ਕਾਂਗਰਸ ਨਾਲ ਮਿਲ ਕੇ ਸ਼ੋਸ਼ਲ ਮੀਡੀਆ ʼਤੇ ਲਾਗੂ ਹੋਣ ਵਾਲੀ ਇਕ ਸਖ਼ਤ ਤੇ ਪਾਰਦਰਸ਼ੀ ਕਾਨੂੰਨ ਬਨਾਉਣ ਵਿਚ ਰੁੱਝਾ ਹੋਇਆ ਹੈ। ਉਸਦਾ ਕਹਿਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੋਸ਼ਲ ਮੀਡੀਆ ਦੇ ਦੁਰੑਪ੍ਰਭਾਵਾਂ ਤੋਂ ਬਚਾਉਣ ਲਈ ਇਸ ʼਤੇ ਲਗਾਮ ਲਾਉਣੀ ਬਹੁਤ ਜ਼ਰੂਰੀ ਹੈ।
ਦੂਸਰੇ ਪਾਸੇ ਸ਼ੋਸ਼ਲ ਮੀਡੀਆ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ 2022 ਦੌਰਾਨ ਟਿਕਟਾਕ ਵਧੇਰੇ ਚਰਚਿਤ ਹੋਵੇਗਾ ਨਤੀਜੇ ਵਜੋਂ ਛੋਟੀ ਵੀਡੀਓ ਦਾ ਰੁਝਾਨ ਵਧੇਗਾ। ਬੀਤੇ ਇਕ ਦੋ ਸਾਲਾਂ ਦੌਰਾਨ ਟਿਕਟਾਕ ਨੇ ਕਈ ਕੁਝ ਨਵਾਂ ਸ਼ਾਮਲ ਕੀਤਾ ਹੈ ਜਿਹੜਾ ਸਿੱਧੇ ਤੌਰ ʼਤੇ ਇਸ਼ਤਿਹਾਰਬਾਜ਼ੀ ਅਤੇ ਕਾਰੋਬਾਰ ਨਾਲ ਜੁੜਿਆ ਹੈ।
ਇਸ਼ਤਿਹਾਰਬਾਜ਼ੀ ਲਈ ਛੋਟੇ ਨੈਟਵਰਕ ਵਧੇਰੇ ਕਾਰਗਰ, ਵਧੇਰੇ ਮਕਬੂਲ ਹੋਣਗੇ। ਆਉਂਦੇ ਕੁਝ ਸਾਲਾਂ ਦੌਰਾਨ ਸ਼ੋਸ਼ਲ ਮੀਡੀਆ ਉਦਯੋਗ 800 ਕਰੋੜ ਡਾਲਰ ਦਾ ਅੰਕੜਾ ਪਾਰ ਕਰ ਜਾਵੇਗਾ।
ਸ਼ੋਸ਼ਲ ਮੀਡੀਆ ਕੰਪਨੀਆਂ ਦਾ ਨਿਸ਼ਾਨਾ ਨਵੇਂ ਲੋਕਾਂ ਤੱਕ ਪਹੁੰਚ ਬਨਾਉਣਾ ਰਹੇਗਾ। ਕੇਵਲ ਇਸ਼ਤਿਹਾਰਬਾਜ਼ੀ ਲਈ ਨਹੀਂ ਬਲਕਿ ਇਕ ਰਿਸ਼ਤਾ, ਇਕ ਸਾਂਝ ਉਸਾਰਨ ਦੀ ਕੋਸ਼ਿਸ਼ ਹੋਵੇਗੀ।
ਸਾਲ 2022 ਦੌਰਾਨ ਵੀਡੀਓ ਸਮੱਗਰੀ ਦਾ ਬੋਲਬਾਲਾ ਰਹੇਗਾ। ਇਕ ਸਰਵੇ ਦੌਰਾਨ ਸਾਹਮਣੇ ਆਇਆ ਕਿ 2022 ਵਿਚ 82 ਪ੍ਰਤੀਸ਼ਤ ਸਮੱਗਰੀ ਵੀਡੀਓ ਦੇ ਰੂਪ ਵਿਚ ਹੋਵੇਗੀ। ਸ਼ੋਸ਼ਲ ਮੀਡੀਆ ʼਤੇ ਪ੍ਰਸੰਗਕ ਬਣ ਰਹਿਣ ਲਈ ਇਸ ਦਿਸ਼ਾ ਵਿਚ ਅੱਗੇ ਵਧਣ ਦੀ ਲੋੜ ਹੋਵੇਗੀ। ਇਸੇ ਤਰ੍ਹਾਂ ਆਡੀਓੑਸਮੱਗਰੀ ਦਾ ਰੁਝਾਨ ਵੀ ਤੇਜ਼ੀ ਨਾਲ ਵਧੇਗਾ।
ਨੇੜੑਭਵਿੱਖ ਵਿਚ ਸ਼ੋਸ਼ਲ ਮੀਡੀਆ ʼਤੇ ਪੇਡ ਇਸ਼ਤਿਹਾਰਬਾਜ਼ੀ ਸਮੇਂ ਦੀ ਲੋੜ ਬਣ ਜਾਵੇਗੀ। ਇਕ ਸਰਵੇ ਅਨੁਸਾਰ ਫੇਸਬੁੱਕ ਪੋਸਟ ਕੇਵਲ 5 ਫ਼ੀਸਦੀ ਲੋਕਾਂ ਤੱਕ ਪਹੁੰਚਦੀ ਹੈ। ਇਸ ਲਈ ਕੰਪਨੀਆਂ ਦਾ ਪੇਡੑਇਸ਼ਤਿਹਾਰਬਾਜ਼ੀ ਵੱਲ ਵਧਣਾ ਮਜ਼ਬੂਰੀ ਬਣ ਜਾਵੇਗਾ।
2022 ਵਿਚ ਸ਼ੋਸ਼ਲ ਮੀਡੀਆ ਦੀ ਜਵਾਬਦੇਹੀ ਲਈ ਜ਼ੋਰਦਾਰ ਆਵਾਜ਼ ਉਠੇਗੀ। ਵਿਸ਼ਵ ਪੱਧਰ ʼਤੇ ਸ਼ੋਸ਼ਲ ਮੀਡੀਆ ਦੀਆਂ ਆਪੑਹੁਦਰੀਆਂ ਅਤੇ ਇਸਦੀ ਦੁਰਵਰਤੋਂ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ। ਨਤੀਜੇ ਵਜੋਂ ਸਰਕਾਰਾਂ ਸਖ਼ਤ ਕਾਨੂੰਨ ਬਨਾਉਣ ਲਈ ਮਜ਼ਬੂਰ ਹੋ ਜਾਣਗੀਆਂ ਅਤੇ ਲੋਕਾਂ ਨੂੰ ਨਿੱਜਤਾ ਦੀ ਚਿੰਤਾ ਵਧੇਰੇ ਸਤਾਉਣ ਲੱਗੇਗੀ।
ਡਿਜ਼ੀਟਲ ਮੀਡੀਆ ਦੇ ਖੇਤਰ ਵਿਚ ਨੌਕਰੀਆਂ ਦੀ ਭਰਮਾਰ ਹੋਵੇਗੀ। ਮੁਹਾਰਤ ਵਾਲੇ ਨੌਜਵਾਨਾਂ ਨੂੰ ਬੇਸ਼ਮਾਰ ਮੌਕੇ ਮਿਲਣਗੇ। ਕੰਪਨੀਆਂ ਖੁਸ਼ੀ ਨਾਲ ਚੰਗੇ ਪੈਕੇਜ ਦੇਣਗੀਆਂ।
ਫੇਸਬੁੱਕ ਕਿਤੇ ਨਹੀਂ ਜਾਵੇਗਾ। ਭਾਵੇਂ ਇਸਦਾ ਨਾਂ ਬਦਲ ਕੇ ਮੇਟਾ ਰੱਖਣ ਦੀ ਘੋਸ਼ਨਾ ਹੋ ਚੁੱਕੀ ਹੈ। ਮੇਟਾ ਗ੍ਰੀਕ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੱਦ ਤੋਂ ਪਾਰ ਹੁੰਦਾ ਹੈ। ਹੱਦ ਤਾਂ ਫੇਸਬੁੱਕ ਪਹਿਲਾਂ ਹੀ ਕਰ ਰਿਹਾ ਹੈ, ਹੁਣ ਹੱਦ ਤੋਂ ਪਾਰ ਜਾਣ ਦਾ ਪ੍ਰੋਗਰਾਮ ਹੈ। ਫੇਸਬੁੱਕ ਦਾ ਨਾਂ ਬਦਲ ਕੇ ਮੇਟਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸ਼ੋਸ਼ਲ ਮੀਡੀਆ ਪਲੇਟ ਫ਼ਾਰਮ ਨੂੰ ਇਸ ਤੋਂ ਬਹੁਤ ਅੱਗੇ ਇਕ ਕਾਲਪਨਿਕ ਦੁਨੀਆਂ ਵਿਚ ਲੈ ਜਾਇਆ ਜਾ ਸਕੇ।
ਸ਼ੋਸ਼ਲ ਮੀਡੀਆ ਤੇਜ਼ੀ ਨਾਲ ਬਦਲ ਰਿਹਾ ਹੈ। ਵੱਖੑਵੱਖ ਸ਼ੋਸ਼ਲ ਮੀਡੀਆ ਕੰਪਨੀਆਂ ਵਿਚਾਲੇ ਬਦਲਾਅ ਸਬੰਧੀ ਇਕ ਦੌੜ ਲੱਗੀ ਹੋਈ ਹੈ। ਜੋ ਅੱਜ ਪ੍ਰਸੰਗਕ ਹੈ, ਉਹ ਕਲ੍ਹ ਨੂੰ ਗੈਰੑਪ੍ਰਸੰਗਕ ਹੋ ਜਾਵੇਗਾ। ਸਮੇਂ ਨਾਲ ਚੱਲਣ ਲਈ ਤੁਹਾਨੂੰ ਖੁਦ ਨੂੰ, ਆਪਣੇ ਕਾਰੋਬਾਰ ਨੂੰ, ਆਪਣੀ ਕੰਪਨੀ ਨੂੰ ਅਪੑਡੇਟ ਕਰਨਾ ਪਵੇਗਾ, ਨਹੀਂ ਤਾਂ ਪਛੜ ਜਾਓਗੇ।
ਉਪਭੋਗਤਾ ਆਨਲਾਈਨ ਵਧੇਰੇ ਸਮਾਂ ਬਤੀਤ ਕਰਨ ਲੱਗਾ ਹੈ। ਨਤੀਜੇ ਵਜੋਂ 2022 ਦੌਰਾਨ ਆਨਲਾਈਨ ਚੀਜ਼ਾਂ ਵੇਚਣ ਖਰੀਦਣ ਦਾ ਮਾਹੌਲ ਬਣੇਗਾ। ਜਿਨ੍ਹਾਂ ਨੂੰ ਆਨਲਾਈਨ ਖਰੀਦਦਾਰੀ ਦਾ ਢੰਗੑਤਰੀਕਾ ਨਹੀਂ ਆਉਂਦਾ, ਉਹ ਸਿੱਖਣ ਦੀ ਤਾਕ ਵਿਚ ਰਹਿਣਗੇ।
2021 ਦੌਰਾਨ ਦੁਨੀਆਂ ਵਿਚ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 370 ਕਰੋੜ ਸੀ। ਸਾਲ 2022 ਦੌਰਾਨ ਇਸ ਗਿਣਤੀ ਵਿਚ ਵੱਡਾ ਵਾਧਾ ਦਰਜ ਹੋਣ ਦੀ ਸੰਭਾਵਨਾ ਹੈ। ਦੂਸਰੇ ਪਾਸੇ ਨਿੱਜਤਾ ਤੇ ਗੁਣਵਤਾ ਭੱਖਦੇ ਮੁੱਦੇ ਰਹਿਣਗੇ। ਸਰਕਾਰਾਂ ਨੂੰ ਅਤੇ ਕੰਪਨੀਆਂ ਨੂੰ ਇਨ੍ਹਾਂ ਦੋ ਮੁੱਦਿਆਂ ʼਤੇ ਫੋਕਸ ਕਰਨਾ ਪਵੇਗਾ, ਤਦ ਹੀ ਦੁਨੀਆਂ ਦਾ ਸ਼ੋਸ਼ਲ ਮੀਡੀਆ ʼਤੇ ਵਿਸ਼ਵਾਸ ਵਧੇਗਾ।

You must be logged in to post a comment Login