ਨਵੀਂ ਦਿੱਲੀ, 2 ਜਨਵਰੀ- ਓਲੰਪਿਕਸ ਖੇਡਾਂ ਵਿਚ ਕਾਂਸੀ ਦੇ ਦੋ ਤਗ਼ਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਮੌਜੂਦਾ ਸ਼ਤਰੰਜ ਵਿਸ਼ਵ ਚੈਂਪੀਅਨ ਡੀ ਗੁਕੇਸ਼ ਉਨ੍ਹਾਂ ਚਾਰ ਅਥਲੀਟਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਲ ਰਤਨ ਜੇਤੂਆਂ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਪ੍ਰਵੀਨ ਕੁਮਾਰ ਵੀ ਸ਼ਾਮਲ ਹਨ। ਹਰਮਨਪ੍ਰੀਤ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਕਾਂਸੀ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪ੍ਰਵੀਨ ਨੇ ਪੁਰਸ਼ਾਂ ਦੀ T64 ਉੱਚੀ ਛਾਲ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ ਸੀ। ਖੇਡ ਐਵਾਰਡਾਂ ਦੇ ਸਾਰੇ ਜੇਤੂਆਂ ਨੂੰ 17 ਜਨਵਰੀ ਨੂੰ ਹੋਣ ਵਾਲੇ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਖੇਡ ਐਵਾਰਡਾਂ ਦੇ ਜੇਤੂਆਂ ਦੀ ਸੂਚੀ ਦੀ ਸਿਫ਼ਾਰਸ਼ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਵੀ ਰਾਮਾਸੁਬਰਾਮਨੀਅਨ ਦੀ ਅਗਵਾਈ ਵਾਲੀ ਅਰਜੁਨ ਪੁਰਸਕਾਰ ਕਮੇਟੀ ਨੇ ਕੀਤੀ ਸੀ ਅਤੇ ਅੱਜ ਐਲਾਨੇ ਗਏ ਜੇਤੂਆਂ ਦੇ ਨਾਵਾਂ ਨੂੰ ਇਸ ਸੂਚੀ ਵਿਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੀਆਂ ਅਖ਼ਤਿਆਰੀ ਤਾਕਤਾਂ ਦੀ ਵਰਤੋਂ ਕਰਦਿਆਂ ਸ਼ਾਮਲ ਕੀਤਾ ਹੈ। ਗ਼ੌਰਤਲਬ ਹੈ ਕਿ ਪਹਿਲਾਂ ਸਿਫਾਰਸ਼ ਕੀਤੇ ਗਏ ਅਥਲੀਟਾਂ ਦੀ ਸੂਚੀ ਵਿੱਚੋਂ ਮਨੂ ਭਾਕਰ ਦਾ ਨਾਂ ਗਾਇਬ ਹੋਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ ਅਤੇ ਇਸ ਕਾਰਨ ਖੇਡ ਮੰਤਰਾਲੇ ਨੂੰ ਨਮੋਸ਼ੀ ਝੱਲਣੀ ਪਈ ਸੀ, ਕਿਉਂਕਿ ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਮਨੂ ਦਾ ਨਾਂ ਕਮੇਟੀ ਦੇ ਸਾਹਮਣੇ ਰੱਖਿਆ ਹੀ ਨਹੀਂ ਗਿਆ। ਪਰ ਬਾਅਦ ਵਿਚ ਮੰਤਰਾਲੇ ਦੇ ਸੂਤਰਾਂ ਨੇ ਸੰਕੇਤ ਦਿੱਤਾ ਸੀ ਕਿ ਮੰਤਰੀ ਵੱਲੋਂ ਮਨੂ ਅਤੇ ਗੁਕੇਸ਼ ਦੇ ਨਾਂ ਸੂਚੀ ਵਿਚ ਕੀਤੇ ਜਾਣਗੇ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਐਵਾਰਡਾਂ ਦੇ ਰਸਮੀ ਐਲਾਨ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਸੀ ਤੇ ਆਖ਼ਰ ਇਹ ਐਲਾਨ ਅੱਜ ਕੀਤਾ ਗਿਆ ਹੈ। ਸੂਚੀ ਵਿਚ ਚਾਰ ਖੇਲ ਰਤਨ ਜੇਤੂਆਂ ਤੋਂ ਇਲਾਵਾ 32 ਅਰਜੁਨ ਐਵਾਰਡਾਂ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਐਵਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਵਿਚ ਨਿਸ਼ਾਨੇਬਾਜ਼ੀ ਦੇ ਓਲੰਪਿਕ ਤਗ਼ਮਾ ਜੇਤੂ ਸਰਬਜੋਤ ਸਿੰਘ ਤੇ ਸਵਪਨਿਲ ਕੁਸਾਲੇ ਦੇ ਨਾਲ ਹੀ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਅਮਨ ਸਹਿਰਾਵਤ ਵੀ ਸ਼ਾਮਲ ਹਨ।
You must be logged in to post a comment Login