ਸ਼ਰਾਬ, ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲੇ ਪਰਿਵਾਰ ਨੂੰ 21,000 ਰੁਪਏ ਦੇਣ ਦਾ ਐਲਾਨ

ਸ਼ਰਾਬ, ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲੇ ਪਰਿਵਾਰ ਨੂੰ 21,000 ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ, 7 ਜਨਵਰੀ- ਵਿਆਹ ਸਮਾਗਮਾਂ ਵਿੱਚ ਸ਼ਰਾਬ ਨਾ ਵਰਤਾਉਣ ਅਤੇ ਡੀਜੇ ਸੰਗੀਤ ਨਹੀਂ ਵਜਾਉਣ ਵਾਲੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨੂੰ 21,000 ਰੁਪਏ ਦੀ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ’ਤੇ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਡੀਜੇ ਜਾਂ ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਸ਼ਰਾਬ ਪਰੋਸਣ ਵਾਲੇ ਸਮਾਗਮਾਂ ਵਿੱਚ ਝਗੜੇ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਉੱਚੀ ਆਵਾਜ਼ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪਾਉਂਦੀ ਹੈ। ਉਨ੍ਹਾਂ ਕਿਹਾਕ ਕਿ ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ ਦੌਰਾਨ ਫਜ਼ੂਲ ਖਰਚ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ ਤਹਿਤ ਜੇਕਰ ਕੋਈ ਪਰਿਵਾਰ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਂਦਾ ਅਤੇ ਡੀਜੇ ਸੰਗੀਤ ਨਹੀਂ ਵਜਾਉਂਦਾ ਤਾਂ ਉਸ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਅਮਰਜੀਤ ਕੌਰ ਨੇ ਅੱਗੇ ਕਿਹਾ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪੰਚਾਇਤ ਨੇ ਪਿੰਡ ਵਿੱਚ ਬਾਇਓ ਗੈਸ ਪਲਾਂਟ਼ਲਾਉਣ ਦੀ ਵੀ ਤਜਵੀਜ਼ ਰੱਖੀ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫ਼ਤ ਬੀਜ ਵੀ ਦਿੱਤੇ ਜਾਣਗੇ।

You must be logged in to post a comment Login