ਟਰੰਪ ਦੀ ਧਮਕੀ ਤੋਂ ਬਾਅਦ ਕੈਨੇਡਾ ਸਰਹੱਦ ’ਤੇ ਸਖ਼ਤੀ ਦੇ ਰੌਂਅ ’ਚ

ਟਰੰਪ ਦੀ ਧਮਕੀ ਤੋਂ ਬਾਅਦ ਕੈਨੇਡਾ ਸਰਹੱਦ ’ਤੇ ਸਖ਼ਤੀ ਦੇ ਰੌਂਅ ’ਚ

ਵੈਨਕੂਵਰ, 28 ਨਵੰਬਰ- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵ੍ਹਾਈਟ ਹਾਊਸ ਦੀ ਕੁਰਸੀ ’ਤੇ ਬੈਠਦੇ ਸਾਰ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੁੰਦੇ ਸਾਮਾਨ ’ਤੇ 25 ਫੀਸਦ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਨੇ ਪੂਰਬ ਤੋਂ ਪੱਛਮ ਤੱਕ ਅਮਰੀਕਾ ਨਾਲ ਜੁੜਦੀ 8891 ਕਿਲੋਮੀਟਰ ਲੰਮੀ ਸਰਹੱਦ ’ਤੇ ਸਖਤੀ ਵਧਾਉਣ ਦਾ ਫ਼ੈਸਲਾ ਲਿਆ ਹੈ। ਇਹ ਲਕੀਰ 3 ਸਤੰਬਰ, 1783 ਨੂੰ ਪੈਰਿਸ ਸਮਝੌਤੇ ਤਹਿਤ ਖਿੱਚੀ ਗਈ ਸੀ, ਜਿਸ ਵਿੱਚ ਸਮੇਂ-ਸਮੇਂ ’ਤੇ ਥੋੜੀ ਬਦਲੀ ਹੁੰਦੀ ਰਹੀ। ਸਰਹੱਦ ਤੋਂ ਆਰ-ਪਾਰ ਆਉਣ-ਜਾਣ ਲਈ ਛੋਟੇ-ਵੱਡੇ 100 ਕੁ ਪ੍ਰਵਾਣਿਤ ਲਾਂਘੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਮਗਰੋਂ ਸਰਹੱਦੀ ਸੁਰੱਖਿਆ ਲਈ ਵਾਧੂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਅਗਲੇ ਸਾਲ 20 ਜਨਵਰੀ ਨੂੰ ਅਮਰੀਕਨ ਰਾਸ਼ਟਰਪਤੀ ਵਜੋਂ ਦੂਜੀ ਵਾਰ ਅਹੁਦਾ ਸੰਭਾਲਣ ਵਾਲੇ ਡੋਨਲਡ ਟਰੰਪ ਨੇ ਪਿਛਲੇ ਦਿਨੀਂ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਵਾਲੇ ਕੰਮਾਂ ਵਿੱਚ ਕਿਹਾ ਸੀ ਕਿ ਦੋਵਾਂ ਗੁਆਂਢੀ ਦੇਸ਼ਾਂ ਨਾਲ ਜੁੜਦੀਆਂ ਸਰਹੱਦਾਂ ’ਤੇ ਸਖ਼ਤੀ ਨਾ ਹੋਣ ਕਾਰਨ ਗਲਤ ਅਨਸਰ ਅਤੇ ਆਮਾਨ ਅਮਰੀਕਾ ਵਿੱਚ ਦਾਖਲ ਹੁੰਦਾ ਹੈ, ਜਿਸ ’ਤੇ ਰੋਕ ਲੱਗਣੀ ਜ਼ਰੂਰੀ ਹੈ। ਉਸ ਨੇ ਰੋਕ ਨੂੰ ਨੱਥ ਨਾ ਪਾ ਸਕਣ ਦਾ ਭਾਂਡਾ ਕੈਨੇਡਾ ਤੇ ਮੈਕਸੀਕੋ ਸਿਰ ਭੰਨ੍ਹਿਆ ਸੀ। ਬਰਾਮਦੀ ਟੈਕਸ ਵਿੱਚ ਵਾਧਾ ਕੈਨੇਡਾ ਦੀ ਸਨਅਤ ਲਈ ਘਾਤਕ ਸਾਬਤ ਹੋ ਸਕਦਾ ਹੈ।ਕੈਨੇਡਿਆਈ ਸਰਹੱਦ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਜ਼ਿੰਮੇ ਹੁੰਦੀ ਹੈ, ਜਿਸ ਦੀ ਨਫਰੀ ਤੇ ਸਾਜ਼ੋ-ਸਾਮਾਨ ਵਿੱਚ ਵਾਧੇ ਲਈ ਕੇਂਦਰ ਨੇ ਹੋਰ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੁਝ ਮਹੀਨੇ ਪਹਿਲਾਂ ਅਣਅਧਿਕਾਰਤ ਵਿਦੇਸ਼ੀਆਂ ਦੇ ਦੇਸ਼ ਨਿਕਾਲੇ ਲਈ ਏਜੰਸੀ ਦੀ ਨਫਰੀ ਵਿੱਚ 15 ਫੀਸਦ ਵਾਧਾ ਕੀਤਾ ਗਿਆ ਸੀ।

You must be logged in to post a comment Login