ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਕਦੇ ਨੇ ਅਸਤੀਫਾ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਕਦੇ ਨੇ ਅਸਤੀਫਾ

ਓਟਵਾ, 6 ਜਨਵਰੀ- ਮੀਡੀਆ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਵਿੱਚ ਅੰਦਰੂਨੀ ਵਿਵਾਦ ਤੇ ਲੋਕਪ੍ਰਿਅਤਾ ਘੱਟਣ ਕਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ‘ਗਲੋਬ ਐਂਡ ਮੇਲ’ ਅਖ਼ਬਾਰ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਕਦੋਂ ਅਹੁਦਾ ਛੱਡਣਗੇ ਪਰ ਬੁੱਧਵਾਰ ਨੂੰ ਹੋਣ ਵਾਲੀ ਇਕ ਅਹਿਮ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੇ ਅਸਤੀਫੇ ਦੀ ਆਸ ਹੈ। ਟਰੂਡੋ 2015 ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਵਾਲੇ ਇਕ ਸੂਤਰ ਨੇ ਕਿਹਾ ਕਿ 53 ਸਾਲਾ ਟਰੂਡੋ ਦਾ ਮੰਨਣਾ ਹੈ ਕਿ ਪਾਰਟੀ ਦੀ ਮੀਟਿੰਗ (ਲਿਬਰਲ ਕੌਕਸ) ਤੋਂ ਪਹਿਲਾਂ ਉਨ੍ਹਾਂ ਨੂੰ ਇਕ ਬਿਆਨ ਦੇਣ ਦੀ ਲੋੜ ਹੈ ਤਾਂ ਜੋ ਅਜਿਹਾ ਨਾ ਲੱਗੇ ਕਿ ਉਨ੍ਹਾਂ ਨੂੰ ਆਪਣੇ ਹੀ ਸੰਸਦ ਮੈਂਬਰਾਂ ਵੱਲੋਂ ਜਬਰੀ ਹਟਾਇਆ ਗਿਆ ਹੈ।

ਸੂਤਰਾਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਤੁਰੰਤ ਅਹੁਦਾ ਛੱਡ ਦੇਣਗੇ ਜਾਂ ਨਵਾਂ ਨੇਤਾ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਿਬਰਲ ਪਾਰਟੀ ਦੀ ਕੌਮੀ ਕਾਰਜਕਾਰਨੀ ਲੀਡਰਸ਼ਿਪ ਦੇ ਮੁੱਦਿਆਂ ਬਾਰੇ ਫੈਸਲੇ ਲਵੇਗੀ ਅਤੇ ਇਸ ਹਫ਼ਤੇ ਉਸ ਦੀ ਮੀਟਿੰਗ ਪ੍ਰਸਤਾਵਿਤ ਹੈ। ਐਤਵਾਰ ਨੂੰ ਇਕ ਸੂਤਰ ਨੇ ਕਿਹਾ ਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਜਦੋਂ ਤੱਕ ਕੋਈ ਨਵਾਂ ਨੇਤਾ ਨਹੀਂ ਚੁਣਿਆ ਜਾਂਦਾ, ਟਰੂਡ ਉਦੋਂ ਤੱਕ ਆਪਣੇ ਅਹੁਦੇ ’ਤੇ ਕਾਇਮ ਰਹਿਣਗੇ।

You must be logged in to post a comment Login