ਸਿਡਨੀ, 2 ਜਨਵਰੀ- ਬੱਲੇਬਾਜ਼ ਵਜੋਂ ਖ਼ਰਾਬ ਲੈਅ ਤੇ ਕਪਤਾਨੀ ਨੂੰ ਲੈ ਕੇ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਰੋਹਿਤ ਸ਼ਰਮਾ ਨੂੰ ਮੇਜ਼ਬਾਨ ਆਸਟਰੇਲੀਆ ਖਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਪੰਜਵੇਂ ਤੇ ਆਖਰੀ ਟੈਸਟ ਮੈਚ ਵਿਚ ਟੀਮ ’ਚੋਂ ਬਾਹਰ ਬੈਠਣਾ ਪੈ ਸਕਦਾ ਹੈ। ਰੋਹਿਤ ਨੂੰ ਇਹ ਮੈਚ ਨਹੀਂ ਖਿਡਾਇਆ ਜਾਂਦਾ ਤਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਦੀ ਅਗਵਾਈ ਕਰ ਸਕਦਾ ਹੈ। ਮੁੱਖ ਕੋਚ ਗੌਤਮ ਗੰਭੀਰ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ ਕਿ ਰੋਹਿਤ ਸ਼ੁੱਕਰਵਾਰ ਸਵੇਰੇ ਟਾਸ ਲਈ ਮੈਦਾਨ ਵਿਚ ਆਏਗਾ ਜਾਂ ਨਹੀਂ।
ਰੋਹਿਤ ਦੇ ਮੌਜੂਦਾ ਪ੍ਰਦਰਸ਼ਨ ਬਾਰੇ ਪੁੱਛੇ ਜਾਣ ’ਤੇ ਗੰਭੀਰ ਨੇ ਸਿਰਫ ਇੰਨਾ ਕਿਹਾ, ‘‘ਅਸੀਂ ਪਿੱਚ ਦੇਖ ਕੇ ਟੀਮ ਬਾਰੇ ਫ਼ੈਸਲਾ ਲਵਾਂਗੇ।’’ ਉਂਝ ਜੇ ਅਜਿਹਾ ਹੁੰਦਾ ਹੈ ਤਾਂ ਰੋਹਿਤ ਖਰਾਬ ਲੈਅ ਕਾਰਨ ਟੀਮ ’ਚੋਂ ਬਾਹਰ ਹੋਣ ਵਾਲਾ ਪਹਿਲਾ ਕਪਤਾਨ ਹੋਵੇਗਾ। ਮੌਜੂਦਾ ਲੜੀ ਵਿਚ ਉਹ ਹੁਣ ਤੱਕ ਪੰਜ ਪਾਰੀਆਂ ’ਚ ਸਿਰਫ਼ 31 ਦੌੜਾਂ ਹੀ ਬਣਾ ਸਕਿਆ ਹੈ। ਗੰਭੀਰ ਨੇ ਭਾਵੇਂ ਟੀਮ ਦਾ ਖੁਲਾਸਾ ਨਹੀਂ ਕੀਤਾ ਪਰ ਅਜਿਹੇ ਸੰਕੇਤ ਹਨ ਕਿ ਭਾਰਤੀ ਟੀਮ ਸ਼ੁਭਮਨ ਗਿੱਲ ਨੂੰ ਤੀਜੇ ਨੰਬਰ ’ਤੇ ਉਤਾਰ ਸਕਦੀ ਹੈ। ਗੰਭੀਰ ਨੇ ਮੈਚ ਦੀ ਪੂਰਬਲੀ ਸੰਧਿਆ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਭਾਰਤੀ ਕ੍ਰਿਕਟ ਵਿੱਚ ਤਬਦੀਲੀ ਦਾ ਇਹ ਦੌਰ ਉਦੋਂ ਤੱਕ ਸੁਰੱਖਿਅਤ ਹੱਥਾਂ ਵਿੱਚ ਹੈ ਜਦੋਂ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ। ਡਰੈਸਿੰਗ ਰੂਮ ਵਿੱਚ ਬਣੇ ਰਹਿਣ ਦਾ ਇੱਕੋ ਇੱਕ ਮਾਪਦੰਡ ਪ੍ਰਦਰਸ਼ਨ ਹੈ।’’ ਟੈਸਟ ਲੜੀ ਵਿੱਚ 2-1 ਨਾਲ ਅੱਗੇ ਆਸਟਰੇਲੀਅਨ ਟੀਮ ਆਖਰੀ ਮੈਚ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਪੱਕੀ ਕਰਨਾ ਚਾਹੇਗੀ। ਕਿਆਸ ਲਾਏ ਜਾ ਰਹੇ ਹਨ ਕਿ ਸਿਡਨੀ ਟੈਸਟ ’ਚ ਪੰਤ ਦੀ ਜਗ੍ਹਾ ਧਰੁਵ ਜੁਰੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੁਰੇਲ ਨੇ ਅੱਜ ਸੀਨੀਅਰ ਖਿਡਾਰੀਆਂ ਨਾਲ ਅਭਿਆਸ ਕੀਤਾ।
You must be logged in to post a comment Login