ਨਵੀਂ ਦਿੱਲੀ, 12 ਜਨਵਰੀ- ਪੰਜਾਬੀ ਸਟਾਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪੰਜਾਬ 95’ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇੇ ਸਾਂਝੀਆਂ ਕੀਤੀਆਂ ਹਨ। ਇਹ ਫ਼ਿਲਮ ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਹੈ। ਦਿਲਜੀਤ ਵੱਲੋਂ ਫ਼ਿਲਮ ਦੀਆਂ ਤਸਵੀਰਾਂ ਜਨਤਕ ਕੀਤੇ ਜਾਣ ਮਗਰੋਂ ਕਿਆਸ ਲਾਏ ਜਾ ਰਹੇ ਹਨ ਕਿ ਫ਼ਿਲਮ ਅਗਲੇ ਮਹੀਨੇ ਸਿਨੇਮਾਘਰਾਂ ’ਚ ਰਿਲੀਜ਼ ਹੋ ਸਕਦੀ ਹੈ। ‘ਪੰਜਾਬ 95’ ਨੂੰ ਹਨੀ ਤ੍ਰੇਹਨ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਆਰਐੱਸਵੀਪੀ ਮੂਵੀਜ਼ ਦੇ ਬੈਨਰ ਹੇਠ ਰੌਨੀ ਸਕਰਿਊਵਾਲਾ ਨੇ ਪ੍ਰੋਡਿਊਸ ਕੀਤਾ ਹੈ। ਰਿਪੋਰਟਾਂ ਮੁਤਾਬਕ ਸੈਂਸਰ ਬੋਰਡ ਵੱਲੋਂ ਲਾਏ ਕੱਟਾਂ ਕਰਕੇ ਫ਼ਿਲਮ ਦੀ ਰਿਲੀਜ਼ ਅੱਗੇ ਪਾਉਣੀ ਪਈ। ਫ਼ਿਲਮ ਵਿਚ ਅਰਜੁਨ ਰਾਮਪਾਲ ਤੋਂ ਇਲਾਵਾ ‘ਕੋਹਰਾ’ ਫੇਮ ਸੁਵਿੰਦਰ ਵਿੱਕੀ ਵੀ ਸ਼ਾਮਲ ਹਨ।
ਦੋਸਾਂਝ, ਜਿਸ ਨੇ ਹਾਲ ਹੀ ਵਿਚ ਆਪਣਾ ਕੰਸਰਟ ‘ਦਿਲ-ਲੂਮਿਨਾਟੀ ਇੰਡੀਆ ਟੂਰ’ ਮੁਕੰਮਲ ਕੀਤਾ ਹੈ, ਨੇ ਸ਼ਨਿੱਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਫ਼ਿਲਮ ਵਿਚੋਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਸਾਲ 2023 ਵਿਚ ‘ਪੰਜਾਬ 95’ ਦਾ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ’ਚ ਵਰਲਡ ਪ੍ਰੀਮੀਅਰ ਕੀਤਾ ਜਾਣਾ ਸੀ, ਪਰ ਮਗਰੋਂ ਪ੍ਰਬੰਧਕਾਂ ਨੇ ਬਿਨਾਂ ਕਿਸੇ ਅਧਿਕਾਰਤ ਬਿਆਨ ਦੇ ਫ਼ਿਲਮ ਨੂੰ ਉਥੋਂ ਹਟਾ ਦਿੱਤਾ। ਚੇਤੇ ਰਹੇ ਕਿ ਜਸਵੰਤ ਸਿੰਘ ਖਾਲੜਾ ਨੇ 1984 ਤੋਂ 1994 ਦੇ ਦਸ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਵਿਚ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਸਸਕਾਰ ਦੀ ਖੋਜ-ਬੀਣ ਕੀਤੀ ਸੀ। 1995 ਵਿਚ ਖਾਲੜਾ ਕਿਤੇ ਗਾਇਬ ਹੋ ਗਿਆ ਤੇ ਸਾਲ 2005 ਵਿਚ ਚਾਰ ਪੁਲੀਸ ਅਧਿਕਾਰੀਆਂ ਨੂੰ ਖਾਲੜਾ ਦੇ ਕਥਿਤ ਅਗਵਾ ਤੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2007 ਵਿਚ ਇਨ੍ਹਾਂ ਚਾਰ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਸੱਤ ਸਾਲ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ।
You must be logged in to post a comment Login