ਇਸਲਾਮਾਬਾਦ, 17 ਨਵੰਬਰ- ਭਾਰਤ ਵੱਲੋਂ ਜਤਾਏ ਸਖ਼ਤ ਇਤਰਾਜ਼ ’ਤੇ ਫੌਰੀ ਅਮਲ ਕਰਦਿਆਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪਾਕਿਸਤਾਨ ’ਚ ਚੈਂਪੀਅਨਜ਼ ਟਰਾਫ਼ੀ ਨੂੰ ਘੁਮਾਉਣ ਦੇ ਪ੍ਰੋਗਰਾਮ ’ਚੋਂ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਸ਼ਹਿਰਾਂ ਨੂੰ ਬਾਹਰ ਕਰ ਦਿੱਤਾ ਹੈ। ਟਰਾਫ਼ੀ ਹੁਣ ਖ਼ੈਬਰ ਪਖਤੂਨਖਵਾ ਖ਼ਿੱਤੇ ਦੇ ਐਬਟਾਬਾਦ ਤੋਂ ਇਲਾਵਾ ਕਰਾਚੀ, ਰਾਵਲਪਿੰਡੀ ਅਤੇ ਇਸਲਾਮਾਬਾਦ ’ਚ ਪ੍ਰਦਰਸ਼ਿਤ ਕੀਤੀ ਜਾਵੇਗੀ। ਆਈਸੀਸੀ ਦੇ ਪ੍ਰੋਗਰਾਮ ਮੁਤਾਬਕ ਅਗਲੇ ਸਾਲ 15 ਤੋਂ 26 ਜਨਵਰੀ ਤੱਕ ਭਾਰਤ ਦੇ ਵੱਖ ਵੱਖ ਸ਼ਹਿਰਾਂ ’ਚ ਚੈਂਪੀਅਨਜ਼ ਟਰਾਫ਼ੀ ਨੂੰ ਘੁਮਾਇਆ ਜਾਵੇਗਾ। ਸ਼ਹਿਰਾਂ ਦੇ ਨਾਵਾਂ ਬਾਰੇ ਐਲਾਨ ਆਈਸੀਸੀ ਵੱਲੋਂ ਬਾਅਦ ’ਚ ਕੀਤਾ ਜਾਵੇਗਾ। ਚੈਂਪੀਅਨਜ਼ ਟਰਾਫ਼ੀ ਅਗਲੇ ਸਾਲ ਪਾਕਿਸਤਾਨ ’ਚ ਖੇਡੀ ਜਾਵੇਗੀ ਪਰ ਭਾਰਤ ਨੇ ਸੁਰੱਖਿਆ ਹਾਲਾਤ ਦਾ ਹਵਾਲਾ ਦਿੰਦਿਆਂ ਉਥੇ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੀਸੀਬੀ ਨੇ 14 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦਤ ਪੀਓਕੇ ਖ਼ਿੱਤੇ ’ਚ ਪੈਂਦੇ ਸ਼ਹਿਰਾਂ ਸਕਾਰਦੂ, ਹੁੰਜ਼ਾ ਅਤੇ ਮੁਜ਼ੱਫਰਾਬਾਦ ’ਚ ਵੀ ਚੈਂਪੀਅਨਜ਼ ਟਰਾਫ਼ੀ ਘੁਮਾਈ ਜਾਵੇਗੀ। ਹੁਣ ਟਰਾਫ਼ੀ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਮਗਰੋਂ ਟਰਾਫ਼ੀ ਦੇਸ਼ ਦੇ ਹੋਰ ਸ਼ਹਿਰਾਂ ਤਕਸ਼ਿਲਾ ਅਤੇ ਖਾਨਪੁਰ (17 ਨਵੰਬਰ), ਐਬਟਾਬਾਦ (18 ਨਵੰਬਰ), ਮੱਰੀ (19 ਨਵੰਬਰ) ਅਤੇ ਨਾਥੀਆ ਗਲੀ (20 ਨਵੰਬਰ) ’ਚ ਘੁਮਾਈ ਜਾਵੇਗੀ। ਟਰਾਫ਼ੀ ਦੀ ਯਾਤਰਾ ਕਰਾਚੀ (22-25 ਨਵੰਬਰ) ’ਚ ਮੁਕੰਮਲ ਹੋਵੇਗੀ। ਟਰਾਫ਼ੀ ਜਿਨ੍ਹਾਂ ਸ਼ਹਿਰਾਂ ਤੋਂ ਹੋ ਕੇ ਗੁਜ਼ਰੇਗੀ, ਉਨ੍ਹਾਂ ’ਚੋਂ ਜ਼ਿਆਦਾਤਰ ਸ਼ਹਿਰ ਸੈਰ-ਸਪਾਟੇ ਵਜੋਂ ਅਹਿਮ ਹਨ। ਪਾਕਿਸਤਾਨ ਦੇ ਦੌਰੇ ਮਗਰੋਂ ਟਰਾਫ਼ੀ ਅਫ਼ਗਾਨਿਸਤਾਨ (26-28 ਨਵੰਬਰ), ਬੰਗਲਾਦੇਸ਼ (10-13 ਦਸੰਬਰ), ਦੱਖਣੀ ਅਫ਼ਰੀਕਾ (15-22 ਦਸੰਬਰ), ਆਸਟਰੇਲੀਆ (25 ਦਸੰਬਰ ਤੋਂ 5 ਜਨਵਰੀ), ਨਿਊਜ਼ੀਲੈਂਡ (6-11 ਜਨਵਰੀ) ਅਤੇ ਇੰਗਲੈਂਡ (12-14 ਜਨਵਰੀ) ਦੇ ਦੌਰੇ ’ਤੇ ਜਾਵੇਗੀ
You must be logged in to post a comment Login