ਜੇਦਾਹ (ਸਾਊਦੀ ਅਰਬ): ਭਾਰਤ ਦੇ ਵਿਕਟਕੀਪਰ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਇੱਥੇ ਅੱਜ ਮੈਗਾ ਨਿਲਾਮੀ ਵਿੱਚ ਉਸ ’ਤੇ 27 ਕਰੋੜ ਰੁਪਏ ਦੀ ਬੋਲੀ ਲਗਾਈ, ਜਦਕਿ ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਇਸ ਸਾਲ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਆਪਣੀ ਟੀਮ ’ਚ ਸ਼ਾਮਲ ਕੀਤਾ। ਪੰਤ ’ਤੇ ਬੋਲੀ ਲਈ ਸਨਰਾਈਜਰਜ਼ ਹੈਦਰਾਬਾਦ ਅਤੇ ਲਖਨਊ ਦਰਮਿਆਨ ਕਾਫ਼ੀ ਮੁਕਾਬਲੇਬਾਜ਼ੀ ਹੋਈ। ਲਖਨਊ ਨੇ ਅਖ਼ੀਰ 27 ਕਰੋੜ ਰੁਪਏ ਦੀ ਬੋਲੀ ਲਾਈ ਅਤੇ ਦਿੱਲੀ ਕੈਪੀਟਲਜ਼ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਨਹੀਂ ਕੀਤੀ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਅਈਅਰ ’ਤੇ 26.75 ਕਰੋੜ ਰੁਪਏ ਦੀ ਬੋਲੀ ਲਾਈ। ਅਈਅਰ ਲਈ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦਰਮਿਆਨ ਕਾਫੀ ਸਮੇਂ ਤੱਕ ਮੁਕਾਬਲਾ ਚੱਲਿਆ। ਇਸ ਦੇ ਨਾਲ ਹੀ ਅਈਅਰ ਨੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਕੇਕੇਆਰ ਨੇ ਪਿਛਲੀ ਨਿਲਾਮੀ ਵਿੱਚ 24.75 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਦਿੱਲੀ ਕੈਪੀਟਲਜ਼ ਨੇ ਇਸ ਵਾਰ ਸਟਾਰਕ ’ਤੇ 11.75 ਕਰੋੜ ਰੁਪਏ ਦੀ ਬੋਲੀ ਲਾਈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਨੇ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ਵਿੱਚ ਖ਼ਰੀਦਿਆ। ਚੇਨੱਈ ਸੁਪਰ ਕਿੰਗਜ਼ ਨੇ ਦੋ ਕਰੋੜ ਦੀ ਬੇਸਪ੍ਰਾਈਜ਼ ’ਤੇ ਨਿਲਾਮੀ ਵਿੱਚ ਸਭ ਤੋਂ ਪਹਿਲਾਂ ਉਤਰੇ ਅਰਸ਼ਦੀਪ ’ਤੇ ਪਹਿਲੀ ਬੋਲੀ ਲਾਈ ਸੀ। ਗੁਜਰਾਤ ਟਾਈਟਨਜ਼ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ 10.75 ਕਰੋੜ ਰੁਪਏ ਵਿੱਚ ਖਰੀਦਿਆ। ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੂੰ ਗੁਜਰਾਤ ਟਾਈਟਨਜ਼ ਨੇ 15.75 ਕਰੋੜ ਰੁਪਏ ਵਿੱਚ ਖ਼ਰੀਦਿਆ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login