ਮਹਾਪੰਚਾਇਤ: ਡੱਲੇਵਾਲ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਲੜਾਈ ਲਈ ਅੱਗੇ ਆਉਣ ਦਾ ਹੋਕਾ

ਮਹਾਪੰਚਾਇਤ: ਡੱਲੇਵਾਲ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਲੜਾਈ ਲਈ ਅੱਗੇ ਆਉਣ ਦਾ ਹੋਕਾ

ਪਟਿਆਲਾ, 4 ਜਨਵਰੀ- ਪਿਛਲੇ 40 ਦਿਨਾਂ ਤੋਂ ਢਾਬੀ ਗੁੱਜਰਾਂ ਬਾਰਡਰ ਉੱਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇਥੇ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਦੇਸ਼ ਭਰ ਦੇ ਲੋਕਾਂ ਨੂੰ ਇਸ ਲੜਾਈ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਉਹ ਭਾਵੇਂ ਮਰਨ ਵਰਤ ਰੱਖ ਕੇ ਇਸ ਲੜਾਈ ਨੂੰ ਅੱਗੇ ਵਧਾ ਰਹੇ ਹਨ, ਪਰ ਇਸ ਨੂੰ ਜਿੱਤਣਾ ਹੁਣ ਲੋਕਾਂ ਦਾ ਕੰਮ ਹੈ। ਡੱਲੇਵਾਲ ਨੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।ਡੱਲੇਵਾਲ ਨੇ ਕਿਹਾ ਕਿ ਮੋਰਚਾ ਯਕੀਨੀ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ, ‘‘ਪੁਲੀਸ ਨੇ ਮੈਨੂੰ ਫੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਵਲੰਟੀਅਰਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ। ਮੈਂ ਸਮਝਦਾ ਹਾਂ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨੂੰ ਲਾਗੂ ਕਰਨਾ ਮੁਸ਼ਕਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੱਥ ਉੱਤੇ ਹੱਥ ਧਰ ਕੇ ਬੈਠੇ ਰਹੀਏ ਤੇ ਇਸ ਬਾਰੇ ਕੁਝ ਨਾ ਕਰੀਏ।’’ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਸੱਤ ਲੱਖ ਕਿਸਾਨ ਕਰਜ਼ੇ ਦੀ ਪੰਡ ਕਰਕੇ ਜਾਨ ਦੇ ਚੁੱਕੇ ਹਨ। ਇਸ ਦੌਰਾਨ ਉਥੇ ਮੌਜੂਦ ਡਾਕਟਰਾਂ ਨੇ ਡੱਲੇਵਾਲ ਨੂੰ ਜ਼ਿਆਦਾ ਨਾ ਬੋਲਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਆਗੂ ਦੀ ਸਿਹਤ ਵਿਗੜ ਸਕਦੀ ਹੈ।

You must be logged in to post a comment Login