ਜ਼ੁਕਰਬਰਗ ਦੇ ਚੋਣਾਂ ਬਾਰੇ ਦਾਅਵੇ ਲਈ ਮੈਟਾ ਨੂੰ ਤਲਬ ਕਰੇਗੀ ਸੰਸਦੀ ਕਮੇਟੀ

ਜ਼ੁਕਰਬਰਗ ਦੇ ਚੋਣਾਂ ਬਾਰੇ ਦਾਅਵੇ ਲਈ ਮੈਟਾ ਨੂੰ ਤਲਬ ਕਰੇਗੀ ਸੰਸਦੀ ਕਮੇਟੀ

ਨਵੀਂ ਦਿੱਲੀ, 14 ਜਨਵਰੀ- ਸੂਚਨਾ ਤਕਨਾਲੋਜੀ ਅਤੇ ਸੰਚਾਰ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੂਬੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕਮੇਟੀ ਮੈਟਾ (Meta) ਮੁਖੀ ਮਾਰਕ ਜ਼ੁਕਰਬਰਗ (Mark Zuckerberg) ਦੇ ਉਸ ਝੂਠੇ ਬਿਆਨ ਲਈ ਮੈਟਾ ਨੂੰ ਤਲਬ ਕਰੇਗੀ ਕਿ ਜਿਸ ਵਿਚ ਜ਼ੁਕਰਬਰਗ ਨੇ ਕਿਹਾ ਹੈ ਕਿ ਮੌਜੂਦਾ ਭਾਰਤ ਸਰਕਾਰ ਕੋਵਿਡ ਦੇ ਟਾਕਰੇ ਲਈ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਕਾਰਨ ਆਮ ਚੋਣਾਂ ਹਾਰ ਗਈ। ਦੂਬੇ ਨੇ ਕਿਹਾ, “ਮੇਰੀ ਕਮੇਟੀ ਇਸ ਗਲਤ ਜਾਣਕਾਰੀ ਲਈ ਮੈਟਾ ਨੂੰ ਜਵਾਬ ਦੇਣ ਲਈ ਬੁਲਾਵੇਗੀ। ਕਿਸੇ ਵੀ ਲੋਕਤੰਤਰੀ ਮੁਲਕ ਵਿੱਚ ਗ਼ਲਤ ਜਾਣਕਾਰੀ ਉਸ ਦੀ ਦਿੱਖ ਨੂੰ ਖ਼ਰਾਬ ਕਰਦੀ ਹੈ। ਉਸ ਅਦਾਰੇ ਨੂੰ ਇਸ ਗ਼ਲਤੀ ਲਈ ਭਾਰਤੀ ਸੰਸਦ ਅਤੇ ਇੱਥੋਂ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਵੇਗੀ।” ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਇਕ ਪੋਸਟ ਵਿਚ ਕਹੀ ਹੈ, ਜਿਸ ਵਿਚ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਟੈਗ ਕੀਤਾ ਹੈ। ਵੈਸ਼ਨਵ ਨੇ ਸੋਮਵਾਰ ਨੂੰ ਜ਼ੁਕਰਬਰਗ ਦੀ ਟਿੱਪਣੀ ਨੂੰ ਖ਼ਾਰਜ ਕਰ ਦਿੱਤਾ ਸੀ ਕਿ ਭਾਰਤ ਵਿੱਚ ਮੌਜੂਦਾ ਸਰਕਾਰ ਕਮਜ਼ੋਰ ਕੋਵਿਡ 19 ਪ੍ਰਤੀਕਿਰਿਆ ਤੋਂ ਬਾਅਦ ਆਮ ਚੋਣ ਹਾਰ ਗਈ। ਮੈਟਾ ਮੁਖੀ ਦੀ ਤੱਥ-ਜਾਂਚ ਕਰਦੇ ਹੋਏ ਵੈਸ਼ਨਵ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਤੱਥਾਂ ਤਹਿਤ ਗ਼ਲਤ ਸੀ। X ਵੱਲ ਇਸ਼ਾਰਾ ਕਰਦੇ ਹੋਏ ਮੰਤਰੀ ਨੇ ਕਿਹਾ, “ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ ਭਾਰਤ ਨੇ 64 ਕਰੋੜ ਤੋਂ ਵੱਧ ਵੋਟਰਾਂ ਨਾਲ 2024 ਦੀਆਂ ਚੋਣਾਂ ਕਰਵਾਈਆਂ। ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ NDA ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ। ਜ਼ੁਕਰਬਰਗ ਦਾ ਇਹ ਦਾਅਵਾ ਕਿ 2024 ਦੀਆਂ ਚੋਣਾਂ ਵਿੱਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਕੋਵਿਡ ਤੋਂ ਬਾਅਦ ਹਾਰ ਗਈਆਂ, ਤੱਥਾਂ ਅਨੁਸਾਰ ਗਲਤ ਹੈ।”

You must be logged in to post a comment Login