ਲਾਹੌਰ, 1 ਜਨਵਰੀ- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇੱਥੇ ਸਥਿਤ ਇਤਿਹਾਸਕ ਪੁਣਛ ਹਾਊਸ ’ਚ ਬਣੀ ਭਗਤ ਸਿੰਘ ਗੈਲਰੀ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਹੈ। ਇਹ ਉਹੀ ਜਗ੍ਹਾ ਹੈ, ਜਿੱਥੇ ਅੱਜ ਤੋਂ ਲਗਪਗ 93 ਸਾਲ ਪਹਿਲਾਂ ਆਜ਼ਾਦੀ ਸੰਗਰਾਮੀ ਭਗਤ ਸਿੰਘ ਦੇ ਕੇਸ ਦਾ ਮੁਕੱਦਮਾ ਚੱਲਿਆ ਸੀ। ਇਸ ਗੈਲਰੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਅਤੇ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਇਤਿਹਾਸਕ ਦਸਤਾਵੇਜ਼ ਰੱਖੇ ਗਏ ਹਨ, ਜਿਨ੍ਹਾਂ ਵਿੱਚ ਤਸਵੀਰਾਂ, ਚਿੱਠੀਆਂ, ਅਖ਼ਬਾਰ, ਮੁਕੱਦਮੇ ਸਬੰਧੀ ਜਾਣਕਾਰੀ ਤੇ ਹੋਰ ਯਾਦਗਾਰੀ ਲੇਖ ਸ਼ਾਮਲ ਹਨ। ਪੰਜਾਬ ਦੇ ਮੁੱਖ ਸਕੱਤਰ ਜ਼ਾਹਿਦ ਅਖਤਰ ਜ਼ਾਮਨ ਨੇ ਅੱਜ ਇਸ ਗੈਲਰੀ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ,‘ਸੈਲਾਨੀ ਇਸ ਗੈਲਰੀ ਦਾ ਦੌਰਾ ਪੰਜਾਬ ਸਰਕਾਰ ਦੇ ਸਨਅਤ, ਵਣਿਜ ਤੇ ਸੈਰ ਸਪਾਟਾ ਵਿਭਾਗਾਂ ਵਿਚਾਲੇ ਹੋਏ ਸਮਝੌਤੇ ਤਹਿਤ ਕਰ ਸਕਣਗੇ।’ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਮਾਰਤ ਨੂੰ ਇਸਦੇ ਅਸਲ ਸਰੂਪ ’ਚ ਹੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੈਲਰੀ ’ਚ ਭਗਤ ਸਿੰਘ ਵੱਲੋਂ ਆਜ਼ਾਦੀ ਲਈ ਕੀਤਾ ਗਿਆ ਸੰਘਰਸ਼ ਦਿਖਾਇਆ ਗਿਆ ਹੈ। ਪਾਕਿਸਤਾਨ ਦੇ ਪੰਜਾਬ ਪੁਰਾਤਤਵ ਵਿਭਾਗ ਨੇ ਸਾਲ 2018 ਵਿੱਚ ਪਹਿਲੀ ਵਾਰ ਮਹਾਨ ਸੁਤੰਤਰਤਾ ਸੰਗਰਾਮੀ ਸ਼ਹੀਦ ਭਗਤ ਸਿੰਘ ਦੀ ਕੇਸ ਫਾਈਲ ਨਾਲ ਸਬੰਧਤ ਕੁਝ ਰਿਕਾਰਡ ਜਨਤਕ ਕੀਤੇ ਸਨ, ਜਿਨ੍ਹਾਂ ਵਿੱਚ ਉਸ ਨੂੰ ਦਿੱਤੀ ਗਈ ਫ਼ਾਂਸੀ ਸਬੰਧੀ ਸਰਟੀਫਿਕੇਟ, ਚਿੱਠੀਆਂ, ਤਸਵੀਰਾਂ ਤੇ ਅਖ਼ਬਾਰਾਂ ਦੀਆਂ ਕਤਰਾਂ ਤੇ ਕੁਝ ਹੋਰ ਸਮੱਗਰੀ ਸ਼ਾਮਲ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਬਸਤੀਵਾਦੀ ਸਰਕਾਰ ਖ਼ਿਲਾਫ਼ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਲਾਹੌਰ ਵਿੱਚ ਫ਼ਾਂਸੀ ਦੇ ਦਿੱਤੀ ਗਈ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login