ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਚੰਡੀਗੜ੍ਹ, 13 ਦਸੰਬਰ- ਹਾਲ ਵੀ ਵਿੱਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ 2’ ਭਾਵੇਂ ਕਿ ਬਾਕਸ ਆਫਿਸ ’ਤੇ ਧਮਾਲਾਂ ਪਾ ਰਹੀ ਹੈ, ਪਰ ਅਦਾਕਾਰ ਅੱਲੂ ਅਰਜੁਨ ਦੀ ਇਸ ਫਿਲਮ ਦੀ ਕਾਮਯਾਬੀ ਦੇ ਨਾਲ ਇਕ ਵਿਵਾਦ ਵੀ ਜੁੜ ਗਿਆ ਹੈ। ਅੱਜ ਦੁਪਹਿਰ ਵੇਲੇ ਪੁਲੀਸ ਨੇ ਅਦਾਕਾਰ ਅੱਲੂ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਨੂੰ ਚਿੱਕੜਪੱਲੀ ਪੁਲੀਸ ਵੱਲੋ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਅੱਲੂ ਅਰਜੁਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਫ਼ਿਲਮ ‘ਪੁਸ਼ਪਾ 2’ (Pushpa 2) ਦੇ ਪ੍ਰੀਮੀਅਰ ਸ਼ੋਅ ਮੌਕੇ 4 ਦਸੰਬਰ ਨੂੰ ਇੱਕ ਸਿਨੇਮਾ ਹਾਲ ਵਿੱਚ ਮਚੀ ਭਗਦੜ ਦੌਰਾਨ ਦਮ ਘੁੱਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਪੁੱਤਰ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅੱਲੂ ਅਰਜੁਨ ਇੱਕ ਸਿਨੇਮਾ ਹਾਲ ਦੇ ਬਾਹਰ ਆਉਣ ਕਾਰਨ ਥੀਏਟਰ ਵਿੱਚ ਭੀੜ ਇਕੱਠੀ ਹੋ ਗਈ ਸੀ ਅਤੇ ਉੱਥੇ ਭਗਦੜ ਵਰਗਾ ਮਾਹੌਲ ਬਣ ਗਿਆ ਸੀ। ਇਸ ਦੌਰਾਨ ਪੁਲੀਸ ਦਾ ਕਹਿਣਾ ਸੀ ਕਿ ਥੀਏਟਰ ਪ੍ਰਬੰਧਕਾਂ ਵੱਲੋਂ ਫਿਲਮ ਦੇ ਅਦਾਕਾਰ ਤੇ ਹੋਰ ਮੈਂਬਰਾਂ ਦੀ ਆਮਦ ਸਬੰਧੀ ਕੋਈ ਅਗਾਊਂ ਸੂਚਨਾ ਜਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ। ਔਰਤ ਅਤੇ ਉਸ ਦਾ ਲੜਕਾ ਸਿਨੇਮਾ ਹਾਲ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਭੀੜ ਵਿੱਚ ਫਸ ਗਏ ਅਤੇ ਧੱਕਾ-ਮੁੱਕੀ ਦੌਰਾਨ ਦੋਵੇਂ ਦਮ ਘੁੱਟਣ ਕਾਰਨ ਬੇਹੋਸ਼ ਹੋ ਗਏ ਸਨ ਤੇ ਔਰਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅਦਾਕਾਰ ਅੱਲੂ ਅਰਜੁਨ ਨੇ ਐੱਫਆਈਆਰ ਰੱਦ ਕਰਨ ਲਈ ਕੋਰਟ ਦਾ ਰੁਖ਼ ਵੀ ਕੀਤਾ ਸੀ। ਅੱਜ ਪੁਲੀਸ ਵੱਲੋਂ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਤਿਲੰਗਾਨਾ ਦੀ ਇਕ ਅਦਾਲਤ ਨੇ 14 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

You must be logged in to post a comment Login