ਖੰਨਾ, 28 ਨਵੰਬਰ- ਇਥੇ ਜਰਨੈਲੀ ਸੜਕ ’ਤੇ ਸਥਿਤ ਬਾਜਵਾ ਹਸਪਤਾਲ ਵਿਖੇ ਜਣੇਪੇ ਉਪਰੰਤ ਔਰਤ ਦੀ ਮੌਤ ਹੋ ਗਈ। ਔਰਤ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਸੀ ਪਰ ਉਦੋਂ ਤੱਕ ਉਹ ਦਮ ਤੋੜ ਚੁੱਕੀ ਸੀ। ਇਸ ’ਤੇ ਮ੍ਰਿਤਕਾ ਦੇ ਵਾਰਸਾਂ ਨੇ ਡਾਕਟਰਾਂ ਉਤੇ ਇਲਾਜ ਵਿਚ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਹਸਪਤਾਲ ਵਿਚ ਹੰਗਾਮਾ ਕੀਤਾ ਅਤੇ ਡਾਕਟਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
ਲੋਕਾਂ ਦਾ ਗੁੱਸਾ ਭੜਕਦਾ ਦੇਖ ਪੁਲੀਸ ਅਧਿਕਾਰੀ ਮੌਕੇ ’ਤੇ ਕੇ ਪੁੱਜੇ ਅਤੇ ਮ੍ਰਿਤਕਾ ਸੰਦੀਪ ਕੌਰ ਵਾਸੀ ਲੁਹਾਰ ਮਾਜਰਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ। ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 4 ਸਾਲ ਪਹਿਲਾਂ ਵਿਆਹ ਹੋਇਆ ਸੀ, 25 ਨਵੰਬਰ ਨੂੰ ਉਸ ਦੀ ਪਤਨੀ ਨੂੰ ਖੰਨਾ ਦੇ ਬਾਜਵਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬੁੱਧਵਾਰ ਸ਼ਾਮ ਅਪਰੇਸ਼ਨ ਰਾਹੀਂ ਬੱਚੇ ਦਾ ਜਨਮ ਹੋਇਆ।
ਅਪਰੇਸ਼ਨ ਉਪਰੰਤ ਉਸਦੀ ਪਤਨੀ ਦਾ ਖੂਨ ਵਗਦਾ ਰਿਹਾ ਜਿਸ ਬਾਰੇ ਵਾਰ ਵਾਰ ਹਸਪਤਾਲ ਸਟਾਫ਼ ਨੂੰ ਦੱਸਿਆ ਗਿਆ ਪਰ ਕਥਿਤ ਤੌਰ ’ਤੇ ਕਿਸੇ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਅੰਤ ਵਿਚ ਡਾਕਟਰਾਂ ਨੇ ਉਸਦੀ ਪਤਨੀ ਨੂੰ ਦੂਜੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ, ਜਿਥੇ ਸੰਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਗਤਾਰ ਸਿੰਘ ਅਤੇ ਪਰਿਵਾਰਕ ਮੈਬਰਾਂ ਨੇ ਮੌਤ ਉਪਰੰਤ ਹਸਪਤਾਲ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਅਤੇ ਮੰਗ ਕੀਤੀ ਕਿ ਉਸ ਦੀ ਪਤਨੀ ਦੀ ਮੌਤ ਲਈ ਜ਼ਿੰਮੇਵਾਰ ਡਾਕਟਰਾਂ ਅਤੇ ਹੋਰ ਸਟਾਫ਼ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਪਰਿਵਾਰਕ ਮੈਬਰਾਂ ਨੂੰ ਸ਼ਾਂਤ ਕੀਤਾ ਗਿਆ। ਇਸ ਤੋਂ ਇਲਾਵਾ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਪੀੜਤ ਪਰਿਵਾਰ ਦੇ ਜੀਆਂ ਦੇ ਬਿਆਨ ਵੀ ਦਰਜ ਕੀਤਾ ਗਏ। ਮੌਤ ਦਾ ਕਾਰਨ ਪੋਸਟਮਾਰਟ ਰਿਪੋਰਟ ਵਿਚ ਹੀ ਸਪੱਸ਼ਟ ਹੋਵੇਗਾ।
You must be logged in to post a comment Login