ਅੰਮ੍ਰਿਤਸਰ, 17 ਜਨਵਰੀ- ਭਾਜਪਾ ਦੀ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੇ ਵੱਖ-ਵੱਖ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਬਠਿੰਡਾ, ਜਲੰਧਰ ਤੇ ਲੁਧਿਆਣਾ ਵਿੱਚ ਵੀ ਫਿਲਮ ਖ਼ਿਲਾਫ਼ ਪ੍ਰਦਰਸ਼ਨ ਹੋਏ। ਇੱਥੇ ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ਾਪਿੰਗ ਮਾਲਾਂ ਵਿੱਚ ਬਣੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਇੱਥੇ ਬੱਸ ਅੱਡੇ ਨੇੜੇ ਪੀਵੀਆਰ ਸਿਨੇਮਾਘਰ ਦੇ ਬਾਹਰ ਇਕੱਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਕਾਰੀਆਂ ਨੇ ਫਿਲਮ ਖ਼ਿਲਾਫ਼ ਬੈਨਰ, ਤਖ਼ਤੀਆਂ ਤੇ ਕਾਲੇ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਨੂੰ ਕੱਲ੍ਹ ਪੱਤਰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਦਿਖਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਸੈਂਸਰ ਬੋਰਡ, ਭਾਰਤ ਸਰਕਾਰ ਤੇ ਹੋਰਨਾਂ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਵਿੱਚ ਪੀਵੀਆਰ ਸਿਨੇਮਾ, ਟਿਰੇਲੀਅਮ ਮਾਲ, ਅਲਫਾ ਮਾਲ ਆਦਿ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਪ੍ਰਦਰਸ਼ਨ ’ਤੇ ਪੰਜਾਬ ਵਿੱਚ ਰੋਕ ਲਾਉਣੀ ਚਾਹੀਦੀ ਹੈ। ਇਸ ਦੌਰਾਨ ਪੀਵੀਆਰ ਸਿਨੇਮਾ ਦੇ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਸਿਨੇਮਾਘਰ ਵਿੱਚ ਇਹ ਫਿਲਮ ਨਹੀਂ ਚਲਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਆਖਿਆ ਕਿ ਸਿਨੇਮਾਘਰ ਦੇ ਪ੍ਰਬੰਧਕਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਹ ਫਿਲਮ ਉਨ੍ਹਾਂ ਦੇ ਸਿਨੇਮਾਘਰ ਵਿੱਚ ਨਹੀਂ ਚਲਾਈ ਜਾਵੇਗੀ।
ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੋਰਨਾ ਥਾਵਾਂ ’ਤੇ ਵੀ ਫਿਲਮ ਨਾ ਚਲਾਉਣ ਦੇ ਭਰੋਸੇ ਦਿੱਤੇ ਗਏ ਹਨ। ਇਸ ਦੌਰਾਨ ਸਿਨੇਮਾਘਰ ਦੇ ਬਾਹਰ ਭਾਰੀ ਪੁਲੀਸ ਬਲ ਤਾਇਨਾਤ ਸੀ। ਪੁਲੀਸ ਅਧਿਕਾਰੀ ਨੇ ਆਖਿਆ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਵਾਸਤੇ ਸਿਨੇਮਾਘਰਾਂ ਦੇ ਬਾਹਰ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ।
You must be logged in to post a comment Login