ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

ਕੀਵ, 20 ਨਵੰਬਰ- ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਰੂਸ ਦੇ ਸੰਭਾਵਿਤ ਹਵਾਈ ਹਮਲੇ ਦੀ ‘ਅਹਿਮ’ ਚੇਤਾਵਨੀ ਮਿਲੀ ਹੈ ਅਤੇ ਇਸ ਕਾਰਨ ਇਹਤਿਆਤ ਵਜੋਂ ਸਫ਼ਾਰਤਖ਼ਾਨਾ ਬੰਦ ਕੀਤਾ ਜਾ ਰਿਹਾ ਹੈ। ਦੂਤਾਵਾਸ ਨੇ ਇੱਕ ਬਿਆਨ ਵਿੱਚ ਆਪਣੇ ਮੁਲਾਜ਼ਮਾਂ ਨੂੰ ਵੱਖ-ਵੱਖ ਥਾਈਂ ਸੁਰੱਖਿਅਤ ਪਨਾਹ ਲੈ ਲੈਣ ਲਈ ਵੀ ਕਿਹਾ ਹੈ। ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਹਵਾਈ ਚੇਤਾਵਨੀ ਦੀ ਸਥਿਤੀ ਵਿੱਚ ਤੁਰੰਤ ਸੁਰੱਖਿਅਤ ਥਾਵਾਂ ਉਤੇ ਪੁੱਜਣ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ ਗਿਆ ਹੈ।

ਗ਼ੌਰਤਲਬ ਹੈ ਕਿ ਯੂਕਰੇਨ ਵਿਚ ਰੂਸ ਦੇ ਹਮਲੇ ਆਮ ਗੱਲ ਹਨ, ਪਰ ਇਸ ਸਬੰਧੀ ਅਮਰੀਕੀ ਸਫ਼ਾਰਤਖ਼ਾਨੇ ਨੇ ਪ੍ਰਤੀਕਿਰਿਆ ਦਿੱਤੀ ਹੈ, ਉਹ ਇਸ ਨੂੰ ਗ਼ੈਰਮਾਮੂਲੀ ਬਣਾਉਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਮਾਸਕੋ ਨੇ ਕਿਹਾ ਸੀ ਕਿ ਯੂਕਰੇਨ ਵੱਲੋਂ ਰੂਸ ਉਤੇ ਕੀਤੇ ਗਏ ਇੱਕ ਹਮਲੇ ਵਿੱਚ ਅਮਰੀਕਾ ਵਿਚ ਬਣੀਆਂ ਹੋਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਇਜਾਜ਼ਤ ਦਿੱਤੀ ਸੀ। ਇਸ ਇਜਾਜ਼ਤ ਤੋਂ ਬਾਅਦ  ਯੂਕਰੇਨ ਵੱਲੋਂ ਇਨ੍ਹਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਰਾਹੀਂ ਰੂਸ ਦੇ ਬ੍ਰਾਇੰਸਕ ਖੇਤਰ ਵਿੱਚ ਇੱਕ ਅਸਲਾਖ਼ਾਨੇ ਨੂੰ ਨਿਸ਼ਾਨਾ ਬਣਾਇਆ ਗਿਆ।

You must be logged in to post a comment Login